ਖ਼ਬਰ ਹੈ ਕਿ ਸੰਸਾਰ ਪ੍ਰਸਿੱਧ ਛਪਾਰ ਦੇ ਮੇਲੇ ਤੇ ਬੋਲਦਿਆਂ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਲਈ ਕਾਂਗਰਸ ਅਤੇ 'ਆਪ' ਦਾ ਪ੍ਰਛਾਵਾ ਵੀ ਬੁਰਾ ਹੈ। ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਕਿਹਾ ਹੈ ਕਿ ਪੰਜਾਬ 'ਚ ਚੋਣਾਂ ਦਾ ਐਲਾਨਹੋਣ ਤੋਂ ਬਾਅਦ ਅਕਾਲੀਆਂ ਨੂੰ ਭਾਜੜਾਂ ਪੈ ਜਾਣਗੀਆਂ। ਆਮ ਆਦਮੀ ਪਾਰਟੀ ਦੇ ਕੇਂਦਰੀ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਚੋਣਾਂ 'ਚ 'ਆਪ' ਦੀ ਹੋਵੇਗੀ ਹੂੰਝਾ ਫੇਰੂ ਜਿਤ, ਅਤੇ ਪੰਜਾਬੀ ਹੀ ਬਣੇਗਾ ਮੁਖਮੰਤਰੀ। ਕਾਮਰੇਡਾਂ ਦੀ ਸਟੇਜ ਤੋਂ ਅਕਾਲੀ-ਕਾਂਗਰਸੀਆਂ ਨੂੰ ਭੰਡਿਆ ਗਿਆ।ਪਾਰਟੀ ਬੁਲਾਰੇ ਜਗਿੰਦਰ ਦਿਆਲ ਨੇ ਕਿਹਾ ਹੈ ਕਿ ਭਾਜਪਾ ਵਲੋਂ ਅੱਛੇ ਦਿਨਾਂ ਦੇ ਕੀਤੇ ਵਾਅਦੇ ਹੁਣ ਹਵਾ ਵਿੱਚ ਹੀ ਰਹਿ ਗਏ ਹਨ। ਬਸਪਾ ਦੇ ਕਰੀਮਪੁਰੀ ਨੇ ਸੂਬੇ ਦੀ ਬਿਹਤਰੀ ਲਈ ਸੱਤਾ ਪ੍ਰੀਵਰਤਨ ਦਾ ਸੱਦਾ ਦਿਤਾ।
ਛਪਾਰ ਮੇਲੇ 'ਚ ਤਾਂ ਭਾਈ ਇੰਜ ਜਾਪਿਆ ਜਿਵੇਂ ਸਾਰੇ ਨੇਤਾ “ਕਵੀ” ਬਣ ਗਏ ਆ। ਭਾਰੀ ਭੀੜਾਂ ਇੱਕਠੀਆਂ ਕਰਕੇ, ਤਰੰਨਮ 'ਚ ਨੇਤਾਵਾਂ ਅਜਿਹੇ ਜੁਮਲੇ ਲੋਕਾਂ ਸਾਹਮਣੇ ਲਾਏ ਕਿ ਮੋਦੀ ਦੇ ਜੁਮਲੇ “ਅੱਛੇ ਦਿਨ ਆਨੇ ਵਾਲੇ ਹੈਂ ” ਦੇ ਜੁਮਲੇ ਨੂੰ ਵੀ ਪਛਾੜ ਦਿਤਾ। ਵਜ਼ਦ ਵਿੱਚ ਆਏਇਹ ਨੇਤਾ, ਇਹ ਵੀ ਭੁਲ ਗਏ ਕਿ ਅੱਛੇ ਦਿਨਾਂ ਵਾਲਾ ਜੁਮਲਾ ਤਾਂ ਅਮਿਤ- ਮੋਦੀ ਦੀ ਗਲੇ ਦੀ ਹੱਡੀ ਬਣ ਚੁਕਿਆ ਆ ਜਿਹੜਾ ਉਨਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਚੋਰੀ ਕੀਤਾ ਸੀ।ਉਂਜ ਭਾਈ ਨੇਤਾਵਾਂ ਦਾ ਚਿਹਰਾ-ਮੋਹਰਾ ਪੜਕੇ, ਵੇਖਕੇ, ਤਾਂ ਇੰਜ ਜਾਪ ਰਿਹਾ ਸੀਮੇਲੇ 'ਚ ਜਿਵੇਂ ਨੇਤਾ ਜੀ ਲੋਕਾਂ ਦੀਆਂ ਮੁਸ਼ਕਲਾਂ, ਔਖਿਆਈਆਂ ਦਾ ਵਿਖਿਆਨ ਕਰਨ ਨਹੀਂ ਆਏ, ਸਗੋਂ ਜਲੇਬੀਆਂ, ਪਕੌੜੇ ਖਾ ਕੇ ਉਪਰੋਂ ਚਾਹ ਦੀਆਂ ਚੁਸਕੀਆਂ ਲੈਕੇ, ਮੋਟੇ ਮੋਟੇ ਢਿੱਡਾਂ ਉਤੇ ਹੱਥ ਫੇਰਨ ਆਏ ਆ। “ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ” ਵਾਲੀ ਪੰਜਾਬ ਦੀਜਨਤਾ ਦੇ ਜਖਮਾਂ ਉਤੇ ਨਮਕ ਛਿੜਕਣ ਆਏ ਆ। ਉਂਜ ਭਾਈ ਗੱਲਾਂ ਗੱਲਾਂ 'ਚ ਇਹ ਨੇਤਾ ਲੱਖ ਇੱਕ ਦੂਜੇ ਨੂੰ ਬੁਰਾ-ਭਲਾ ਕਹਿਣ, ਗਾਲਾਂ ਕੱਢਣ, ਤਾਹਨੇ-ਮਿਹਣੇ ਦੇਣ, ਪਰ ਹੈ ਇਹ ਆਪਸ ਵਿੱਚ ਯਾਰ ਬੇਲੀ। ਉਂਜ ਵੀ ਇਹ ਮੇਲੇ, ਇਹ ਮੁਸਾਬੇ ਇਹ ਉਤਸਵ, ਭਾਈ ਵੱਡਿਆ ਦੇਆ। ਤੇ ਇਹ ਮੇਲੇ ਤਾਂ ਉਨਾਂ ਮੇਲੀਆਂ ਦੇ ਆ, ਜਾਂ ਫਿਰ ਯਾਰਾਂ ਬੇਲੀਆਂ ਦੇ ਆ, ਜਿਨਾਂ ਦੀਆਂ ਜੇਬਾਂ ਤੂਸੋ- ਤੂਸ ਆ। ਭੁੱਖੇ ਢਿੱਡ ਤਾਂ ਨਾ ਮੇਲੇ ਦਿਖਦੇ ਆ, ਨਾ ਦਿਖਦੇ ਆ ਯਾਰ ਬੇਲੀ ਭਾਈ!
ਇਹ ਸ਼ੀਸ਼ਾ ਥਾ ਜੋ ਟੂਟ ਗਿਆ।
ਖ਼ਬਰ ਹੈ ਕਿ ਅਰੁਣਾਚਲ ਪ੍ਰਦੇਸ਼ 'ਚ ਪਾਲਾ ਬਦਲਣ ਦੇ ਨਵੇਂ ਸਿਆਸੀ ਥ੍ਰਿਲਰ 'ਚ ਇੱਕ ਵਾਰ ਫਿਰ ਕਾਂਗਰਸ ਦਾ ਸਿਆਸੀ ਆਲ•ਣਾ ਲੁਟਿਆ ਗਿਆ ਹੈ। ਕਾਂਗਰਸੀ ਮੁਖਮੰਤਰੀ ਪੇਮਾ ਖਾਂਡੂ ਦੀ ਅਗਵਾਈ 'ਚ ਪੂਰੀ ਦੀ ਪੂਰੀ ਸਰਕਾਰ ਨੇ ਕਾਂਗਰਸ ਦਾ ਚੋਲਾ ਛੱਡਕੇ ਪੀਪਲਜਪਾਰਟੀ ਆਫ ਅਰੁਣਾਚਲ ਪ੍ਰਦੇਸ਼ ਦੀ ਸਿਆਸੀ ਕਮੀਜ਼ ਪਾ ਲਈ ਹੈ। ਕਾਂਗਰਸ ਦੇ 45 ਵਿਧਾਇਕਾਂ ਚੋਂ 44 ਵਿਧਾਇਕ ਨਵੀਂ ਪਾਰਟੀ ਬਣਾਕੇ ਭਾਜਪਾ ਦੀ ਅਗਵਾਈ ਵਾਲੇ ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ ਮੋਰਚੇ 'ਚ ਸ਼ਾਮਲ ਹੋ ਗਏ ਹਨ। ਇਸ ਘਟਨਾ ਤੋਂ ਘਬਰਾਈ ਕਾਂਗਰਸਨੇ ਇਸ ਘਟਨਾਕਰਮ ਉਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਹ ਅਰੁਣਾਚਲ ਪ੍ਰਦੇਸ਼ ਵਿੱਚ ਦਿਨ-ਦਿਹਾੜੇ ਲੋਕਤੰਤਰ ਦਾ ਚੀਰਹਰਣ ਹੈ, ਅਤੇ ਇਸ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਜੁੰਮੇਵਾਰ ਹਨ।
ਪਤਾ ਨਹੀਂ ਦੁਨੀਆਂ, ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਿਵੇਂ ਗਰਦਾਨਦੀ ਆ? ਜਿਥੇ ਵੋਟਾਂ ਵਿਕਣ ਨੋਟਾਂ ਨਾਲ, ਜਿਥੇ ਵੋਟਾਂ ਵਿਕਣ ਨਸ਼ਿਆਂ ਨਾਲ, ਉਹ ਲੋਕਤੰਤਰ ਕੇਹਾ? ਜਿਥੇ ਨੇਤਾ ਵੇਚਣ ਜ਼ਮੀਰ ਆਪਣੀ, ਉਹ ਦੇਸ਼ ਲੋਕਤੰਤਰ ਕੇਹਾ?ਜਿਥੇ ਨੇਤਾ ਉਤੇ ਹੋਣ ਵੀਹਵੀਹ ਅਪਰਾਧਿਕ ਕੇਸ, ਉਹ ਬਣਿਆ ਬੈਠਾ ਹੋਵੇ ਰਾਜਾ, ਤਾਂ ਉਹ ਦੇਸ਼ ਲੋਕਤੰਤਰ ਕੇਹਾ? “ਆਇਆ ਰਾਮ, ਗਿਆ ਰਾਮ” ਦੀ ਸਿਆਸਤ, ਅੱਖਾਂ ਦੇ ਇਸ਼ਾਰਿਆਂ ਨਾਲ ਜਿਥੇ ਚਲਦੀ ਹੋਵੇ, ਅੱਜ ਉਹ ਲੋਕਤੰਤਰ ਕੇਹਾ?
ਉਂਜ ਭਾਈ ਜੱਗ ਚਲੋ-ਚਲੀ ਦਾ ਮੇਲਾ ਆ। ਅੱਜ ਨੇਤਾ ਇਧਰ ਕੱਲ ਨੇਤਾ ਉਧਰ। ਅੱਜ ਕੁਰਸੀ ਇਧਰ ਕੱਲ ਕੁਰਸੀ ਇਧਰ। ਅੱਜ ਪੈਸਾ ਚੌਧਰ ਇਧਰ ਕੱਲ ਪੈਸਾ ਚੌਧਰ ਉਧਰ। ਰਹੀ ਗੱਲ ਲੋਕਤੰਤਰ ਦੇ ਚੀਰਹਰਨ ਦੀ, ਭਾਈ ਇਹ ਚਿੱਟ ਕੱਪੜੀਏ, ਅੰਦਰੋਂ ਕਾਲੇ ਨੇਤਾ ਲੋਕਪੱਥਰ ਆ, ਜੋ ਗਾਲਾਂ, ਕੁੱਟਾਂ, ਖਾਕੇ ਵੀ ਪੂਰੇ ਟੋਹਰ-ਟੱਪੇ ਨਾਲ ਤੁਰੇ-ਫਿਰਦੇ ਆ। ਵੱਡਿਆਂ ਨੂੰ ਸਲਾਮਾਂ ਕਰਦੇ ਆ ਛੋਟਿਆਂ ਤੋਂ ਸਲਾਮਾਂ ਕਬੂਲਦੇ ਆ। ਲੱਖ ਲਾਹਨਤਾਂ ਸੁਣਕੇ ਵੀ ਪੱਥਰ ਵਾਂਗਰ ਸਾਬਤ ਸਬੂਤ ਆ, ਸ਼ੀਸ਼ੇ ਵਾਂਗਰ ਟੁਟਦੇ ਨਹੀਂ ਮਨੋਂ ਦਿਲੋਂ ਟੁੱਟਦੇ ਤਾਂ ਲੋਕ ਆ, ਜਿਹੜੇਇਨਾਂ ਲੋਕਾਂ ਦੇ ਕਿਰਦਾਰ ਨੂੰ ਸੀਨੇ ਝੱਲਦੇ ਆ।ਤਦੇ ਤਾਂ ਇਹੋ ਜਿਹੇ ਲੋਕਾਂ ਬਾਰੇ ਕਵੀ ਸ਼ਕੀਲ ਲਿਖਦਾ ਆ, “ ਵੋਹ ਪੱਥਰ ਹੈ ਜੋ ਸਾਬਤ ਹੈ, ਇਹ ਸ਼ੀਸ਼ਾ ਹੈ ਜੋ ਟੂਟ ਗਿਆ।”
ਟੁਕੜੇ ਭਲੇ ਫ਼ਕੀਰਾਂ ਦੇ
ਖ਼ਬਰ ਹੈ ਕਿ ਸਮਾਜਵਾਦੀ ਪਾਰਟੀ ਦੇ ਪਰਿਵਾਰ 'ਚ ਚੱਲ ਰਹੇ ਸੱਤਾ ਸੰਗਰਾਮ ਦੇ ਪੰਜਵੇਂ ਦਿਨ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਮਾਂਡ ਸੰਭਾਲ ਲਈ ਹੈ।ਸ਼ਿਵਪਾਲ ਯਾਦਵ ਦੇ ਪੁਰਾਣੇ ਵਿਭਾਗ ਉਨਾ ਨੂੰ ਵਾਪਸ ਕਰਨ, ਗਾਇਤਰੀ ਪ੍ਰਜਾਪਤੀ ਨੂੰ ਮੁੜ ਮੰਤਰੀ ਬਨਾਉਣ ਅਤੇਅਖਿਲੇਸ਼ ਯਾਦਵ ਨੂੰ ਸੂਬਾ ਸੰਸਦੀ ਬੋਰਡ ਦੀ ਕਮਾਂਡ ਸੌਂਪਣ ਦੇ ਫਾਰਮੂਲੇ 'ਤੇ ਸਹਿਮਤੀ ਬਣਾਈ।ਇਸ ਮੌਕੇ ਜਿਥੇ ਸ਼ਿਵਪਾਲ ਯਾਦਵ ਨੇ ਆਪਣੇ ਭਤੀਜੇ ਨੂੰ 2017 ਚੋਣਾਂ ਜਿਤਕੇ ਅਖਿਲੇਸ਼ ਨੂੰ ਮੁਖਮੰਤਰੀ ਬਨਾਉਣ ਦਾ ਵਚਨ ਦਿਤਾ, ਉਥੇ ਯੂ. ਪੀ. ਮੁਖਮੰਤਰੀ ਅਖਿਲੇਸ਼ ਯਾਦਵ ਨੇਕਿਹਾ ਕਿ ਝਗੜਾ ਕੁਰਸੀ ਦੀ ਵਜਾ ਨਾਲ ਹੈ। ਮੇਰੇ ਕੋਲੋਂ ਸਭ ਲੈ ਲਵੋ, ਬਸ ਟਿਕਟ ਮੈਨੂੰ ਵੰਡਣ ਦਿਉ । ਮੰਗਣ ਵਾਲਾ ਚੰਗਾ ਹੋਵੇ, ਤਾਂ ਮੁਖਮੰਤਰੀ ਅਹੁਦਾ ਵੀ ਦੇ ਦਿਆਂਗਾ।
ਸ਼ਿਵਪਾਲ ਆ ਅਖਿਲੇਸ਼ ਦਾ ਚਾਚਾ ਅਤੇ ਮੁਲਾਇਮ ਦਾ ਭਰਾ! ਗੱਲ ਸ਼ਰੀਕੇ ਦੀ ਆ। ਕੁਰਸੀ ਤਾਂ ਭਾਈ ਗੱਲ ਹੀ ਵੱਡੀ ਆ, ਖੇਤ ਦੀ ਵੱਟ ਬਦਲੇ ਸ਼ਰੀਕਾਂ ਦੇ ਕਤਲ ਹੋ ਜਾਂਦੇ ਆ।ਵੇਖੋ ਨਾ ਇਧਰ ਪੰਜਾਬ 'ਚ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਦੀ ਮਜ਼ਬੂਰੀ, ਉਹਦੇ ਭਰਾ ਗੁਰਦਾਸਸਿੰਘ ਬਾਦਲ ਦਾ ਪੁਤਰ ਮਨਪ੍ਰੀਤ ਸਿੰਘ ਬਾਦਲ ਅਜਿਹਾ ਤਾਏ ਤੋਂ ਬਿਟਰਿਆ, ਅਜਿਹਾ ਬਿਟਰਿਆ, ਆਪਣੀ ਪੀਂ;ਪੀਂ;ਪੀਂ; ਵਜਾਉਣ ਲੱਗਾ ਤੇ ਪਾਰਟੀ ਖੜੀ ਕਰਕੇ ਕਾਂਗਰਸ ਦੀ ਪੀਂ,ਪੀਂ,ਵਜਾ ਦਿਤੀ ਤੇ ਤਾਇਆ ਦੂਜੀ ਵੇਰ ਕੁਰਸੀ ਤੇ ਬਿਠਾ ਤਾ ਈਹ ਨੂੰ ਕਹਿੰਦੇ ਆ ਪਿਆਰ!ਐਤਕਾਂ ਆਪ ਕਾਂਗਰਸ ਦੇ ਕੰਧਾੜੀ ਜਾ ਚੜਿਆ।ਜੀਹ ਨੂੰ ਨਫਰਤ ਕਰਦਾ ਉਹ ਨੀ ਸੀ ਥੱਕਦਾ। ਚਾਚਾ ਸ਼ਿਵਪਾਲ ਵੀ ਇਹੋ ਜਿਹੇ ਰਸਤੇ ਤੁਰਿਆ ਲਗਦੈ, ਚੰਗਾ ਜੜੀ ਤੇਲ ਦਊ ਭਤੀਜੇ ਮੁਖਮੰਤਰੀ ਅਖਲੇਸ਼ ਦੇ। ਅਤੇ ਭਤੀਜੇ ਅਖਲੇਸ਼, ਚਾਚੇ ਤੋਂ ਦੋ ਰੱਤੀਆਂ ਵੱਧ ਆ ਤਦੇ ਬਾਪੂਮੁਲਾਇਮ ਤੋਂ “ਟਿਕਟਾਂ ਕੱਟਣ” ਦਾ ਹੱਕ ਮੰਗਦਾ, ਤਾਂ ਕਿ ਚਾਚੇ ਦੇ ਬੰਦਿਆਂ ਦੇ ਪਰ ਕੱਟ ਸਕੇ, ਇਹ ਆਖਣ ਵੀ ਲੱਗ ਪਿਆ ਕਿ ਉਹ ਚੰਗੇ ਬੰਦੇ ਲਈ ਕੁਰਸੀ ਛੱਡਣ ਲਈ ਤਿਆਰ ਆ।ਜਾਪਦੈ ਉਹਨੂੰ “ਮਾਇਆ” ਦੀ ਹਨੇਰੀ ਆਉਂਦੀ ਦੀਹਦੀ ਆ, ਜੀਹਨੇ ਆਉਂਦਿਆਂ ਉਹਨੂੰ ਜੇਲੀਂਤਾੜਨ ਦਾ ਮਨ ਬਣਾਇਆ ਹੋਇਆ। ਤਦੇ ਭਾਈ ਅਖਿਲੇਸ਼ ਨੂੰ ਕਿਸੇ ਕਵੀ ਦੀਆਂ ਸੱਤਰਾਂ ਯਾਦ ਆ ਰਹੀਆਂ, “ਬੰਦੀ ਖਾਨੇ ਦੇ ਹਲਵੇ ਨਾਲੋਂ, ਟੁਕੜੇ ਭਲੇ ਫਕੀਰਾਂ ਦੇ”।
ਜਨਤਾ ਉਤੇ ਮਹਿੰਗਈ ਸਵਾਰ ਹੋ ਗਈ ਆ
ਖਬਰ ਹੈ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖੁਲੇ ਖਾਤਿਆਂ ਵਿੱਚ ਇੱਕ ਇਕ ਰੁਪੱਈਆ ਪਾਉਣ ਦੀ ਘਟਨਾ ਦੇਸ਼ ਦੀਆਂ ਚਾਰ ਬੈਕਾਂ 'ਚ ਹੋਈ ਹੈ, ਇਸ ਬਾਰੇ ਜਾਂਚ ਚੱਲ ਰਹੀ ਹੈ। ਦੇਸ਼ ਵਿੱਚ 24 ਕਰੋੜ ਖਾਤੇ ਬੈਕਾਂ 'ਚ ਖੋਲੇ ਗਏ, ਜਿਨਾਂ ਵਿੱਚ ਬਹੁਤੇ ਖਾਤੇ ਕਮਜ਼ੋਰਵਰਗ ਦੇ ਲੋਕਾਂ ਦੇ ਸਨ। ਅਤੇ ਇਨਾਂ ਵਿੱਚ 42 ਹਜ਼ਾਰ ਕਰੋੜ ਰੁਪਏ ਜਮਾਂ ਕੀਤੇ ਗਏ ਹਨ। ਜਨ-ਧਨ ਯੋਜਨਾ ਤਹਿਤ ਜ਼ੀਰੋ ਬੈਂਲੇਸ ਖਾਤੇ ਵੀ ਇਸ ਸਮੇਂ ਚੱਲ ਰਹੇ ਹਨ। ਇਹ ਜਾਣਕਾਰੀ ਵਿੱਤ ਮੰਤਰੀ ਆਰੁਣ ਜੇਤਲੀ ਨੇ ਦਿੱਤੀ ਹੈ।
ਕੀ ਕਰਨ ਵਿਚਾਰੇ ਬੈਂਕਾਂ ਵਾਲੇ ? ਵੱਡੇ ਸਾਹਿਬ ਦਾ ਹੁਕਮ ਤਾਂ ਵਜਾਉਣਾ ਹੋਇਆ। ਗਰੀਬਾਂ ਦੇ ਖਾਤੇ ਜੇਬੋਂ ਰੁਪੱਇਆ ਪਾ ਕੇ ਖਾਤਾ ਨਾ ਖੋਲਦੇ ਤਾਂ ਉਨਾਂ ਦੇ ਖਾਤੇ 'ਚ ਵਿਦੇਸ਼ਾਂ ਵਾਲੇ ਕਾਲੇ ਧਨ ਦਾ ਉਨਾਂ ਦੇ ਹਿੱਸੇ ਦਾ ਹਜ਼ਾਰਾਂ ਰੁਪੱਈਆ ਕਿਵੇਂ ਪੈਂਦਾ? ਜੀਹਦਾ ਚੋਣ-ਵਾਇਦਾ ਵੱਡੇਸਾਹਿਬ ਨੇ ਕੀਤਾ ਸੀ। ਜਨਤਾ ਪੱਲੇ ਤਾਂ ਰੁਪਇਆ ਵੀ ਹੈ ਨਹੀਂ ਜਿਹੜਾ ਉਹ ਬੈਂਕ 'ਚ ਜਮਾਂ ਕਰਵਾ ਦੇਣ।
ਪਹਿਲਾਂ ਬੰਦਾ ਰੋਟੀ ਦਾਲ ਖਾਂਦਾ ਸੀ, ਥਾਲੀ 'ਚ ਦਾਲ ਗੈਬ ਹੋ ਗਈ। ਬੰਦਾ ਮੁੱਕੀ ਮਾਰਕੇ ਗੰਢਾ ਖਾਂਦਾ ਸੀ ਤੇ ਮਾਊਂ ਮਾਊਂ ਕਰਕੇ ਖਾ ਲੈਂਦਾ ਸੀ, ਗੰਢਾ ਗੈਬ ਕਰ ਦਿੱਤਾ ਗਿਆ। ਬੰਦਾ ਗੁੜ ਦੀ ਭੇਲੀ ਰੋਟੀ 'ਚ ਰੱਖਕੇ ਡੰਗ ਟਪਾ ਲੈਂਦਾ ਸੀ, ਗੁੜ ਗਰੀਬ ਦੀ ਥਾਲੀ ਵਿੱਚੋਂ ਗਧੇ ਦੇਸਿੰਗਾਂ ਵਾਂਗਰ ਗੈਬ ਹੋ ਗਿਆ। ਹੁਣ ਤਾਂ ਭਾਈ ਨਾ ਥਾਲੀ ਆ, ਨਾ ਗੰਢਾ। ਦਾਲ ਤਾਂ ਸੱਤ ਅਸਮਾਨੇ ਰਹਿਣ ਲੱਗ ਪਈ ਆ। ਬੰਦਾ ਤਾਂ ਬੱਸ ਰੁੱਖੀ ਸੁੱਕੀ ਰੋਟੀ ਗੋਲ ਜਿਹੀ ਵਲੇਟਕੇ ਗੁਜ਼ਾਰਾ ਕਰੀ ਜਾਂਦਾ।ਤੇ ਬੈਂਕਾਂ ਵਾਲਾ ਕਾਲੇ ਧੰਨ ਵਾਲਾ ਰੁਪੱਈਆ ਉਡੀਕੀ ਜਾਂਦਾ। ਹੋਰ ਕਰੇ ਵੀ ਕੀਭਾਈ, ਜਨਤਾ ਉਤੇ ਮਹਿੰਗਾਈ ਸਵਾਰ ਹੋ ਗਈ ਆ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੀ 18 ਸਤੰਬਰ 2016 ਤੱਕ ਦੀ ਅਬਾਦੀ 134 ਕਰੋੜ 34 ਲੱਖ 41 ਹਜ਼ਾਰ 845 ਹੋ ਚੁੱਕੀ ਹੈ, ਜਿਸ ਵਿੱਚ 0 ਤੋਂ 25 ਸਾਲ ਦੀ ਉਮਰ ਦੇ 50% ਬੱਚੇ ਤੇ ਨੌਜਵਾਨ ਮੁੰਡੇ ਕੁੜੀਆਂ ਮਰਦ ਔਰਤਾਂ ਹਨ। ਦੇਸ਼ ਵਿੱਚ ਇਸ ਸਮੇਂ ਇੱਕ ਮਿੰਟ ਵਿੱਚ 51 ਬੱਚੇ ਜਨਮ ਲੈਂਦੇ ਹਨ।
ਇੱਕ ਵਿਚਾਰ
ਖੇਤੀ ਦੀ ਖੋਜ ਸਭਿਅਤਾਪੂਰਨ ਜੀਵਨ ਦੇ ਵੱਲ ਮਨੁੱਖਤਾ ਦੀ ਮੁੱਢਲੀ ਵੱਡੀ ਪਹਿਲ ਸੀ ਆਰਥਰ ਕੀਥ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.