'ਫ਼ਰੀਦਾ ਬੁਰੇ ਦਾ ਭਲਾ ਕਰ'ਮਨੁੱਖਤਾ ਲਈ ਹੈ ਭਾਈਚਾਰੇ ਦਾ ਸੰਦੇਸ਼
ਫ਼ਰੀਦ ਦੀ ਬਾਣੀ ਨੂੰ ਸ੍ਰੀ ਗੁਰੁ ਗਰੰਥ ਸਾਹਿਬ 'ਚ ਮਿਲਿਆ ਵਿਸ਼ੇਸ਼ ਸਥਾਨ
ਬਾਬਾ ਫ਼ਰੀਦ ਦੀ ਫ਼ਰੀਦਕੋਟ ਆਮਦ ਨੂੰ ਯਾਦ ਸਮਰਪਤ 'ਆਗਮਨ ਪੁਰਬ'
----------------------------------------
ਬਾਬਾ ਫ਼ਰੀਦ ਦੀ ਬਾਣੀ ਦੁਨੀਆਂ ਨੂੰ ਪਿਆਰ,ਸਦਭਾਵਨਾ,ਮਨੁੱਖੀ ਭਾਈਚਾਰਾ,ਸਹਿਣਸ਼ੀਲਤਾ, ਸਾਦਗੀ ਅਤੇ ਚੰਗਿਆਈ ਦਾ ਸੰਦੇਸ਼ ਦਿੰਦੀ ਹੈ ਅਤੇ ਫਾਨੀ ਦੁਨੀਆਂ ਵਿਚੋਂ ਕੂਚ ਕਰਨ ਦਾ ਸੱਦਾ ਦਿੰਦਿਆ 'ਮੌਤ' ਨੂੰ ਹਮੇਸਾ ਯਾਦ ਰਖਦਿਆਂ ਨੇਕ,ਚੰਗੇ ਕੰਮ ਕਰਨ ਦੀ ਪ੍ਰੇਰਨਾ ਕਰਦੀ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਸ੍ਰੀ ਗੁਰੁ ਗਰੰਥ ਸਾਹਿਬ ਵਿਚ ਅੰਕਿਤ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਬਰਾਬਰਤਾ ਦਾ ਦਰਜ਼ਾ ਪ੍ਰਦਾਨ ਕੀਤਾ ਹੈ। ਬਾਬਾ ਫ਼ਰੀਦ ਜੀ ਦੇ ਸ਼ਲੋਕ,
'ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਹਨ ਨ ਹੰਢਾਇ।
ਦੇਹੀ ਰੋਗੁ ਨ ਲਗਈ ਪਲੈ ਸਭ ਜਿਛੁ ਪਾਇ'।।
ਬਾਬਾ ਫ਼ਰੀਦ ਨੇ ਇਸ ਸ਼ਲੋਕ ਰਾਂਹੀ ਮਨੁੱਖਤਾ ਨੂੰ ਅਜਿਹਾ ਸੰਦੇਸ਼ ਦਿੱਤਾ ਹੈ,ਇਸ ਨੂੰ ਅਮਲ ਵਿਚ ਲਿਆਉਣ ਨਾਲ ਇਨਸਾਨ ਨੂੰ ਜਿੰਦਗੀ ਜਿਓਣ ਦੀ ਜਾਚ ਆ ਜਾਂਦੀ ਹੈ। ਉਹ ਆਪਣੇ ਜੀਵਨ ਨੂੰ ਸੁੱਖੀ ਜੀਵਨ ਬਣਾ ਸਕਦਾ ਹੈ। ਬਾਬਾ ਫ਼ਰੀਦ ਜਿੱਥੇ ਮਾਨਵਤਾ ਨੂੰ ਕ੍ਰੋਧ ਤਿਆਗਣ ਦੀ ਪ੍ਰੇਰਨ ਕਰਦਾ ਹੈ,ਨਾਲ ਹੀ ਉਸ ਪਰਵਰਦਿਗਾਰ ਨੂੰ ਹਮੇਸਾ ਯਾਦ ਵਿਚ ਰੱਖਣ ਦੀ ਤਾਕੀਦ ਕਰਦਿਆਂ,ਆਪਣਾ ਜੀਵਨ ਉਸਦੀ ਰਜ਼ਾ ਵਿਚ ਨਾ ਜਿਓਣ ਵਾਲੇ ਨੂੰ ਆਪਣਾ ਫ਼ਰਜ਼ ਯਾਦ ਕਰਵਾਉਦਿਆਂ ਤਾਹਨਾ ਮਾਰਦੇ ਹਨ,
'ਫ਼ਰੀਦਾ ਬੇਨਿਆਜਾ ਕੁਤਿਆ ਏਹ ਨ ਭਲੀ ਰੀਤਿ।
ਕਬਹੀ ਚਲਿ ਨਾ ਆਇਆ ਪੰਜੇ ਵਖਤ ਮਸੀਤਿ'।।
ਇਥੇ ਹੀ ਬਸ ਨਹੀਂ ਬਾਬਾ ਫ਼ਰੀਦ ਹਜ਼ਰਤ ਮਹੁੰਮਦ ਸਾਹਿਬ ਦੇ ਬਚਨ ਅਤੇ ਕੁਰਾਨ ਦੀਆਂ ਆਇਤਾਂ ਨੂੰ ਨਿਤਾਪ੍ਰਤਿ ਜੀਵਨ ਵਿਚ ਅਮਲ ਵਿਚ ਨਾ ਲਿਆਉਣ ਵਾਲੇ ਬੇਮੁੱਖ ਵਿਅਕਤੀ ਨੂੰ ਜੀਵਨ ਜਿਓਣ ਦਾ ਕੋਈ ਹੱਕ ਨਹੀਂ,
'ਉਠ ਫ਼ਰੀਦਾ ਉਜੂ ਸਾਜਿ ਸੁਬਹ ਨਿਵਾਜ਼ ਗੁਜਾਰਿ।
ਜੋ ਸਿਰੁ ਸਾਂਈ ਨਾ ਨਿਵੇ ਸੋ ਸਿਰ ਕਪਿ ਉਤਾਰਿ'।।
ਬਾਬਾ ਫ਼ਰੀਦ ਇਨਸਾਨ ਨੂੰ ਪ੍ਰੇਰਨਾ ਕਰਦੇ ਹਨ ਕਿ ਜੀਵਨ ਨੂੰ ਰੱਬੀ ਰੰਗ ਵਿਚ ਰੰਗਣ ਲਈ ਮੁਰਸ਼ਦਿ ਕਾਮਿਲ ਦੀ ਲੋੜ ਹੈ ਤੇ ਪ੍ਰੇਰਨਾ ਕਰਦੇ ਹਨ,
'ਤੁਰਿਆ ਤੁਰਿਆ ਜਾ ਫ਼ਰੀਦਾ ਤੁਰਿਆ ਤੁਰਿਆ ਜਾਹ।
ਜੇ ਕੋਈ ਬਖਸ਼ਿਆ ਮਿਲ ਜੇ ਤੂੰ ਵੀ ਬਖਸ਼ਿਆ ਜਾਹ'।।
ਬਾਬਾ ਫ਼ਰੀਦ ਸ਼ੱਕਰਗੰਜ ਖ਼ੋਜ਼ ਕਰਦਿਆਂ ਕਰਦਿਆਂ ਇਧਰ ਸ਼ਹਿਰ ਮੋਕਲਹਰ ਪੁੱਜ ਗਏ। ਸ਼ਹਿਰ ਦੇ ਬਾਹਰਵਾਰ ਉਸ ਅਸਥਾਨ ਤੇ ਠਹਿਰੇ ਜਿਸ ਨੂੰ ਅੱਜ ਗੋਦੜੀ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦਾ ਇਤਿਹਾਸ ਵੀ ਨਿਰਾਲਾ ਹੈ। ਕਹਿੰਦੇ ਹਨ ਕਿ 1215ਈ: ਵਿੱਚ ਬਾਬਾ ਫ਼ਰੀਦ ਜੀ ਪਾਕਪਟਨ ਜਾ ਰਹੇ ਸਨ ਤਾਂ ਇਸ ਮੁਕਾਮ ਉੱਤੇ ਉਹਨਾਂ ਨੇ ਸਾਥੀਆਂ ਸਮੇਤ ਇੱਕ ਛੱਪੜੀ ਦੇ ਕਿਨਾਰੇ ਵਿਸ਼ਰਾਮ ਕੀਤਾ ਅਤੇ ਆਪਣੇ ਮੁਰਸ਼ਦ ਬੁਖਤਿਆਰ ਕਾਕੀ ਜੀ ਦੀ ਬਖਸ਼ੀ ਹੋਈ ਗੋਦੜੀ ਇੱਕ ਦਰੱਖਤ ਉੱਤੇ ਟੰਗ ਕੇ ਖੁਦ ਖਾਣ ਪੀਣ ਦਾ ਸਮਾਨ ਲੈਣ ਵਾਸਤੇ ਸ਼ਹਿਰ ਪਹੁੰਚੇ, ਉਸ ਵੇਲੇ ਰਾਜਾ ਮੋਕਲਹਰ, ਗੜ੍ਹੀ ਵਿੱਚ ਵੱਸਦਾ ਸੀ ਅਤੇ ਕਿਲ੍ਹੇ ਦੀ ਨਵ ਉਸਾਰੀ ਹੋ ਰਹੀ ਸੀ। ਬਾਬਾ ਜੀ ਨੂੰ ਵੀ ਰਾਜੇ ਦੇ ਅਹਿਲਕਾਰਾਂ ਨੇ ਬੇਗਾਰ ਵਿਚ ਫੜ ਕੇ ਲਗਾ ਲਿਆ। ਬਾਬਾ ਜੀ ਦੇ ਕ੍ਰਿਸ਼ਮਈ ਦ੍ਰਿਸ਼ ਨੂੰ ਵੇਖਦਿਆਂ ਰਾਜੇ ਨੂੰ ਸੀਸ ਝੁਕਾ ਕੇ ਪਛਚਾਤਾਪ ਕਰਨਾ ਪਿਆ। ਉੱਥੇ ਬੇਗਾਰ ਵਿੱਚ ਪਕੜੇ ਹੋਏ ਗਰੀਬ ਲੋਕਾਂ ਦੀ ਰਿਹਾਈ ਕਰਵਾਉਣ ਤੋਂ ਬਾਅਦ ਬਾਬਾ ਜੀ ਜਦ ਮੁੜ ਛੱਪੜੀ ਦੇ ਕਿਨਾਰੇ ਪਹੁੰਚੇ ਤਾਂ ਦੇਖਿਆ ਕਿ ਆਜੜੀ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁਦੋ ਬਣਾ ਕੇ ਖੇਡ ਰਹੇ ਹਨ। ਬਾਬਾ ਜੀ ਨੇ ਆਪਣੇ ਮੁਰਸ਼ਦ ਵੱਲੋਂ ਬਖਸ਼ੀ ਗੋਦੜੀ ਤੋਂ ਜ਼ੁਦਾ ਹੋਣ ਦੀ ਆਪਣੀ ਭੁੱਲ ਨੂੰ ਬਖਸ਼ਾਉਣ ਲਈ ਇਸ ਸਥਾਨ ਤੇ 40 ਦਿਨ ਤਪੱਸਿਆ ਕੀਤੀ, ਆਪ ਪਛਚਾਤਾਪ ਕਰਦੇ ਕਰਦੇ ਖ਼ੁਦ ਮੁਰਸ਼ਦ ਬਣ ਗਏ,ਇਥੋਂ ਦੇ ਲੋਕਾਂ ਦੇ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਵਿਚ ਗਹਿਰੀ ਛਾਪ ਛੱਡ ਗਏ। ਇੱਥੇ ਤਪ ਕਰਨ ਕਰਕੇ ਇਸ ਥਾਂ ਦਾ ਨਾਂ ਗੋਦੜੀ ਸਾਹਿਬ ਪੈ ਗਿਆ ਜਿੱਥੇ ਲੋਕ ਆ ਕੇ ਸਿਜ਼ਦਾ ਕਰਦੇ ਹਨ ਅਤੇ ਮੂੰਹੋ ਮੰਗੀਆਂ ਮੁਰਾਦਾਂ ਪਾਉਦੇ ਹਨ।
ਪੰਜਾਬ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਇਤਿਹਾਸਕ ਸ਼ਹਿਰ ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਦਾ ਗੁਰਦੁਆਰਾ ਸਥਿਤ ਹੈ,ਜੋ ਅੱਜ ਸੰਸਾਰ ਪ੍ਰਸਿੱਧ ਹੋ ਚੁੱਕਾ ਹੈ। ਉਹ ਪਵਿੱਤਰ ਵਣ ਦੀ ਲੱਕੜੀ, ਜਿਸ ਨਾਲ ਬਾਬਾ ਸ਼ੇਖ ਫ਼ਰੀਦ ਜੀ ਨੇ ਮੋਕਲਸੀ ਰਾਜੇ ਦੀ ਬੇਗਾਰ ਕਰਦਿਆਂ ਗਾਰੇ ਦੀ ਟੋਕਰੀ ਚੁਕਦੇ ਸਮੇਂ ਲਿਬੜੇ ਹੱਥ ਪੂੰਜੇ ਸਨ, ਇਹ ਗੋਲ ਗੁੰਬਦ ਵਿਚ ਇਸ ਗੁਰਦੁਆਰੇ ਵਿਖੇ ਸੁਸ਼ੋਭਿਤ ਹੈ। ਇਹ ਲੱਕੜੀ ਸੈਂਕੜੇ ਸਾਲ ਵਣ ਦੇ ਦਰੱਖਤ ਦੇ ਰੂਪ ਵਿਚ ਇਸ ਅਸਥਾਨ ਤੇ ਖੜੀ ਰਹੀ।ਲੋਕ ਸਦੀਆਂ ਤੋਂ ਇਸ ਦੀ ਪੂਜਾ ਕਰਦੇ ਰਹੇ ਅਤੇ ਸ਼ਰਧਾਲੂਆਂ ਦੇ ਹੱਥਾਂ ਦੀ ਛੋਹ ਨਾਲ ਇਸ ਦੇ ਹਿੱਸੇ ਗੋਲ ਹੋ ਗਏ। ਅੱਜ ਤੋਂ ਤਕਰੀਬਨ 200 ਸਾਲ ਪਹਿਲਾਂ ਕਿਸੇ ਸ਼ਰਧਾਲੂ ਨੇ ਇੱਕ ਛੋਟਾ ਜਿਹਾ ਗੁੰਬਦ ਬਣਾ ਕੇ ਉਸ ਵਣ ਦੀ ਲੱਕੜ ਨੂੰ ਸਤਿਕਾਰ ਵਾਲੀ ਥਾਂ ਤੇ ਟਿਕਾ ਦਿਤਾ ਅਤੇ ਜਿੱਥੋਂ ਉਹ ਵਣ ਪੁੱਟਿਆ ਗਿਆ,ਉੱਥੇ ਜੋਤ ਜਗਾ ਦਿੱਤੀ। ਪਿਛਲੇ ਤਕਰੀਬਨ 200 ਸਾਲ ਤੋਂ ਹੀ ਉਹ ਜੋਤ ਲਗਾਤਾਰ ਜਲ ਰਹੀ ਹੈ ਜੋ ਬਾਬਾ ਜੀ ਦੇ ਮਨੁੱਖਤਾ ਨੂੰ ਦਿੱਤੇ ਹੋਏ ਗਿਆਨ ਦੀ ਰੋਸਨੀ ਦੀ ਪ੍ਰਤੀਕ ਹੈ। ਇਸ ਇਲਾਕੇ ਦੇ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਦੇ ਲੋਕਾਂ ਦੀ ਬਾਬਾ ਫ਼ਰੀਦ ਜੀ ਵਿੱਚ ਅਥਾਹ ਆਸਥਾ ਹੈ, ਇਸ ਗਲ ਦਾ ਪਤਾ ਇਸ ਤੱਥ ਤੋਂ ਲਗਦਾ ਹੈ ਕਿ ਹਰ ਵੀਰਵਾਰ ਇਸ ਅਸਥਾਨ ਤੇ ਵੱਡੀ ਗਿਣਤੀ ਵਿੱਚ ਲੋਕ ਆਉਦੇ ਹਨ।ਬਾਬਾ ਫ਼ਰੀਦ ਜੀ ਦੀ ਆਮਦ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ਮੋਕਲਹਰ ਸੀ,ਉਨ੍ਹਾਂ ਦੀ ਇਸ ਫੇਰੀ ਉਪਰੰਤ ਇਸ ਸ਼ਹਿਰ ਦਾ ਨਾਂ ਫ਼ਰੀਦਕੋਟ ਪਿਆ।
ਬਾਬਾ ਫ਼ਰੀਦ ਜੀ ਆਮਦ ਦੇ ਸਬੰਧ ਵਿਚ 1986 ਵਿਚ ਪਹਿਲੀਵਾਰ ਉਤਰੀ ਖੇਤਰ ਸੱਭਿਆਚਾਰ ਕੇਂਦਰ,ਪਟਿਆਲਾ ਵਲੋਂ ਪ੍ਰਸ਼ਾਸਨ, ਸਮਾਜਿਕ, ਧਾਰਮਿਕ, ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ 21 ਤੋਂ 23 ਸਤੰਬਰ ਤਕ ਤਿੰਨ ਰੋਜ਼ਾ ਫ਼ਰੀਦ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ ਤੋਂ ਇਲਾਵਾ ਰਾਜਸਥਾਨ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੱਖ ਵੱਖ ਸੱਭਿਆਚਾਰਕ ਟੋਲੀਆਂ ਨੇ ਆਪਣੇ ਆਪਣੇ ਸੂਬੇ ਦੇ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ। ਸਾਲ 1987 ਤੋਂ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ,ਰੈਡ ਕਰਾਸ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਵਿਰਾਸਤੀ ਮੇਲਾ ਮਨਾਉਣਾ ਸੁਰੁ ਕਰ ਦਿੱਤਾ।ਜਦੋਂ ਤੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮਨਾਉਣਾ ਸੁਰੂ ਕੀਤਾ ਗਿਆ ਹੈ,ਇਸ ਸ਼ਹਿਰ ਦਾ ਨਾਂ ਸੰਸਾਰ ਭਰ ਵਿੱਚ ਪ੍ਰਸਿੱਧ ਹੋ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜ ਰੋਜ਼ਾ ਆਗਮਨ ਪੁਰਬ ਨੂੰ ਸ਼ਰਧਾ ਪੂਰਵਿਕ ਮਨਾਉਣ ਲਈ ਅਤੇ ਬਾਬਾ ਫ਼ਰੀਦ ਦੀਆਂ ਸਿੱਖਿਆਵਾਂ ਲੋਕਾਂ ਤਕ ਪਹੁੰਚਾਉਣ ਲਈ ਫ਼ਰੀਦਕੋਟ ਨੂੰ ਸੂਫੀਆਨਾ ਰੰਗਾਂ ਵਿਚ ਰੰਗਿਆ ਗਿਆ ਇਸ ਵਿਰਾਸਤੀ ਦਿੱਖ ਵਾਲੇ ਧਾਰਮਿਕ ਮੇਲੇ ਪ੍ਰਤੀ ਲੋਕਾਂ ਦਾ ਭਾਰੀ ਉਤਸਾਹ ਵੇਖਦਿਆਂ ਕੇਂਦਰ ਸਰਕਾਰ ਵਲੋਂ ਇਸ ਨੂੰ ਕੌਮੀ ਮੇਲਿਆ ਦੀ ਸੂਚੀ ਵਿਚ ਸਾਮਲ ਕੀਤੇ ਜਾਣ ਨਾਲ ਇਸ ਪ੍ਰਤੀ ਦੇਸ਼ ਵਿਦੇਸ਼ ਦੇ ਲੱਖਾਂ ਲੋਕਾਂ ਦੀ ਸ਼ਰਧਾ ਵਿਚ ਹੋਰ ਵਾਧਾ ਹੋਇਆ ਹੈ । ਰਾਸ਼ਟਰੀ/ ਅੰਤਰ ਰਾਸ਼ਟਰੀ ਪੱਧਰ ਤੇ ਲੋਕਾਂ ਅਤੇ ਸੰਸਥਾਵਾਂ ਵਲੋਂ ਇਸ ਧਾਰਮਿਕ ਵਿਰਾਸਤ ਵਾਲੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਮਨਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ।
ਆਗਮਨ ਪੁਰਬ ਦੇ ਸ਼ੁਭ ਆਰੰਭ ਸਮੇਂ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਜਾਂਦੀ ਹੈ। ਇਸ ਮੇਲੇ ਵਿਚ ਵਿਰਾਸਤੀ ਪ੍ਰੋਗਰਾਮ, ਕੌਮੀ ਨਾਟਕ, ਸੂਫੀਆਨਾ ਕਲਾਮ, ਸੈਮੀਨਾਰ, ਕੌਮੀ ਲੋਕ ਨਾਚ ਅਤੇ ਪੇਂਡੂ ਖੇਡਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਕਿ ਜਿਲ੍ਹਾ ਮੁਬਾਰਕ ਤੋਂ ਕਾਫ਼ਲਾ ਏ ਵਿਰਾਸਤ ਜਿਸ ਵਿੱਚ ਪੁਰਾਤਨ ਰੱਥ,ਘੋੜੇ,ਊਠ,ਹਾਥੀ,ਬੈਂਡ ਅਤੇ ਵੱਖ ਵੱਖ ਵਿਰਾਸਤੀ ਆਈਟਮਾਂ ਸਾਮਲ ਕੀਤੀਆਂ ਜਾਂਦੀਆਂ। ਬਾਬਾ ਫ਼ਰੀਦ ਮੇਲੇ ਵਿਚ ਵਿਰਾਸਤੀ ਨੁਮਾਇਸਾਂ,ਪੰਜਾਬੀ ਲੋਕ ਗਾਇਕੀ,ਕੌਮੀ ਸੈਮੀਨਾਰ ਅਤੇ ਹਾਸਰਸ ਕਵੀ ਦਰਬਾਰ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਤਕ ਬਾਬਾ ਫ਼ਰੀਦ ਦਾ ਸੰਦੇਸ਼ ਪਹੁੰਚਾਉਣ ਲਈ ਕੀਤੇ ਜਾਂਦੇ ਹਨ। ਖੇਡਾਂ ਵਿਚ ਕਬੱਡੀ, ਫੁੱਟਬਾਲ, ਗੋਲਡ ਕੱਪ ਹਾਕੀ, ਬਾਸਕਿਟਬਾਲ, ਕ੍ਰਿਕਟ, ਕਿੱਕ ਬਾਕਸਿੰਗ, ਸਕੀਟ ਸ਼ੂਟਿੰਗ, ਦੰਗਲ, ਤਾਈਕਵਾਂਡੋ, ਸ਼ੂਟਿੰਗ ਬਾਲ ਚੈਂਪੀਅਨਸਿਪ , ਬੈਡਮਿੰਟਨ ਟੂਰਨਾਂਮੈਂਟ ਕਰਵਾਇਆ ਜਾਂਦਾ ਹੈ।
ਬਾਬਾ ਫ਼ਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤੰਬਰ ਨੂੰ ਧਾਰਮਿਕ ਸਮਾਗਮਾਂ ਦੌਰਾਨ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫ਼ਰੀਦ ਤੋਂ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਤਕ ਨਗਰ ਕੀਰਤਨ ਸਜਾਇਆ ਜਾਂਦਾ ਹੈ। ਗੁਰਦੁਆਰਾ ਸ੍ਰੀ ਗੋਦੜੀ ਵਿਖੇ ਕੀਰਤਨ ਦਰਬਾਰ, ਧਾਰਮਿਕ ਸਮਾਗਮ ਅਤੇ ਸਨਮਾਨ ਸਮਾਰੋਹ ਕੀਤਾ ਜਾਦਾ ਹੈ। ਸਭਿਆਚਾਰਕ ਪ੍ਰੋਗਰਾਮਾਂ ਰਾਹੀ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਸ਼ਹਿਰ ਨਿਵਾਸੀ 22 ਅਤੇ 23 ਸਤੰਬਰ ਨੂੰ ਆਪਣੇ ਘਰਾਂ ਵਿੱਚ ਰੋਸ਼ਨੀ ਕਰਕੇ ਬਾਬਾ ਸ਼ੇਖ ਫਰੀਦ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕਰਦੇ ਹਨ।
ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਸਾਨੂੰ ਆਤਮ ਚਿੰਤਨ ਕਰਨ ਦਾ ਸੰਦੇਸ ਦਿੰਦੀਆਂ ਹਨ,
'ਫ਼ਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ।
ਆਪਨੜੇ ਗਿਰਵਾਨ ਮੇਂ ਸਿਰ ਨੀਵਾਂ ਕਰ ਵੇਖ'।।
ਇਕ ਹੋਰ ਸ਼ਲੋਕ ਰਾਂਹੀ ਮਨੁੱਖਤਾ ਨੂੰ ਟੁੰਬਦੇ ਹੋਏ ਲਿਖਦੇ ਹਨ,
'ਫ਼ਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।
ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸ਼'।।
ਇਥੇ ਹੀ ਬਸ ਨਹੀਂ ਬਾਬਾ ਫ਼ਰੀਦ ਸਾਨੂੰ ਆਪਣੀ ਪਵਿੱਤਰ ਬਾਣੀ ਰਾਂਹੀ ਨਿਮਾਣੇ ਹੋਕੇ ਜਿਓਣ ਦਾ ਸੰਦੇਸ ਦਿੰਦੇ ਹੇਏ ਕਹਿੰਦੇ ਹਨ,
'ਫ਼ਰੀਦਾ ਜੋ ਤੈਂ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।
ਆਪਨੜੈ ਘਰਿ ਜਾਇਐ ਪੈਰ ਤਿਨਾ ਦੇ ਚੁੰਮ'।।
ਬਾਬਾ ਫ਼ਰੀਦ ਜੀ ਮਨੁੱਖਤਾ ਨੂੰ ਪ੍ਰੇਰਨਾ ਕਰਦੇ ਹੋਏ ਚਿਤਾਵਨੀ ਦਿੰਦੇ ਹਨ ਕਿ ਹੇ ਇਨਸਾਨ ਜੋ ਦੁਨੀਆ ਵਿਚ ਕਾਰਨਾਮੇ ਕਰਦਾ ਹੈਂ ਇਸ ਦਾ ਹਿਸਾਬ ਦੇਣਾ ਪੈਣਾ ਹੈ,
'ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ।
ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰ'।।
ਮਹਾਂਪੁਰਸ਼ਾ ਗੁਰੂਆਂ,ਪੀਰਾਂ,ਪੈਗੰਬਰਾਂ ਦੀ ਯਾਦ ਵਿਚ ਕੀਤੇ ਜਾਂਦੇ ਸਮਾਗਮਾਂ ਦਾ ਮੰਤਵ ਉਨ੍ਹਾਂ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਕੰਮਾਂ ਅਤੇ ਉਨ੍ਹਾਂ ਦੇ ਉਪਦੇਸ਼ਾ ਨੂੰ ਅਸੀਂ ਆਪਣੇ ਜੀਵਨ ਵਿਚ ਅਪਨਾਈਏ। ਪ੍ਰਮਾਤਮਾ ਵਲੋਂ ਸਾਜੀ ਸਾਰੀ ਸ੍ਰਿਸਟੀ ਵਿਚ ਇੱਕ ਜੋਤ ਦਾ ਵਾਸਾ ਹੈ, ਫਿਰ ਅਸੀਂ ਦੂਜੇ ਨੂੰ ਆਪਣੇ ਤੋਂ ਨੀਵਾਂ ਕਿਓਂ ਵੇਖਦੇ ਹਾਂ। ਸਾਰੇ ਮਾਨਵ ਹਿਰਦੇ ਅਮੋਲਕ ਰਤਨ ਹਨ,ਇਨ੍ਹਾਂ ਨੂੰ ਤੋੜਨਾ,ਇਨ੍ਹਾਂ ਨੂੰ ਠੀਸ ਪਹੁੰਚਾਣੀ ਅਪਰਾਧ ਹੈ। ਜਿਸਦਾ ਨਿਰਨਾ ਬਾਬਾ ਫ਼ਰੀਦ ਜੀ ਨੇ ਆਪਣੀ ਬਾਣੀ ਦੇ ਸੰਦੇਸ ਰਾਂਹੀਂ ਕੀਤਾ ਹੈ,
'ਇਕ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ।
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ'।।
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.