ਅੱਜ ਕੱਲ੍ਹ ਅਕਲੋਂ ਅੰਨ੍ਹੇ ਜਨੂੰਨੀ ਹਰ ਰੋਜ਼ ਰੇਡੀਓ, ਟੀ ਵੀ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਤੇ ਅੱਗ ਉੱਗਲ ਰਹੇ ਹਨ ਕਿ ਭਾਰਤੀ ਸੈਨਾ ਟੁੱਟ ਕੇ ਪੈ ਜਾਵੇ। ਪਾਕਿਸਤਾਨ ਨੂੰ ਮਿੱਧ ਕੇ ਮਲੀਆਮੇਟ ਕਰਕੇ ਮੁੜ ਆਵੇ।
ਪਿਛਲੇ 70 ਸਾਲ ਇਸੇ ਕਲੇਸ਼ ਚ ਨਿਕਲੇ ਹਨ। ਬਲ਼ਦੀਆਂ ਸਰਹੱਦਾਂ ਠੰਢੀਆਂ ਕਰਨ ਦੀ ਥਾਂ ਹੋਰ ਬਾਲਣ ਪਾ ਰਹੇ ਹਨ।
ਇਨਸਾਨ ਦੀ ਲੋੜ ਅਮਨ ਹੈਤੇ ਰਾਜ ਕਰਨ ਵਾਲਿਆਂ ਦੀ ਜੰਗ। ਹਰ ਵਾਰ ਹਰ ਪਾਰਟੀ ਨੂੰ ਠੋਕਵਾਂ ਬਹੁਮੱਤ ਉਦੋਂ ਹੀ ਮਿਲਿਆ ਹੈ ਜਦ ਕਿਸੇ ਵੀ ਤਰ੍ਹਾਂ ਦਾ ਜਨੂੰਨ ਸਿਖ਼ਰ ਤੇ ਹੋਵੇ।
ਮੇਰੇ ਪਿੰਡ ਸਣੇ ਸਰਹੱਦੀ ਲੋਕਾਂ ਨੇ 1965 ਤੇ 1971 ਦੀ ਜੰਗ ਵੇਲੇ ਜੋ ਤਬਾਹੀ ਵੇਖੀ ਹੈ, ਭਾਵੁਕ ਤੌਰ ਤੇ ਅਨਿਸ਼ਚਤਤਾ ਦਾ ਸੰਤਾਪ ਂ੍ਭੋਗਿਆ ਹੈ ਉਹ ਸੋਚ ਕੇ ਹੁਂਣ ਵੀ ਰੀੜ੍ਹ ਦੀ ਹੱਡੀ ਕੰਬ ਜਾਂਦੀ ਹੈ।
ਸੱਚ ਪੁੱਛੋ ਤਾਂ ਜੰਗ ਦੀ ਇਸ ਫ਼ਸਲ ਚ ਹੀ
ਅਤਿਵਾਦ ਤੇ ਨਸ਼ੀਲਾ ਯੁੱਧ ਨਦੀਨ ਵਾਂਗ ਉੱਗਿਆ ਹੈ।
ਕਿਸੇ ਵੇਲੇ ਇੱਕ ਗੀਤ ਸੁਣਿਆ ਸੀ।
ਕਰਤਾਰ ਰਮਲੇ ਨੂੰ ਮੁਟਿਆਰ ਕਹਿੰਦੀ ਹੈ।
ਤੇਰਾ ਕੀ ਵੇ ਜਾਊਗਾ ਬੇਗਾਨੇ ਪੁੱਤ ਦਾ।
ਵਾਲ ਵਾਲ ਹੋ ਜੂਗਾ ਵੇ ਮੇਰੀ ਗੁੱਤ ਦਾ।
ਮੈਂ ਬਚਪਨ ਚ ਵਿਹ ਗੱੁਤਾਂ ਵਾਲ਼ ਵਾਲ਼ ਹੁੰਦੀਆਂ ਵੇਖੀਆਂ ਹਨ। ਹੁਣ ਵੀ
ਸੋਚ ਕੇ ਡਰ ਆਉਂਦਾ ਹੈ।
ਰਾਤੀਂ ਮੈਂ ਤੇ ਪਿਰਥੀਪਾਲ ਇਸ ਮਸਲੇ ਤੇ ਵਿਚਾਰ ਕਰ ਰਹੇ ਸਾਂ। ਬੀਰਦੇਵਿੰਦਰ ਸਿੰਘ ਦੇ 26ਸਤੰਬਰ ਦੇ ਪੰਜਾਬੀ ਟ੍ਰਿਬਿਊਨ ਚ ਛਪੇ ਲੇਖ ਦੇ ਹਵਾਲੇ ਨਾਲ।
ਪਾਕਿਸਤਾਨ ਨਾਲ ਪਾਣੀਆਂ ਦੇ ਸਮਝੌਤੇ ਬਾਰੇ ਮਹਿੰਗਾ ਪੈਣ ਵਾਲੇ ਬਖੇੜੇ ਤੋਂ ਹੋਣ ਵਾਲੇ ਚੰਦਰੇ ਪ੍ਰਭਾਵ ਬਾਰੇ।
ਕਸ਼ਮੀਰ ਬਲ਼ ਰਿਹਾ ਹੈ। ਸਰਕਾਰ ਹੱਥਲ ਹੈ। ਇੱਟਾਂ ਵੱਟੇ ਚੱਲਣ ਦੇ ਓਹਲੇ ਚ ਕਿੰਨੇ ਪੁੱਤਰ ਗਵਾ ਲਏ।
ਉੁਹ ਆਏ ਤੇ ਨੁਕਸਾਨ ਕਰ ਗਏ। ਪਾਕਿਸਤਾਨ ਚ ਵੀ ਕਬਰਾਂ ਦਾ ਦਾਇਰਾ ਵਧਾ ਰਹੇ ਹਨ ਇਹ ਲੋਕ।
ਇੱਕ ਦਿਨਹਸਨ ਨਿਸਾਰ ਨੂੰ ਸੁਣ ਰਿਹਾ ਸਾਂ। ਕਹਿ ਰਿਹਾ ਸੀ ਸਰਹੱਦਾਂ ਦੀ ਰਾਖੀ ਜ਼ਰੂਰੀ ਹੈ,ਪਰ ਏਨੀ ਵੀ ਨਹੀਂ ਕਿ ਆਪੋ ਆਪਣੇ ਵਤਨ ਦੇ ਬੱਚਿਆਂ ਦੇ ਮੂੰਹੋਂ ਚੋਗ ਖ਼ੋਹ ਲਵੋ, ਸਕੂਲ ਹਸਪਤਾਲ ਉਜਾੜ ਕੇ ਕਹੋ ਕਿ ਪਹਿਲਾਂ ਸਰਹੱਦ ਦੀ ਰਾਖੀ ਜ਼ਰੂਰੀ ਹੈ। ਇਹ ਤਾਂ ਉਹ ਗੱਲ ਹੋਈ ਜਿਵੇਂ ਕੋਈ ਮੂਰਖ਼ ਬੰਦਾ ਦਿਲ ਫੇਫੜਿਆਂ ਤੇ ਗੁਰਦਾ ਰੋਗਾਂ ਦਾ ਤਾਂ ਇਲਾਜ ਨਾ ਕਰਾਵੇ ਪਰ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਕੋਲ ਰੋਜ਼ ਦਵਾਈ ਲੈਣ ਤੁਰ ਪਵੇ।
ਮੇਰੀ ਇੱਕ ਕਵਿਤਾ ਸੀ
ਜਦ ਤੱਕ ਸਾਡੇ ਅਤੇ ਤੁਹਾਡੇ
ਘਰ ਦੇ ਅੰਦਰ ਭੁੱਖ ਤੇ ਨੰਗ ਹੈ।
ਦਿਲ ਤੇ ਹੱਥ ਧਰ ਕੇ ਫਿਰ ਦੱਸਿਓ
ਸਾਡੀ ਤੁਹਾਡੀ ਕਾਹਦੀ ਜੰਗ ਹੈ।
ਜੰਗ ਹੁਣ ਸਰਹੱਦ ਤੇ ਨਹੀਂ ਹੋਣੀ।
ਭੁਲੇਖਾ ਕੱਢ ਲਵੋ, ਦੋਹਾਂ ਦੇਸ਼ਾਂ ਦੇ ਮਾਰੂ ਹਥਿਆਰ ਜਾਗਦੇ ਸੁੱਤਿਆਂ ਨੂੰ ਸੁਸਰੀ ਵਾਂਗ ਸਦੀਵੀ ਮੌਤ ਸਕਦੇ ਹਨ।
ਸਾਹਿਰ ਲੁਧਿਆਣਵੀ ਨੇ ਠੀਕ ਕਿਹਾ ਹੈ,
ਜੰਗ ਤੋ ਖ਼ੁਦ ਏਕ ਮਸਲਾ ਹੈ,
ਜੰਗ ਕਿਆ ਮਸਲੋਂ ਕਾ ਹੱਲ ਦੇਗੀ
ਟੈਂਕ ਆਗੇ ਬੜੇਂ ਯਾ ਪੀਛੇ ਹਟੇਂ,
ਕੋਖ ਧਰਤੀ ਕੀ ਬਾਂਝ ਹੋਤੀ ਹੈ।
ਦੋਸਤੋ ਹੁਣ ਹਨ੍ਹੇਰੇ ਤੇ ਹਨ੍ਹੇਰੀ ਖ਼ਿਲਾਫ਼ ਬੋਲਣ ਦੀ ਲੋੜ ਹੈ। ਜੇ ਸਾਡੇ ਪੰਜਾਬੀ ਪੁੱਤਰ ਸਰਹੱਦ ਦੇ ਦੋਹੀਂ ਪਾਸੀਂ ਇਵੇਂ ਹੀ ਬਾਲਣ ਬਣਾ ਬਣਾ ਕੇ ਇਵੇਂ ਹੀ ਭੱਠੀਆਂ ਚ ਪੈਂਦੇ ਰਹੇ ਤਾਂ ਇਤਿਹਾਸ ਸਾਨੂੰ ਲਾਅਣਤ ਪਾਵੇਗਾ ਕਿ ਜਦੋਂ ਜੰਗਬਾਜ਼ਾਂ ਦਾ ਟੋਲਾ ਤੁਹਾਡੇ ਬੱਚਿਆਂ ਹੱਥੋਂ ਖਿਡੌਣੇ ਖੋਹ ਕੇ ਮਰਨ ਮਾਰਨ ਖੇਡ ਰਿਹਾ ਸੀ, ਤੁਸੀਂ ਉਦੋਂ ਕਿੱਥੇ ਸੀ?
ਹਿੰਦ ਪਾਕ ਸਬੰਧਾਂ ਚ ਪੰਜਾਬੀ ਖ਼ੂਨ ਤੇ ਨਸਲ ਦੀ ਸਲਾਮਤੀ ਲੁਕੀ ਹੈ। ਇਸ ਟੋਲੇ ਨੂੰ ਸਾਡੇ ਨਾਲ ਕੋਈ ਦਰੇਗ ਨਹੀਂ।
ਕੁਰਸੀ ਦੇ ਡੋਲਦੇ ਪਾਵੇ ਮਜ਼ਬੂਤ ਕਰਨ ਤੇ ਗਾਜ਼ੀ ਕਹਾਉਣ ਲਈ ਇਹ ਕੁਝ ਵੀ ਕਰ ਸਕਦੇ ਹਨ। ਯੂ ਐੱਨ ਚ ਕਹੇ ਬੋਲਭਾਵੇਂ ਸ਼ੁਸ਼ਮਾ ਸਵਰਾਜ ਨੇ ਕਹੇ ਨੇ ਪਰ ਹੈਨ ਠੀਕ।
ਹਿੰਦ ਪਾਕ ਕਸ਼ੀਦਗੀ ਨੂੰ ਵਿਸ਼ਵ ਅਮਨ ਨਾਲ ਜੋੜ ਕੇ ਵੇਖੋ।
ਨਿੱਕੇ ਹੁੰਦਿਆਂ ਅਸੀਂ ਇੱਟਾ ਦੀ ਖੜ੍ਹੀ ਕਤਾਰ ਨੂੰ ਪੋਲੀ ਜਹੀ ਠੋਕਰ ਮਾਰਦੇ ਸਾਂ ਸਾਰੀ ਪਾਲ ਡਿੱਗ ਪੈਂਦੀ ਸੀ। ਜੰਗ ਦਾ ਅਸਰ ਵੀ ਫਿਰ ਜਮਰੌਦ ਦੇ ਕਿਲ੍ਹੇ ਤੀਕ ਨਹੀਂ ਰਹਿਣਾ, ਨਾ ਸ਼ੰਭੂ ਬਾਡਰ ਤੀਕ।
ਤਬਾਹੀ ਆਦਮ ਨਸਲ ਦੇ ਖ਼ਾਤਮੇ ਵੱਲ ਤੁਰੇਗੀ। ਨਾਗਾਸਾਕੀ ਤੇ ਹੀਰੋਸ਼ੀਮਾ ਤੇ ਪਏ ਬੰਬਾਂ ਨੇ ਹੁਣ ਤੀਕ ਨਸਲ ਘਾਤ ਕੀਤਾ ਹੈ। ਉਸ ਨਾਲੋਂ 100 ਗੁਣਾ ਭਿਆਨਕ ਪਰਮਾਣੂ ਹਥਿਆਰ ਦੋਹਾਂ ਦੇਸ਼ਾਂ ਦੀ ਜੇਬ ਚ ਹਨ।
ਹਥਿਆਰ ਵੇਚਣ ਵਾਲੇ ਚਾਲਾਂ ਚੱਲ ਰਹੇ ਹਨ।
ਜੰਗ ਮੰਗਦੇ ਲੋਕਾਂ ਚੋਂ ਕਿਸੇ ਇੱਕ ਦਾ ਵੀ ਪੁੱਤਰ ਫ਼ੌਜ ਚ ਨਹੀਂ ਹੋਣਾ। ਹੱਟੀਆਂ ਤੇ ਬੈਠੇ ਹੀ ਕਦੇ ਮਨਮੋਹਨ ਸਿੰੋਘ ਨੂੰ ਕਦੇ ਨਰਿੰਦਰ ਮੋਦੀ ਨੰ ਸਲਾਹਾ. ਦੇ ਕੇ ਕਹਿੰਦੇ ਨੇ:
ਭਾਊ ਚੰਬੜ ਜਾ, ਅਸੀਂ ਤੇਰੇ ਨਾਲ ਹਾਂ।
ਇਹ ਫੋਕੀ ਨਾਅਰੇਬਾਜ਼ੀ ਬੰਦ ਕਰੋ।
ਆਪਣਾ ਸਹੀ ਪਰਬੰਧ ਕਰੋ।
ਸਾਡੀ ਲੋੜ ਹੈ ਅਣਖ਼ ਦੀ ਰੋਟੀ।
ਨਾ ਦਿਓ ਸਾਨੂੰ ਮਾਸ ਦੀ ਬੋਟੀ।
ਹਿੰਦ ਪਾਕ ਦੋਸਤੀ ਜ਼ਿੰਦਾਬਾਦ ਕਰਕੇ ਹੀ ਸਾਡੇ ਘਰਾਂ ਦੇ ਚਿਰਾਗ ਜਗਦੇ ਰਹਿਣਗੇ।
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਲੇਖਕ
Gurbhajansinghgill@gmail.Com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.