ਸ਼ਗਨਾਂ ਵੇਲੇ ਪੰਜਾਬੀ ਟੱਬਰਾਂ ਨੂੰ ਭੈਣਾਂ ਦੇ ਸੁਹਾਗ ਤੇ ਵੀਰਾਂ ਦੀਆਂ ਘੋੜੀਆਂ ਸਮੇਤ ਚਾਵਾਂ ਮੱਤੇ ਲੰਮੀ ਹੇਕ ਵਾਲੇ ਗੀਤ ਨਹੀਂ ਲੱਭਦੇ।
ਖੂਹ ਦੀਆਂ ਟਿੰਡਾਂ ਮੰਡੀ ਗੋਬਿੰਦਗ੍ੜ ਦੀਆਂ ਸਟੀਲ ਮਿੱਲਾਂ ਨੇ ਸਰੀਏ ਚ ਢਾਲ ਲਈਆਂ।
ਚਰਖੇ ਚੁੱਲ੍ਹੇ ਚ ਬਲ਼ ਗਏ। ਨਾਨੀਆਂ ਦਾਦੀਆਂ ਸਿਵੇ ਖਾ ਗਏ। ਰਹਿ ਗਿਆ ਪਿੱਛੇ ਪਛਤਾਵਾ।
ਇਸ ਫ਼ਿਕਰਮੰਦੀ ਦਾ ਅਹਿਸਾਸ ਡਾ:ਮ ਸ ਰੰਧਾਵਾ ਤੋਂ ਲੈ ਕੇ ਪਰਮਜੀਤ ਕੌਰ ਨੂਰ ਤੀਕ ਸਭ ਨੂੰ ਹੈ।
ਇਹ ਗੀਤ ਸੰਭਾਲਣੇ, ਹੇਕਾਂ ਰੀਕਾਰਡ ਕਰਨਾ ਸਾਡੀਆਂ ਸੰਸਥਾਵਾਂ ਨੇ ਕਰਨਾ ਸੀ। ਨਹੀਂ ਹੋ ਸਕਿਆ। ਵਿਰਲੇ ਵਿਰਲੇ ਯਤਨ ਹੁਲਾਰਾ ਦੇ ਜਾਂਦੇ ਨੇ।
ਮੇਰੇ ਬੇਟੇ ਪੁਨੀਤ ਤੇ ਉਸਦੀ ਹਮਸਫ਼ਰ ਰਵਨੀਤ ਨੂੰ ਸ਼ਗਨ ਵਜੋਂ ਫਗਵਾੜਾ ਤੋਂ ਵਿਦਵਾਨ ਦੰਪਤੀ ਡਾ: ਜਾਗੀਰ ਸਿੰਘ ਨੂਰ ਤੇਪ੍ਰੋ: ਪਰਮਜੀਤ ਕੌਰ ਨੂਰ ਨੇ ਇੱਕ ਕਿਤਾਬ ਦਿੱਤੀ ਜਿਸ ਚ ਸੁਹਾਗ ਘੋੜੀਆਂ ਤੇ ਲੰਮੀ ਹੇਕ ਦੇ ਗੀਤਾਂ ਦਾ ਭਰਪੂਰ ਖ਼ਜ਼ਾਨਾ ਸੀ।
ਮੈਂ ਪੜ੍ਹਨ ਉਪਰੰਤ ਔਰਤਾਂ ਲਈ ਵਸਤਰ ਵੇਚਣ ਵਾਲੇ ਸੱਜਣ ਸ ਉੱਤਮ ਸਿੰਘ ਤੇ ਸੋਨੂੰ ਨੀਲੀਬਾਰ ਸਿਲਕ ਸਟੋਰ ਵਾਲਿਆਂ ਨੂੰ ਇਹ ਕਿਤਾਬ ਨਵੇਂ ਵਿਆਹੇ ਜੋੜਿਆਂ ਨੂੰ ਦੇਣ ਲਈ ਪ੍ਰੇਰਿਆ।
ਉਨ੍ਹਾਂ ਡਾ: ਨੂਰ ਦਾ ਸਾਰਾ ਹੀ ਸਟਾਕ ਖ਼ਤਮ ਕਰ ਦਿੱਤਾ।
ਕੈਲਗਰੀ ਵੱਸਦੇ ਮੇਰੇ ਬੇਲੀ ਬਲਵਿੰਦਰ ਕਾਹਲੋਂ ਦੀ ਬੇਟੀ ਦੇ ਵਿਆਹ ਮੌਕੇ ਇਹ ਕਿਤਾਬ ਭੇਜਣੀ ਸੀ। ਮਿਲੇ ਕਿਤੋਂ ਨਾ।
ਅੰਤ ਡਾ: ਨੂਰ ਨੇ ਆਪਣੀ ਅਮਰੀਕਾ ਵੱਸਦੀ ਬੇਟੀ ਤੋਂ ਕੈਨੇਡਾ ਭਿਜਵਾਈ।
ਨਵ ਪ੍ਰਕਾਸ਼ਨ ਸਮੱਸਿਆ ਹੈ ਵਿਸ਼ੇਸ਼ ਕਰਕੇ ਵਿਰਾਸਤੀ ਚੰਗੀ ਕਿਤਾਬ ਦੀ।
ਹੁਣ ਨਵੰਬਰ ਚ ਮੇਰੇ ਸਨੇਹੀ ਜਗਬੀਰ ਸਿੰਘ ਸੋਖੀ ਦੀ ਬੇਟੀ ਦਾ ਵਿਆਹ ਹੈ।
ਬੰਦਾ ਭਾਵੇਂ ਸਿਆਸੀ ਹੈ ਪਰ ਹੈ ਬਾਕੀਕ ਬੁੱਧ।
ਕਹਿਣ ਲੱਗਾ ਧੀ ਦੇ ਵਿਆਹ ਤੇ ਸ਼ਬਦ ਗਿਆਨ ਵੀ ਵਰਤਾਉਣਾ ਹੈ। ਨਵੀਂ ਰੀਤ ਪਾਉਣ ਦੀ ਨੀਤ ਹੈ।
ਕੁਝ ਕਿਤਾਬਾਂ ਵਿਚਾਰੀਆਂ। ਖੂਬਸੂਰਤ ਵਿਰਾਸਤੀ ਕਿਤਾਬਾਂ। ਨਵੀਂ ਕਿਤਾਬ ਸਵਰਨਜੀਤ ਸਵੀ ਤੋਂ ਵਿਉ਼ਂਤ ਕਰਵਾ ਕੇ ਛਾਪਣ ਦਾ ਫੈਸਲਾ ਕੀਤਾ।
ਪ੍ਰੋ: ਪਰਮਜੀਤ ਕੌਰ ਨੂਰ ਦੇ ਸੰਗ੍ਰਹਿ ਚ ਸ਼ਾਮਿਲ ਸੁਹਾਗ,ਘੋੜੀਆਂਤੇ ਲੰਮੀ ਹੇਕ ਦੇ ਗੀਤ
ਸ਼ਗਨਾਂ ਵੇਲਾ
ਨਾਮ ਹੇਠ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ। ਵਧੀਆ ਕਾਗ਼ਜ਼ ਤੇ ਇਹ ਕਿਤਾਬ ਛਪੇਗੀ। 15 ਦਿਨਾਂ ਚ ਕਿਤਾਬ ਤਿਆਰ ਕਰਕੇ ਪਰਿਵਾਰ ਨੂੰ ਸੌਂਪਣ ਦੀ ਜਿੰਮੇਵਾਰੀ ਇੰਟਰਨੈਸ਼ਨਲ ਪੰਜਾਬੀ ਲੋਕ ਵਿਰਾਸਤ ਅਕੈਡਮੀ ਨੇ ਲਈ ਹੈ।
ਸ਼ਗਨਾਂ ਵੇਲਾ ਰਾਹੀਂ ਅਸੀਂ ਨਵੇਂ ਸੁਪਨੇ ਨੂੰ ਵੇਖ ਰਹੇ ਹਾਂ।
ਜੇ ਸਮਰੱਥ ਪਰਿਵਾਰ ਇਸ ਮਾਰਗ ਤੇ ਤੁਰ ਪੈਣ ਤਾਂ ਪਗਡੰਡੀ ਆਪੇ ਬਣ ਜਾਵੇਗੀ।
ਜੋ ਕਾਰਜ ਅਸੀਂ ਲਿਖਾਰੀ ਨਹੀਂ ਕਰ ਸਕੇ ਉਹ ਸਿਆਸਤਦਾਨ ਉਦਯੋਗਪਤੀ ਕਰ ਰਿਹਾ ਹੈ।
ਪਰ ਮੇਰਾ ਕੰਮ ਦੁਸ਼ਿਅੰਤ ਕੁਮਾਰ ਨੇ ਸੌਖਾ ਕਰ ਦਿੱਤਾ ਹੈ।
ਉਹਦਾ ਕਥਨ ਹੈ
ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ,
ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ।
ਮੁਬਾਰਕਾਂ ਸਭ ਧਿਰਾਂ ਨੂੰ
ਇਹ ਸੁਪਨਾ ਲੈਣ ਤੇ ਪੂਰਾ ਕਰਨ ਲਈ।
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਲਿਖਾਰੀ
Gurbhajansinghgill@gmail.Com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.