ਪਿਛਲੇ ਕਈ ਦਹਾਕਿਆਂ ਤੋਂ ਕਦੇ ਸੰਨ '47 ਦਾ ਉਜਾੜਾ, ਕਦੇ 1965,1971ਤੇ ਕਾਰਗਿਲ ਦੀਆਂ ਲੜਾਈਆਂ ਅਤੇ ਕਦੇ ਅਤਿਵਾਦ ਦੀ ਕਾਲੀ ਹਨੇਰੀ ਦਾ ਸੰਤਾਪ ਆਪਣੇ ਪਿੰਡੇ 'ਤੇ ਹੰਢਾਉਦੇ ਆ ਰਹੇ ਸਰਹੱਦੀ ਖੇਤਰ ਦੇ ਬਹਾਦਰ ਲੋਕਾਂ ਦੇ ਦਿਲਾਂ ਵਿੱਚ ਦਰਦ ਅਤੇ ਬੁੱਲਾਂ ਤੇ ਚੀਸ ਹੈ। ਭਾਰਤ ਤੇ ਪਾਕਿਸਤਾਨ ਦੇ ਹਾਕਮਰਾਨਾਂ ਵੱਲੋਂ ਕੁਰਸੀ ਬਚਾਉਣ ਲਈ ਲੱਗੀ ਦੌੜ ਦੀ ਉੱਡ ਰਹੀ ਧੂੜ ਇਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਪੈ ਰਹੀ ਹੈ ਅਤੇ ਇਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਦੋਹਾਂ ਮੁਲਕਾਂ ਦੀ ਸਿਆਸਤ ਦੀ ਚੱਕੀ ਵਿੱਚ ਇਹ ਲੋਕ ਪਿਸ ਰਹੇ ਹਨ। ਇੱਕ ਪਾਸੇ ਆਪਣੇ ਪੁੱਤਰਾ ਨੂੰ ਸੁਰੱਖਿਅਤ ਥਾਂ ਤੇ ਭੇਜਣ ਤੇ ਦੂਸਰੇ ਪਾਸੇ ਪੁੱਤਾਂ ਵਾਂਗ ਪਾਲੀ ਸਾਉਣੀ ਦੀ ਫਸਲ ਨੂੰ ਖੇਤਾਂ ਵਿੱਚ ਲਹਿਰਾਉਂਦੀ ਛੱਡਕੇ ਜਾਣ ਦੇ ਦਰਦ ਕਾਰਨ ਕਿਸਾਨਾਂ ਦੀਆਂ ਅੱਖਾਂ ਵਿਚੋਂ ਅੱਥਰੂ ਆਪ ਮੁਹਾਰੇ ਹੀ ਵਹਿ ਰਹੇ ਹਨ।
ਪਿਛਲੀਆਂ ਲੜਾਈਆਂ ਵਲੋਂ ਦਿੱਤੇ ਜ਼ਖਮ ਅਜੇ ਅੱਲ੍ਹੇ ਹੀ ਸਨ ਕਿ ਇਹਨਾਂ ਦੇ ਸਿਰ ਤੇ ਮੁੜ ਜੰਗ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਤੇ ਹੁਕਮਰਾਨਾਂ ਨੇ ਇਹਨਾਂ ਨੂੰ ਪਿੰਡ ਛੱਡਕੇ ਜਾਣ ਦੇ ਫੁਰਮਾਨ ਦੇ ਦਿੱਤੇ। ਜਦ ਵੀ ਭਾਰਤ ਪਾਕਿ ਦੌਰਾਨ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਰਹੱਦੀ ਲੋਕਾਂ ਉਪਰ ਖਤਰੇ ਦੇ ਬੱਦਲਾਂ ਦੇ ਨਾਲ ਚਿੰਤਾਵਾਂ ਦੇ ਪਹਾੜ੍ਹ ਵੀ ਡਿੱਗ ਪੈਂਦੇ ਹਨ। ਕਈ ਵਾਰ ਉਜੜੇ ਤੇ ਕਈ ਵਾਰ ਵੱਸੇ ਇਹਨਾਂ ਬਹਾਦਰ ਲੋਕਾਂ ਦੀ ਅੱਜ ਤੱਕ ਕਿਸੇ ਹੁਕਮਰਾਨ ਨੇ ਸਾਰ ਨਹੀਂ ਲਈ। ਅਜਿਹੇ ਮੌਕਿਆਂ ਤੇ ਚੰਦ ਦਿਨ ਦੁੱਖਾਂ ਦੀ ਭੱਠੀ ਵਿੱਚ ਸੜ ਰਹੇ ਇਹਨਾਂ ਲੋਕਾਂ ਦੀ ਤਰਾਸਦੀ ਤੇ ਹਾਕਮ ਆਪਣੀਆਂ ਸਿਆਸੀ ਰੋਟੀਆਂ ਸੇਕਣ ਆ ਜਾਂਦੇ ਹਨ,ਪਰ ਬਾਅਦ ਵਿੱਚ ਇਹਨਾਂ ਨੂੰ ਰੱਬ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਜਾਂਦਾ ਹੈ। ਕਾਰਗਿਲ ਦੀ ਜੰਗ ਦੌਰਾਨ ਹੋਏ ਉਜਾੜੇ ਦਾ ਦਰਦ ਅਜੇ ਇਹਨਾਂ ਲੋਕਾਂ ਦੇ ਅੰਦਰੋਂ ਗਿਆ ਨਹੀਂ ਸੀ ਕਿ ਹੁਣ ਫਿਰ ਮੁਸੀਬਤਾਂ ਨੇ ਆਣ ਘੇਰਿਆ ਹੈ। ਸ਼ਾਇਦ ਇਹਨਾਂ ਲੋਕਾਂ ਦੀ ਕਿਸਮਤ ਵਿੱਚ ਵੱਸਣਾ ਤੇ ਉਜੜਣਾ ਹੀ ਲਿਖਿਆ ਹੈ। ਸਰਕਾਰੀ ਫੁਰਮਾਨ ਆਉਣ ਤੋਂ ਤੁਰੰਤ ਬਾਅਦ ਹੀ ਸਰਹੱਦੀ ਖੇਤਰ ਦੇ ਲੋਕਾਂ ਨੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ। ਕਈ ਪਿੰਡਾਂ ਦੇ ਲੋਕ ਨਿੱਤ ਦੇ ਉਜਾੜੇ ਦੇ ਡਰੋਂ ਇਸ ਵਾਰ ਪਿੰਡ ਵਿੱਚ ਹੀ ਡਟੇ ਰਹਿਣ ਦਾ ਮਨ ਬਣਾਈ ਬੈਠੇ ਹਨ। ਇਹ ਲੋਕ ਨਿੱਤ ਦਿਨ ਉਜੜ ਉਜੜ ਕੇ ਥੱਕ ਚੁੱਕੇ ਹਨ। ਅੱਜ ਕਿਸਾਨ ਲਈ ਬੜੀ ਔਖੀ ਘੜੀ ਹੈ। ਜਦੋਂ ਕਿਸਾਨ ਘਰ ਦਾ ਕੀਮਤੀ ਸਮਾਨ ਤੇ ਆਪਣੇ ਟੱਬਰ ਨੂੰ ਲੈ ਕੇ ਟਰਾਲੀ ਵਿੱਚ ਤੁਰਨ ਲੱਗਦਾ ਹੈ ਤਾਂ ਪੁੱਤਾਂ ਵਾਂਗ ਪਾਲੀ ਫਸਲ ਤੇ ਜ਼ਮੀਨ ਨੂੰ ਛੱਡਣ ਲੱਗਿਆਂ ਉਸਦਾ ਹੌਕਾ ਨਿਕਲ ਜਾਂਦਾ ਹੈ। ਜਦੋਂ ਮਾਮਲਾ ਸ਼ਾਂਤ ਹੋਣ ਤੇ ਇਹ ਵਾਪਸ ਪਿੰਡ ਪਰਤਦਾ ਹੈ ਤਾਂ ਫਸਲ ਦੀ ਥਾਂ ਖੇਤਾਂ ਵਿੱਚ ਦੱਬੀਆਂ ਮਾਈਨਜ਼ ਤੇ ਉਜੜੇ ਖੇਤ ਵੇਖ ਉਸਤੇ ਕੀ ਬੀਤਦੀ ਹੈ ਉਹ ਜਾਣਦਾ ਜਾਂ ਫਿਰ ਉਸਦਾ ਰੱਬ ਜਾਣਦਾ ਹੈ। ਅੱਜ ਸਾਉਣੀ ਦੀ ਫਸਲ ਦੇ ਘਰ ਆਉਣ ਦੀ ਉਡੀਕ ਵਿੱਚ ਕਿਸਾਨਾਂ ਨੇ ਕਈ ਸੁਪਨੇ ਸੰਜੋਏ ਸਨ, ਪਰ ਜੰਗ ਦੇ ਹਾਲਾਤਾਂ ਨੇ ਇਹਨਾਂ ਨੂੰ ਕੱਚੀ ਨੀਂਦੇ ਉਠਾਕੇ ਸੁਨਹਿਰੀ ਸੁਪਨਿਆਂ ਤੋਂ ਦੂਰ ਕਰ ਦਿੱਤਾ ਹੈ। ਪਿਛਲੀਆਂ ਮਾਰਾਂ ਦੇ ਮਾਰੇ ਇਹਨਾਂ ਸਰਹੱਦੀ ਲੋਕਾਂ ਦੀ ਜ਼ਿੰਦਗੀ ਦੀ ਰੇਲ ਮਸਾਂ ਅਜੇ ਵਿਕਾਸ ਦੀ ਪਟੜੀ ਤੇ ਆਈ ਹੀ ਸੀ ਕਿ ਹਾਲਾਤਾਂ ਨੇ ਮੁੜ ਲੀਹੋਂ ਲਾਹ ਦਿੱਤੀ ਹੈ।
ਅੱਜ ਜਦੋਂ ਲੋਕ ਘਰਾਂ ਚੋਂ ਸਮਾਨ ਚੁੱਕ ਰਹੇ ਹਨ ਤਾਂ ਆਪਣੀ ਕਿਸਮਤ ਦੇ ਨਾਲ ਨਾਲ ਉਹ ਹਾਕਮਾਂ ਨੂੰ ਕੋਸ ਰਹੇ ਹਨ। ਇਹਨਾਂ ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਿਹੜਾ ਕੀਮਤੀ ਸਮਾਨ ਲੈ ਕੇ ਜਾਣ ਤੇ ਕਿਹੜਾ ਛੱਡਕੇ ਜਾਣ। ਗੁਰਦਾਸਪੁਰ ਜਿਲ੍ਹੇ ਦੇ ਭਰਿਆਲ ਸੈਕਟਰ ਦੇ ਪਿੰਡਾਂ ਦੇ ਲੋਕ ਜਦੋਂ ਬੇੜਿਆਂ ਤੇ ਰਾਵੀ ਪਾਰ ਕਰਕੇ ਆ ਰਹੇ ਸਨ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਇੱਕ ਬਜ਼ੁਰਗ ਔਰਤ ਨੇ ਇੱਕ ਬਾਂਹ ਤੇ ਆਪਣਾ ਪੋਤਰਾ ਚੁੱਕਿਆ ਹੋਇਆ ਸੀ ਤੇ ਦੂਸਰੀ ਕੱਛ ਵਿੱਚ ਦੁੱਧ ਵਾਲੀ ਬੋਤਲ ਦਿੱਤੀ ਹੋਈ ਸੀ ਅਤੇ ਉਸਦੀਆਂ ਅੱਖਾਂ ਸਮੇਂ ਦੇ ਹਾਕਮਾ ਨੂੰ ਕਈ ਸਵਾਲ ਕਰ ਰਹੀਆਂ ਸਨ।
ਹਿੰਦ-ਪਾਕਿ ਵੰਡ ਪੰਜਾਬ ਵਿੱਚ ਵਾਪਰਨ ਵਾਲਾ ਪਿਛਲੀ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਸੀ ਜਿਸ ਵਿੱਚ ਦੋਵਾਂ ਪੰਜਾਬਾਂ ਨੇ ਬਹੁਤ ਕੁਝ ਖੋਹਿਆ ਅਤੇ ਉਸਦੀ ਭਰਪਾਈ ਅੱਜ ਤੱਕ ਨਹੀਂ ਹੋ ਸਕੀ। ਲੋਕ ਅਰਸ਼ੋਂ ਫਰਸ਼ 'ਤੇ ਆ ਗਏ। ਜਿਸ ਉਪਜਾਊ ਮਿੱਟੀ ਦੀ ਇਤਿਹਾਸ ਗਵਾਹੀ ਭਰਦਾ ਸੀ, ਉਸ ਵਿੱਚ ਫ਼ਸਲਾਂ ਦੀ ਥਾਂ ਬਾਰੂਦੀ ਸੁਰੰਗਾਂ ਬੀਜਣੀਆਂ ਪੈ ਗਈਆਂ। ਜਿੱਥੋਂ ਦੇ ਕਿਸਾਨ ਸਿਆੜਾਂ ਵਿੱਚ ਸੁਪਨੇ ਬੀਜਦੇ ਗਾਉਂਦੇ ਨਹੀਂ ਸਨ ਥੱਕਦੇ, ਉੱਥੇ ਲੋਕ ਪੈਲੀਆਂ ਵਿੱਚ ਪੈਰ ਧਰਦਿਆਂ ਬਾਰੂਦੀ ਸੁਰੰਗਾਂ ਦੇ ਫਟਣ ਨਾਲ ਅਪਾਹਜ ਹੋਣ ਲੱਗੇ। ਸੰਨ 1965 ਦੀ ਭਾਰਤ-ਪਾਕਿ ਜੰਗ ਨੇ ਨਾ ਸਿਰਫ਼ ਦੂਜੀ ਵਾਰ ਸਰਹੱਦੀ ਲੋਕਾਂ ਦਾ ਰੱਜ ਕੇ ਉਜਾੜਾ ਕੀਤਾ ਸਗੋਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮਨਾਂ ਵਿੱਚ ਸਰਹੱਦੀ ਖੇਤਰ ਦਾ ਸਨਅਤੀ ਵਿਕਾਸ ਨਾ ਕਰਨ ਦਾ ਡਰ ਪੈਦਾ ਕਰ ਦਿੱਤਾ, ਜੋ ਸੰਨ 1971 ਦੀ ਲੜਾਈ ਵਿੱਚ ਸੱਚ ਹੋ ਨਿਬੜਿਆ। ਸੰਨ 1984 ਦੇ ਕਾਲੇ ਦੌਰ ਵਿੱਚ ਵੀ ਸਾਜ਼ਿਸ਼ ਭਾਵੇਂ ਕਿਸੇ ਦੀ ਵੀ ਹੋਵੇ, ਘਾਣ ਸਰਹੱਦੀ ਜ਼ਿਲ੍ਹਿਆਂ ਦੀ ਨੌਜਵਾਨ ਪੀੜ੍ਹੀ ਦਾ ਹੀ ਹੋਇਆ। ਨਿੱਤ ਦੇ ਉਜਾੜਿਆਂ ਨੇ ਸਰਹੱਦੀ ਖੇਤਰ ਦੇ ਲੋਕਾਂ ਦੇ ਆਰਥਿਕ, ਸਮਾਜਿਕ ਅਤੇ ਬੌਧਿਕ ਵਿਕਾਸ ਨੂੰ ਸਦਾ ਖੋਰਾ ਲਾਇਆ ਹੈ। ਸਾਲ 1990 ਵਿੱਚ ਇੱਕ ਵਾਰ ਫਿਰ ਸਰਹੱਦ 'ਤੇ ਕੰਡਿਆਲੀ ਤਾਰ ਲੱਗਣ ਨਾਲ ਸਰਹੱਦੀ ਖੇਤਰ ਦੇ ਕਿਸਾਨਾਂ ਨਾਲ ਅੰਤਾਂ ਦਾ ਧੱਕਾ ਹੋਇਆ। ਇਨ੍ਹਾਂ ਲੋਕਾਂ ਦੀ ਅੱਧੀ ਜ਼ਮੀਨ ਆਪਣੇ ਮੁਲਕ ਵਿੱਚ ਰਹਿ ਗਈ ਅਤੇ ਅੱਧੀ ਪਾਕਿਸਤਾਨ ਵਾਲੇ ਪਾਸੇ ਚਲੀ ਗਈ। ਪਹਿਲਾਂ ਲੋਕ ਅੰਗ ਵਿਹੂਣੇ ਹੁੰਦੇ ਸਨ ਪਰ ਫਿਰ ਜ਼ਮੀਨ ਵਿਹੂਣੇ ਵੀ ਹੋ ਗਏ। ਜਿਵੇਂ ਉਨ੍ਹਾਂ ਦੀ ਮਾਂ ਵਰਗੀ ਜਨਮ ਭੂਮੀ ਦਾ ਪਾਸਾ ਮਾਰਿਆ ਗਿਆ ਹੋਵੇ।
ਅੱਜ ਜਿਥੇ ਇਹਨਾਂ ਲੋਕਾਂ ਦੀਆਂ ਅੱਖਾਂ ਵਿਚੋਂ ਘਰੋਂ ਬੇਘਰ ਹੋਣ ਕਾਰਨ ਅੱਥਰੂ ਵਹਿ ਰਹੇ ਹਨ, ਉਥੇ ਭਾਰਤ ਦੇ ਦੂਸਰਿਆਂ ਹਿੱਸਿਆਂ ਵਿੱਚ ਕੁ ਲੋਕ ਪਟਾਕੇ ਚਲਾਕੇ ਜਸ਼ਨ ਮਨਾ ਰਹੇ ਹਨ। ਉਹਨਾਂ ਨੂੰ ਕੀ ਪਤਾ ਸਰਹੱਦਾਂ ਤੇ ਰਹਿਣ ਦੇ ਦੁੱਖ ਕੀ ਹੁੰਦੇ ਹਨ। ਦੇਸ਼ ਤੇ ਜਦ ਵੀ ਭੀੜ ਬਣੀ ਤਾਂ ਸਭ ਤੋਂ ਵੱਧ ਇਹਨਾਂ ਸਰਹੱਦੀ ਲੋਕਾਂ ਨੇ ਹੀ ਦੇਸ਼ ਦਾ ਸਾਥ ਦਿੱਤਾ। ਇਹ ਲੋਕ ਭਾਰਤੀ ਫੌਜ ਦੀ ਹਰ ਮਦਦ ਲਈ ਤਤਪਰ ਰਹਿੰਦੇ ਰਹੇ ਹਨ।
ਅੱਜ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਮੇਂ ਸਮੇਂ ਦੇ ਹਾਕਮਾਂ ਨੇ ਇਹਨਾਂ ਨੂੰ ਨਿੱਜ ਸਵਾਰਥਾਂ ਲਈ ਸਿਰਫ ਵਰਤਿਆ ਹੀ ਹੈ। ਕਦੇ ਇਹਨਾਂ ਲÂਂੀ ਹਾਅ ਦਾ ਨਾਅਰਾ ਨਹੀਂ ਮਾਰਿਆ। ਕਾਰਗਿਲ ਦੀ ਲੜਾਈ ਦੇ ਸਮੇਂ ਸਰਹੱਦੀ ਖੇਤਰ ਦੇ ਕਈ ਲੋਕਾਂ ਨੇ ਖੇਤਾਂ ਵਿੱਚ ਮਾਈਨਾਂ ਲੱਗੀਆਂ ਹੋਣ ਕਾਰਨ ਆਪਣੇ ਅੰਗ ਖੋਹੇ ਹਨ।
ਜਦੋਂ ਤਕ ਅਸੀਂ ਸਵਾਰਥੀ ਰਾਜਨੀਤਕ ਨੇਤਾਵਾਂ, ਅਫ਼ਸਰਸ਼ਾਹੀ ਦੇ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਵਾਲੇ ਦਬਦਬੇ ਹੇਠ ਰਗੜੇ ਖਾਂਦੇ ਰਹਾਂਗੇ, ਉਦੋਂ ਤਕ ਕੇਵਲ ਸਰਹੱਦੀ ਪਿੰਡਾਂ ਵਿੱਚ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦਾ ਵਿਕਾਸ ਵੀ ਸੰਭਵ ਨਹੀਂ ਹੋ ਸਕੇਗਾ। ਕੌਮੀ ਨੀਤੀਆਂ ਅਤੇ ਕਾਨੂੰਨ ਨੂੰ ਬਗੈਰ ਪੱਖਪਾਤ, ਨੇਕ ਇਰਾਦੇ ਅਤੇ ਸਖ਼ਤਾਈ ਨਾਲ ਲਾਗੂ ਕਰ ਕੇ ਹੀ ਸੰਪੂਰਨ ਰੂਪ ਵਿੱਚ ਸਰਹੱਦੀ ਇਲਾਕਿਆਂ ਦਾ ਵਿਕਾਸ ਸੰਭਵ ਹੋ ਸਕਦਾ ਹੈ।
ਸਿਆਸੀ ਲਾਰਿਆਂ ਦੇ ਮਾਰੇ ਸਰਹੱਦੀ ਲੋਕਾਂ ਦੀ ਦੁੱਖ ਭਰੀ ਕਹਾਣੀ ਸੁਣਨ ਵਾਲਾ ਕੋਈ ਨਹੀਂ ਹੈ। ਕਿਸੇ ਸਮੇਂ ਸਰਦਾਰ ਕਹਾਉਣ ਵਾਲੇ ਇਹ ਲੋਕ ਅੱਜ ਰੋਜੀ ਰੋਟੀ ਤੋਂ ਵੀ ਮੁਥਾਜ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ। ਅੱਖਾਂ ਵਿੱਚ ਅੱਥਰੂ ਤੇ ਮੁੜ ਸਰਦਾਰੀਆਂ ਦਾ ਤਾਜ਼ ਸਿਰ ਤੇ ਸਜਾਉਣ ਦਾ ਖੁਆਬ ਸਮੋਈ ਬੈਠੇ ਇਹ ਸਰਕਾਰਾਂ ਨੂੰ ਕੋਸ ਰਹੇ ਹਨ। ਕਈ ਲੋਕ ਸ਼ਰਨਾਰਥੀ ਕੈਂਪਾਂ ਵਿੱਚ ਆ ਗਏ ਹਨ।
ਤੋਪਾਂ ਦੀ ਦਹਾੜ ਤੇ ਗੋਲੀਆਂ ਦੀ ਬੁਛਾੜ ਹੇਠ ਵੱਸਦੇ ਆ ਰਹੇ ਇਹਨਾਂ ਬਹਾਦਰ ਲੋਕਾਂ ਦੇ ਆਰਥਿਕ,ਸਮਾਜਕ ਅਤੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਸਮੇਂ ਦੀਆਂ ਸਰਕਾਰਾਂ ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਸਰਹੱਦੀ ਖੇਤਰ ਦੇ ਲੋਕਾ ਨੂੰ ਕੋਈ ਸਪੈਸ਼ਲ ਪੈਕੇਜ਼ ਨਹੀਂ ਦਿੱਤਾ ਗਿਆ। ਅੱਜ ਦੋਹਾਂ ਮੁਲਕਾਂ ਵਿਚਕਾਰ ਪੈਦਾ ਹੋਏ ਤਣਾਅ ਦਾ ਖਮਿਆਜ਼ਾ ਸਭ ਤੋਂ ਵੱਧ ਪੰਜਾਬ ਖਾਸ ਕਰਕੇ ਸਰਹੱਦੀ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
-
ਰਾਜਨ ਮਾਨ,
manncnebnews@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.