- ਕਿਓਂ ਨਹੀਂ ਨਜ਼ਰੀਂ ਪੈਂਦੀ ਧਾਰਮਿਕ ਮਰਿਆਦਾ ਦੀ ਇਹ ਬੇਅਦਬੀ .. ?
- ਗੁਰੂ ਸਾਹਿਬਾਨ ਦੇ ਨਾਮ ਅਤੇ ਉਨ੍ਹਾਂ ਦੀਆਂ ਅਖੌਤੀ ਤਸਵੀਰਾਂ ਦੀ ਚੁੱਪ ਕੀਤੇ ਹੋ ਰਹੀ ਬੇਅਦਬੀ
ਵਾਤਾਵਰਨ ਸਾਫ਼ ਰੱਖਣ ਦੇ ਮਨੋਰਥ ਨਾਲ ਮੇਰੇ ਬਹੁਤ ਨਜ਼ਦੀਕੀ ਦੋਸਤ ਨੂੰ ਮੋਹਾਲੀ ਵਿਚ ਕਾਰਪੋਰੇਸ਼ਨ ਦੀ ਖੜ੍ਹੀ ਇੱਕ ਟਰੈਕਟਰ-ਟਰਾਲੀ ਵਿੱਚ ਆਪਣੀ ਕਾਰ ਦੇ ਬੇਕਾਰ ਖ਼ਾਲੀ ਟਿਸ਼ੂ-ਬਾਕਸ ਨੂੰ ਸੁੱਟਣ ਦਾ ਖ਼ਿਆਲ ਆਇਆ। ਉਸ ਟਰਾਲੀ ਦਾ ਚਾਲਕ ਇਤਫ਼ਾਕੀਆ ਇੱਕ ਗੁਰਸਿੱਖ ਸੀ। ਉਸ ਦੇ ਡਰਾਈਵਰ ਨੇ ਬੇਨਤੀ ਕੀਤੀ ਕਿ ਕਿਸੇ ਪਰਿਵਾਰ ਨੇ ਦਸ ਗੁਰੂ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਗੁਰਬਾਣੀ ਅੰਕਿਤ ਤਸਵੀਰਾਂ ਵਾਲਾ ਇੱਕ ਕਲੰਡਰ ਉਸ ਦੀ ਕੂੜਾ-ਕਰਕਟ ਵਾਲੀ ਟਰਾਲੀ ਵਿੱਚ ਸੁੱਟ ਦਿੱਤਾ ਸੀ, ਪਰ ਉਸ ਨੇ ਇਸ ਨੂੰ ਕੂੜੇ ਵਿੱਚੋਂ ਚੁੱਕ ਲਿਆ ਸੀ ਅਤੇ ਇਹ ਬੇਅਦਬੀ ਸ਼ਾਇਦ ਅਗਿਆਨਤਾ ਕਾਰਨ ਹੋਈ ਸੀ। ਇਹ ਸਭ ਕੁਝ ਦੇਖ ਕੇ ਦੁੱਖ ਹੋਇਆ ਤੇ ਹੈਰਾਨੀ ਵੀ ਹੋਈ।
ਉਪਰੋਕਤ ਸਥਿਤੀ ਨੂੰ ਵਿਚਾਰਦਿਆਂ, ਉਹ ਪੁਰਾਣੀ ਹੋ ਚੁੱਕੀ ਧਾਰਮਿਕ ਸਮੱਗਰੀ ਆਪਣੇ ਕੋਲ ਰੱਖ ਲਈ ਤਾਂ ਜੋ ਕਲੰਡਰ ਦੀ ਰਹੁ-ਰੀਤਾਂ ਅਨੁਸਾਰ ਅੰਤਿਮ ਰਸਮ (ਅਗਨ ਭੇਂਟ) ਕੀਤੀ ਜਾ ਸਕੇ। ਜਾਪਦਾ ਹੈ ਕਿ ਸਿੱਖ ਕੌਮ ਦੇ ਕਈ ਸੰਸਥਾਨ ਮਹੱਤਵਪੂਰਨ ਨੈਤਿਕ ਮੁੱਦਿਆਂ ਉੱਤੇ ਆਪਣਾ ਧਿਆਨ ਇਮਾਨਦਾਰੀ ਨਾਲ ਕੇਂਦਰਿਤ ਨਹੀਂ ਕਰ ਰਹੇ। ਪ੍ਰਕਾਸ਼ਨ ਲਈ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਛਾਪਣ ਤੇ ਕਿਤੇ ਵੀ ਕੋਈ ਐਸ.ਜੀ.ਪੀ.ਸੀ. ਦਾ ਸੰਚਾਲਕ ਅਧਿਕਾਰਤ ਕੰਟਰੋਲ ਹੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੈਰ ਸਰਕਾਰੀ ਸਿੱਖ ਬੁੱਧੀਜੀਵੀ ਜਥੇਬੰਦੀਆਂ ਵੱਲੋਂ ਵੀ ਅਜਿਹੇ ਨਾਜ਼ੁਕ ਮੁੱਦੇ ਦਾ ਕੋਈ ਹੱਲ ਲੱਭਣ ਲਈ ਪਿਛਲੇ 70 ਵਰ੍ਹਿਆਂ ਸਮੇਂ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ।
ਮਨੁੱਖੀ ਜੀਵਨ ਇੱਕ ਰੁਟੀਨ-ਚੱਕਰ ਵਾਂਗ ਅੱਗੇ ਵਧਦਾ ਜਾ ਰਿਹਾ ਹੈ, ਪਰ ਕੌਮ ਦੇ ਆਗੂਆਂ ਨੇ 1947 ਤੋਂ ਬਾਅਦ ਤੋਂ ਹੀ ਕਦੇ ਧਾਰਮਿਕ ਰਹੁ-ਰੀਤਾਂ ਵਾਲੇ, ਕਈ ਸਿੱਖ ਮਾਮਲਿਆਂ ਨੂੰ ਸੰਜੀਦਗੀ ਨਾਲ ਗੌਲਿਆ ਹੀ ਨਹੀਂ ਅਤੇ ਨਾਂ ਹੀ ਉਨ੍ਹਾਂ ਦਾ ਕੋਈ ਸਥਾਈ ਹੱਲ ਲੱਭਣ ਦੇ ਜਤਨ ਕੀਤੇ। 1950ਵੀਆਂ ਦੇ ਅੰਤ ਤੱਕ ਸਿੱਖ ਗੁਰੂ ਸਾਹਿਬਾਨ ਜਾਂ ਧਾਰਮਿਕ ਅਸਥਾਨਾਂ ਦੀਆਂ ਪੇਂਟਡ/ਸਕੈੱਚ ਵਾਲੀਆਂ ਤਸਵੀਰਾਂ ਕਦੇ ਵੀ ਅੱਜ ਵਾਂਗ ਇੰਨੀ ਵੱਡੀ ਮਾਤਰਾ ਵਿੱਚ ਪ੍ਰਕਾਸ਼ਿਤ ਨਹੀਂ ਹੁੰਦੀਆਂ ਸਨ।
ਸਿੱਖ ਕੌਮ ਨੇ ਰੋਜ਼ਮੱਰਾ ਦੇ ਜੀਵਨ ਦੇ ਵਿੱਚੋਂ ਪੈਦਾ ਹੋਣ ਵਾਲੇ ਕੁਝ ਅਹਿਮ ਸਿਧਾਂਤਕ ਮਸਲਿਆਂ ਦੇ ਯੋਗ ਹੱਲ ਲੱਭਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਜਣਾ ਕੀਤੀ ਸੀ, ਪਰ ਹੁਣ ਬਹੁਤਾ ਸਮਾਂ ਸਿਆਸੀ ਮਸਲਿਆਂ ਦੀ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ; ਜਿਵੇਂ ਕੌਣ ਕਿਸ ਵੱਲ (ਰਾਜਨੀਤਕ) ਚਲਾ ਗਿਆ ਹੈ ਅਤੇ ਹੁਣ ਉਸ ਤੋਂ ਇਨ੍ਹਾਂ ਚੋਣਾ ਵਿੱਚ ਕੀ ਨਫ਼ਾ ਜਾਂ ਨੁਕਸਾਨ ਹੋ ਸਕਦਾ ਹੈ ਜਾਂ ਕਿਸੇ ਦੇ ਪਿੱਛੇ ਲੱਗ ਜਾਂ ਅਹੁਦੇ ਤੋ ਲਾਹੁਣ ਉਪਰੰਤ ਕਿਹੜੇ ਨਫ਼ੇ-ਨੁਕਸਾਨ ਹੋਣਗੇ। ਧਾਰਮਿਕ ਰਹੁ-ਰੀਤਾਂ ਦੇ ਬਹੁਤੇ ਵਿਹਾਰਕ ਮਸਲਿਆਂ ਅਤੇ ਧਾਰਮਿਕ ਵਿਸਿਆਂ ਦੀ ਨੈਤਿਕ ਬੁਨਿਆਦ ਤਾਂ ਜਿਵੇਂ ਖੰਭ ਲਾ ਕੇ ਹੀ ਉੱਡ ਗਈ ਹੈ। ਹੁਣ ਲੀਡਰਸ਼ਿਪ ਵਿੱਚ ਅਜਿਹੇ ਬਹੁਤੇ ਰਹਿਨੁਮਾ ਨਹੀਂ ਬਚੇ, ਜਿਹੜੇ ਸਿਆਸੀ ਆਗੂਆਂ ਨੂੰ ਕੋਈ ਨਸੀਹਤ ਸੁਝਾਅ ਦੇ ਸਕਣ, ਉਨ੍ਹਾਂ ਦੇ ਵਿਚਾਰਾਂ ਤੇ ਲੰਬੇ ਸਮੇਂ ਨੁਕਸਾਨ ਦੇਹ ਸਿਆਸੀ ਕਾਰਵਾਈਆਂ ਨੂੰ ਠੱਲ੍ਹ ਪਾ ਸਕਣ, ਉਨ੍ਹਾਂ ਨੂੰ ਧਰਮ ਦੀ ਘੱਟ ਤੋਂ ਘੱਟ ਵਰਤੋਂ ਕਰਨ ਤੇ ਧਾਰਮਿਕ ਪ੍ਰਣਾਲੀਆਂ ਦੀ ਵੱਧ ਤੋਂ ਵੱਧ ਵਰਤੋਂ ਕੌਮ ਦੀ ਭਲਾਈ ਵਾਸਤੇ ਉਪਯੋਗ ਕੀਤੇ ਜਾਣ ਲਈ ਭਾਵਨਿਕ ਠੋਸ ਆਦੇਸ਼ ਦੇ ਸਕਣ।
ਅਸਲ ਵਿਚਾਰ ਪ੍ਰਕਿਰਿਆ ਇਹ ਹੈ ਕਿ ਸਿੱਖ ਸੰਸਥਾਨਾਂ ਨੂੰ ਖੁੱਲ੍ਹੀ ਬੇਨਤੀ ਕੀਤੀ ਜਾਵੇ ਕਿ ਉਹ ਗੁਰੂ ਸਾਹਿਬਾਨ, ਗੁਰਦੁਆਰਾ ਸਾਹਿਬਾਨ, ਸ਼ਬਦ ਗੁਰੂ ਦੀਆਂ ਤਸਵੀਰਾਂ/ਪੁਰਾਣੇ ਕਲੰਡਰਾਂ ਦੇ ਪ੍ਰਕਾਸ਼ਨ ਤੇ ਉਨ੍ਹਾਂ ਦਾ ਅੰਤਿਮ ਰਸਮ (ਅਗਨ ਭੇਂਟ) ਕਰਨ ਦੀਆਂ ਪ੍ਰਕਿਰਿਆਵਾਂ ਦਾ ਢੁਕਵਾਂ ਸੰਚਾਲਨ ਕਰਨ ਅਤੇ ਧਾਰਮਿਕ ਤਸਵੀਰਾਂ ਨੂੰ ਬੇਅਦਬੀ ਪਹੁੰਚਾਉਣ ਤੇ ਪਾਬੰਦੀਆਂ ਲਾਉਣ। ਇਸ ਤੋਂ ਇਲਾਵਾ ਸਿੱਖ ਸਮਾਜ ਨੂੰ ਵਪਾਰਕ ਦੁਕਾਨਾਂ ਦੇ ਨਾਮ ਸਿੱਖ ਗੁਰੂ ਸਾਹਿਬਾਨ ਦੇ ਨਾਂਅ ਤੇ ਰੱਖਣ ਉੱਤੇ ਵੀ ਸੰਜਮ ਜਾਂ ਪਾਬੰਦੀ ਲਾਉਣ ਦੀ ਜ਼ਰੂਰਤ ਨੂੰ ਵਿਚਾਰਨ। ਦੋਵੇਂ ਸਥਿਤੀਆਂ ਕਾਰਨ ਭੰਬਲਭੂਸਾ ਵਧਦਾ ਜਾ ਰਿਹਾ ਹੈ ਅਤੇ ਆਦਰ-ਸਤਿਕਾਰ ਦੇ ਬੁਨਿਆਦੀ ਧਾਰਮਿਕ ਅਸੂਲ ਲਾਂਭੇ ਹੁੰਦੇ ਜਾ ਰਹੇ ਹਨ। ਇਹ ਜ਼ਰੂਰੀ ਨਹੀਂ ਹੇ ਕਿ ਕੂੜਾ-ਕਰਕਟ ਚੁੱਕਣ ਵਾਲੀਆਂ ਬਹੁਤੀਆਂ ਟਰਾਲੀਆਂ ਕੋਈ ਗੁਰਸਿੱਖ ਹੀ ਚਲਾਉਂਦਾ ਹੋਵੇਗਾ ਅਤੇ ਹੋਰ ਕਿਸੇ ਨੂੰ ਪਵਿੱਤਰ ਧਾਰਮਿਕ ਰਹੁ-ਰੀਤਾਂ ਦਾ ਖ਼ਿਆਲ ਰੱਖਣ ਦੀ ਓਨੀ ਚਿੰਤਾ ਨਹੀਂ ਵੀ ਹੋ ਸਕਦੀ। ਗੁਰੂ ਸਾਹਿਬਾਨ ਦੀਆਂ ਵੰਨ-ਸੁਵੰਨੀਆਂ, ਵੱਖਰੇ-ਵੱਖਰੇ ਚਿਹਰੇ-ਸਰੀਰ ਦੇ ਆਕਾਰ ਦੀਆਂ ਬੇਸ਼ੁਮਾਰ ਪੇਂਟਿੰਗਜ਼ ਦੇ ਪ੍ਰਕਾਸ਼ਨਾਂ ਦੇ ਮੁੱਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ, ਜਦ ਕਿ ਇਹ ਸਮੱਸਿਆ ਬੇਹੱਦ ਚੁਨੌਤੀ ਪੂਰਨ ਸਥਿਤੀ ਵਿੱਚ ਪੁੱਜ ਚੁੱਕੀ ਹੈ। ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਪ੍ਰਕਾਸ਼ਨ ਸਬੰਧੀ ਉਨ੍ਹਾਂ ਦੀ ਮੁਨਾਸਬਤ ਦੀ ਮੱਦ ਵਿਚ ਪਾਬੰਦੀ ਲਾਉਣੀ ਹੋਵੇਗੀ। ਹਰੇਕ ਗੁਰਪੁਰਬ ਮੌਕੇ ਭਾਰਤ ਦੇ ਅਖ਼ਬਾਰ ਸ਼ਰਧਾ ਅਤੇ ਸਤਿਕਾਰ ਵਜੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਸ਼ਬਦ ਪ੍ਰਕਾਸ਼ਿਤ ਕਰਦੇ ਹਨ ਪਰ ਫਿਰ ਬਾਅਦ ਵਿੱਚ ਉਨ੍ਹਾਂ ਦੀ ਅਚੇਤ ਰੂਪ ਵਿੱਚ ਬੇਅੰਤ ਬੇਅਦਬੀ ਦੀ ਸਥਿਤੀ ਹੁੰਦੀ ਰਹਿੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹਾਲੀਆ ਕਥਿਤ ਬੇਅਦਬੀ ਕਾਰਨ ਪੰਜਾਬ ਵਿੱਚ ਵੱਡੇ ਪੱਧਰ ਤੇ ਤਣਾਅ ਪਸਰ ਗਿਆ ਸੀ ਪਰ ਫਿਰ ਵੀ ਸਿੱਖਾਂ ਨੂੰ ਇਸ ਮਾਮਲੇ ਤੇ ਜਾਗਰੂਕ ਕਰਨ ਲਈ ਹਾਲੇ ਕੋਈ ਠੋਸ ਸਬਕ ਨਹੀਂ ਸਿੱਖੇ। ਸਮੂਹ ਸਿੱਖਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਉਹ ਆਪਣੀ ਭਾਵਨਾਤਮਕ ਸ਼ਕਤੀ ਦਾ ਉਪਯੋਗ ਕਿਵੇਂ ਕਰਨ ਕਿ ਤਾਂ ਜੋ ਕੋਈ ਸਮਾਜ-ਵਿਰੋਧੀ ਅਨਸਰ ਉਨ੍ਹਾਂ ਨੂੰ ਆਪਣੇ ਸੌੜੇ ਹਿਤਾਂ ਲਈ ਵਰਤ ਨਾ ਸਕੇ। ਇਸ ਬੇਅਦਬੀ ਦੀ ਸਾਜ਼ਿਸ਼ ਕਿਸੇ ਨੇ ਰਚੀ ਅਤੇ ਇਸ ਘਿਨਾਉਣੇ ਕਾਰੇ ਨੂੰ ਕਿਵੇਂ ਅੰਜਾਮ ਦਿੱਤਾ ਗਿਆ; ਇਹ ਸਾਰੀਆਂ ਗੱਲਾਂ ਤਕਨੀਕੀ ਤੌਰ ਤੇ ਇੱਕ ਭੇਤ ਵੀ ਬਣੀਆਂ ਹੋਈਆਂ ਹਨ- ਭਾਵੇਂ ਕਿ ਕਈ ਜਾਂਚ-ਰਿਪੋਰਟਾਂ ਵੀ ਆ ਚੁੱਕੀਆਂ ਹਨ ਤੇ ਫਿਰ ਅਧਿਕਾਰਤ ਤੌਰ ਤੇ ਰਸਮੀ ਬਿਆਨ ਵੀ ਦਿੱਤੇ ਗਏ ਹਨ। ਲੁਕਵੇਂ ਸਮਾਜ-ਵਿਰੋਧੀ ਅਨਸਰਾਂ ਦੀਆਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਸਾਜ਼ਿਸ਼ਾਂ ਕਾਰਨ ਸਿੱਖ ਕੌਮ ਇੱਕ ਵਾਰ ਫਿਰ ਦੁਖਦਾਈ ਭਾਵਨਾਤਮਕ ਜੋਸ਼ ਵਿਚੋਂ ਵਿਚਰ ਰਹੀ ਹੈ। ਪਰ ਆਮ ਬਜ਼ਾਰਾਂ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਪਵਿੱਤਰ ਤਸਵੀਰਾਂ ਦੀ ਜਿਹੜੀ ਬੇਅਦਬੀ, ਭਾਵੇਂ ਅਣਭੋਲ ਪੁਣੇ ਚ ਹੀ ਸਹੀ, ਸ਼ਰੇਆਮ ਹੋ ਰਹੀ ਹੈ; ਇਸ ਮੁੱਦੇ ਵੱਲ ਕੌਮ, ਡੇਰਿਆਂ ਅਤੇ ਐਸ.ਜੀ.ਪੀ.ਸੀ. ਦਾ ਕਦੇ ਧਿਆਨ ਵੀ ਨਹੀਂ ਜਾਂਦਾ।
ਇਸੇ ਤਰ੍ਹਾਂ ਗੁਰੂਆਂ ਦੇ ਨਾਵਾਂ ਨਾਲ ਵਪਾਰ ਤੇ ਕਾਰੋਬਾਰ ਖੋਲ੍ਹਣ ਨੂੰ ਕਦੇ ਚੁਨੌਤੀ ਨਹੀਂ ਦਿੱਤੀ; ਜਿਵੇਂ ਗੁਰੂ ਨਾਨਕ ਨਾਮ ਤੇ ਜੁੱਤੀਆਂ ਦੀ ਦੁਕਾਨ/ਮਿਠਾਈਆਂ/ਗਰੌਸਰੀ/ਬੇਕਰੀ/ਫਲ ਆਦਿ ਆਮ ਰੱਖੇ ਜਾਂਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਕਾਰੋਬਾਰਾਂ ਵਿੱਚ ਝੂਠ ਦਾ ਵਪਾਰੀ ਉਪਯੋਗ ਵੀ ਕੀਤਾ ਜਾਂਦਾ ਹੈ ਅਤੇ ਨਕਲੀ/ਘਟੀਆ ਮਾਲ ਦੀ ਸਪਲਾਈ ਵੀ ਕਈ ਹਾਲਤਾਂ ਵਿਚ ਹੁੰਦੀ ਹੈ। ਕੀਮਤਾਂ ਦੇ ਮਾਮਲੇ ਵਿੱਚ ਉਨ੍ਹਾਂ ਵਿਚੋਂ ਬਹੁਤੇ ਕਾਰੋਬਾਰੀ ਗੁਰੂਆਂ ਦੇ ਨਾਂਅ ਦੀ ਦੁਰਵਰਤੋਂ ਕਰਦੇ ਹੋਏ ਗਾਹਕਾਂ ਨੂੰ ਅਕਸਰ ਝੂਠ ਵੀ ਵਰਤੋਂ ਵਿਚ ਲਿਆਉਂਦੇ ਹਨ ਅਤੇ ਅਨੇਕਾਂ ਮਾਮਲਿਆਂ ਵਿੱਚ ਖਪਤਕਾਰਾਂ ਨੂੰ ਗੁਮਰਾਹ ਵੀ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਸਾਨੂੰ ਸਹੀ ਤਰਕਪੂਰਨ ਸੋਧਾਂ ਲੈਣੀਆਂ ਹੋਣਗੀਆਂ ਤਾਂ ਜੋ ਭਵਿੱਖ ਵਿੱਚ ਸਿੱਖ ਕੌਮ ਦਾ ਕੋਈ ਰਾਜਨੀਤਕ ਅਤੇ ਭਾਵਨਾਤਮਕ ਸ਼ੋਸ਼ਣ ਨਾ ਕਰ ਸਕੇ। ਮਨੁੱਖੀ ਜੀਵਨ ਵਿੱਚ ਹੁਣ ਬਹੁਤ ਸਾਰੀਆਂ ਵਪਾਰਕ ਪਹੁੰਚਾਂ/ਸੰਸਥਾਵਾਂ ਸਥਾਪਤ ਹੋਈਆਂ ਹਨ, ਜਿਨ੍ਹਾਂ ਕਰ ਕੇ ਬਹੁਤ ਸਾਰੀਆਂ ਗੁੰਝਲਾਂ ਵੀ ਪੈਦਾ ਹੋਈਆਂ ਹਨ, ਪਰ ਸਿੱਖ ਬੁੱਧੀਜੀਵੀਆਂ ਨੂੰ ਰੂਹਾਨੀਅਤ ਦੇ ਆਧਾਰ ਉੱਤੇ ਵਿਸੇ ਅਧੀਨ ਚੁਨੌਤੀਆਂ ਦੇ ਸਥਾਈ ਕੀਮਤ ਵਾਲੇ ਹੱਲ ਵੀ ਲੱਭਣੇ ਹੋਣਗੇ। ਸਿੱਖ ਕੌਮ ਚਾਰ ਦਹਾਕਿਆਂ ਤੋਂ ਬਹੁਮੁਖੀ ਚਿੰਤਕ ਚੁਨੌਤੀਆਂ ਵਿਚੋਂ ਗੁਜ਼ਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਆਦਾ ਅਹੁਦੇਦਾਰ ਤਕਰੀਬਨ ਚਾਰ ਦਹਾਕਿਆਂ ਤੋਂ ਜਾਤੀ ਸਵਾਰਥ ਪ੍ਰਭਾਵਿਤ ਢੰਗ ਨਾਲ ਕਾਰ ਵਿਹਾਰ ਚਲਾਉਣ ਦਾ ਸੁਭਾਅ ਬਣਾ ਕੇ ਚੁੱਕੇ ਹਨ।
ਰੋਜ਼ਮੱਰਾ ਉੱਠਣ ਵਾਲੇ ਬਹੁਤ ਸਾਰੇ ਅਹਿਮ ਵਿਰਾਸਤੀ ਸੁਆਲਾਂ ਦਾ ਜਵਾਬ ਸਿੱਖ ਕੌਮ ਨੂੰ ਕੋਈ ਵੀ ਆਗੂ ਨਹੀਂ ਦੇਣਾ ਚਾਹੁੰਦਾ ਅਤੇ ਨਾਂ ਹੀ ਅਜਿਹੀਆਂ ਮੌਲਿਕ ਚੁਨੌਤੀਆਂ ਦੇ ਹੱਲ ਲਈ ਕੋਈ ਵੀ ਉਸਾਰੂ ਤੇ ਅਨੁਕੂਲ ਮੰਚ ਹੋਂਦ ਵਿਚ ਆਉਣ ਦਿੱਤਾ। ਧਾਰਮਕ ਤਸਵੀਰਾਂ ਦੇ ਪ੍ਰਕਾਸ਼ਨ ਵਿੱਚ ਵਪਾਰੀਕਰਨ - ਮੁੜ ਪ੍ਰਕਾਸ਼ਨ- ਧਾਰਮਿਕ ਕਲਾ-ਕਿਰਤਾਂ - ਤਸਵੀਰਾਂ ਦੀ ਸਿਰਜਣਾ; ਇਹ ਸਭਾ ਗੁਰੂ ਨਾਨਕ ਸਾਹਿਬ ਵੱਲੋਂ ਨਕਾਰੀਆਂ ਮੂਰਤੀ-ਪੂਜਾ ਦੇ ਸਮਾਨ ਮੁੜ ਲਾਗੂ ਕਰਨ ਦੀ ਸਾਜ਼ਸ ਵਾਂਗ ਹੀ ਜਾਪਦੀਆਂ ਹਨ। ਗੁਰੂ ਸਾਹਿਬਾਨ ਦੇ ਨਾਂਅ ਤੇ ਵਪਾਰਕ ਦੁਕਾਨਾਂ ਦੇ ਨਾਂਅ ਰੱਖਣ ਨਾਲ ਵੀ ਮੂਲ ਰੂਪ ਸਿਧਾਂਤਕ ਨੁਕਸਾਨ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਧਾਨਿਕ ਸਥਾਈ ਕਮੇਟੀ ਨੂੰ ਇਸ (ਮੀਡੀਆ- ਛਪਾਈ) ਸਭ ਕੁਝ ਤੇ ਜ਼ਰੂਰ ਹੀ ਸੰਚਾਲਕ ਪਾਬੰਦੀ ਲਾਉਣੀ ਚਾਹੀਦੀ ਹੈ। ਕਾਸ਼ ਕੋਈ ਅਜਿਹਾ ਰਹਿਨੁਮਾ (ਨੇਤਾ) ਨਿੱਤਰੇ, ਜੋ ਨਿੱਤ ਸਾਹਮਣੇ ਆਉਣ ਵਾਲੀਆਂ ਨਵੀਆਂ ਚੁਨੌਤੀਆਂ ਦੇ ਹੱਲ, ਰਹਿਤ ਮਰਿਆਦਾ ਦੇ ਆਧਾਰ ਤੇ ਸੁਝਾਅ ਸਕੇ ਅਤੇ ਧਾਰਮਿਕ ਸੱਤਾ ਦੇ ਕੇਂਦਰਾਂ ਨੂੰ ਵੀ ਇਸੇ ਢੰਗ ਨਾਲ ਆਪਣੀ ਸੁਚਾਰੂ ਸ਼ਖ਼ਸੀਅਤ ਨਾਲ ਸਾਰਥਕ ਵਿਗਸਤੀ ਕਦਰਾਂ ਕੀਮਤਾਂ ਦੀ ਸੰਭਾਲ ਸਬੰਧੀ ਨਿਆਂ ਦੀ ਅਪੀਲ ਕਰੇ।
16-09-2016
-
ਜਸਜੀਤ ਸਿੰਘ ਸਮੁੰਦਰੀ , Vice President, Punjab Heritage & Education Foundation
gnanaktimes2aajtak@gmail.com
91-977-9122122
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.