ਖ਼ਬਰ ਹੈ ਕਿ ਪਿਛਲੇ ਗਿਣਵੇਂ-ਚੁਣਵੇਂ ਸਾਲਾਂ'ਚ ਸਿਖ਼ਰ ਵੱਲ ਉਡਾਰੀ ਮਾਰ ਰਹੀ ਆਮ ਆਦਮੀ ਪਾਰਟੀ ਵਿੱਚੋਂ ਮੋਹਤਬਰ ਨੇਤਾਵਾਂ ਦਾ ਕਿਰਨਾ ਲਗਾਤਾਰ ਜਾਰੀ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਬਾਅਦ, ਆਮ ਦੇ ਸਾਬਕਾ ਨੇਤਾ ਅਤੇ ਪਾਰਟੀਦੀ ਵਿੱਤ ਕਮੇਟੀ ਦੇ ਸਾਬਕਾ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਨੇ ਕੇਂਦਰੀ ਨੇਤਾ ਦੁਰਗੇਸ਼ ਪਾਠਕ ਉਤੇ ਪੰਜ ਲੱਖ ਰੁਪਏ ਲੈਕੇ ਮੁਲਾਕਾਤ ਕਰਨ ਦੇ ਦੋਸ਼ ਲਗਾਏ ਹਨ। ਪਾਰਟੀ ਦੇ ਕਈ ਹੋਰ ਨੇਤਾ ਇੱਕ ਦੂਜੇ ਵਿਰੁੱਧ ਦੋਸ਼ ਲਗਾਕੇ ਰਾਸ਼ਟਰੀ ਲੀਡਰਸ਼ਿਪ ਨੂੰ ਵੀ ਭੰਡ ਰਹੇਹਨ। ਅੰਮ੍ਰਿਤਸਰ ਦੇ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ 8ਤੋਂ 10 ਜ਼ੋਨ ਇੰਚਾਰਜ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਨਗੇ। ਉਨਾਂ ਕਿਹਾ ਕਿ ਉਹ ਫਿਲਹਾਲ ਕੋਈ ਨਵੀਂ ਪਾਰਟੀ ਨਹੀਂ ਬਨਾਉਣਗੇ। ਪਰ ਭਰੋਸੇ ਯੋਗ ਵਸੀਲਿਆਂ ਮੁਤਾਬਕ ਆਮ ਆਦਮੀ ਪਾਰਟੀਪੰਜਾਬ ਰਜਿਸਟਰ ਹੋ ਚੁੱਕੀ ਹੈ।
ਜਾਪਦਾ ਆ ਕਿ ਆਮ, ਖਾਸ ਹੋ ਗਈ ਆ, ਜਾਂ ਖਾਸ ਕਰ ਦਿਤੀ ਗਈ ਆ। ਪੰਜਾਬੀਆਂ ਤਾਂ ਭਾਈ “ਚਾਰ ਸੂਰਮੇ” ਮੋਦੀ ਦੀ ਹਿੱਕ 'ਤੇ ਬੈਠਾ ਦਿਤੇ ਸੀ। ਉਪਰਲਿਆਂ ਨੁੰ ਰਾਸ ਨਹੀਂ ਆਏ, ਤਾਂ ਦੋਨਾਂ ਢਾਈ ਪਾ ਖਿੱਚੜੀ ਵੱਖਰੀ ਪਕਾ ਲਈ! ਦੋ ਕੀ ਕੱਢੇ, ਪਾਰਟੀਆਂ ਦਾ “ਰੀਜੈਕਟਮਾਲ” “ਬਾਦਲਾਂ ਦੇ ਸਤਾਏ ਵੱਡੇ ਅਫਸਰ”,“ਵੱਢੀ ਖਾਣ ਗਿੱਝੇ ਕਰਮਚਾਰੀ“, ਸਫੈਦ ਪੋਸ਼, ਬੂਟ-ਸੂਟ ਪਾਕੇ, ਆਪ ਦੀ ਫੌਜ ਦੇ ਜਰਨੈਲ ਬਣ ਬੈਠੇ।ਕਿਧਰੇ 'ਘੁੱਗੀ' ਗੁਟਰ-ਗੁੰ ਕਰਨ ਲੱਗੀ, ਕਿਧਰੇ ਚਿੜੀ ਚੀਂ-ਚੀਂ ਕਰਨ ਲੱਗੀ, ਤੋਤਾ ਟੈਂ-ਟੈਂ ਕਰਨ ਲੱਗਾ, ਬਾਘ ਤੇ ਬੱਕਰੀਇਕੋ ਦਰਿਆਏ ਪਾਣੀ ਪੀਣ ਲੱਗੇ ਦਿਸਣ ਲੱਗੇ। ਪਰ ਭਾਈ ਕਿੰਨਾ ਕੁ ਚਿਰ ਨਿਭਣੀ ਸੀ! ਜਿਹੜਾ ਆਪ ਬਣਿਆ, ਕਹਿੰਦਾ ਮੈਂ ਐਮ ਐਲ.ਏ ਆਂ। ਜਿਹਨੇ ਟੋਪੀ ਪਾਈ, ਕਹਿੰਦਾ ਮੈਂ ਤਾਂ ਮੰਤਰੀ ਵੱਟ ਤੇ ਬਣਿਆ ਪਿਆਂ। ਵੇਖੋ ਨਾ ਦਿਲੀ 'ਚ ਮੋਚੀ ਵੀ ਮੰਤਰੀ, ਤੇ ਸੈਂਕਲ ਮੁਰੰਮਤਕਰਨ ਕਰਨ ਵਾਲਾ ਵੀ ਮੰਤਰੀ, ਖਿਡਾਰੀ ਵੀ ਮੰਤਰੀ ਅਤੇ ਪੁਜਾਰੀ ਵੀ ਮੰਤਰੀ ਅਤੇ ਮੈਂ ਭਲਾ ਕਿਹੜੀ ਮਾਂ ਧੀ ਨਾਲੋਂ ਘੱਟ ਆਂ ? ਤਦੇ ਭਾਈ ਆਮ, ਆਮ ਤਾਂ ਰਹੀ ਨਾ, ਬੱਸ ਖਾਸੋ-ਖਾਸ ਹੋ ਗਈ! ਸੁੱਚਾ ਸਿਹੁੰ ਜਦੋਂ ਰਤਾ ਕੁ ਅੱਖਾਂ ਦਿਖਾਉਣ ਲੱਗਿਆ ਉਹਨਾ ਪਟਕਾ ਮਾਰਿਆ,ਉਹ ਮਾਰਿਆ ਮੱਖਣ 'ਚੋਂ ਵਾਲ ਵਾਂਗਰ ਕੱਢਕੇ । ਪਰ ਉਹਨੇ ਬਣਾ ਲਿਆ ਮੁੱਛ ਦਾ ਸਵਾਲ! ਜਿਥੇ ਕਿਧਰੇ ਵੀ ਕੇਜਰੀਵਾਲੀਏ ਵੇਖੇ,ਪਾ ਲਏ ਲੰਮੇ! ਉਧੇੜ ਦਿਤੇ ਉਨਾਂ ਦੇ ਵਖੀਏ! ਲ਼ਾ ਦਿਤੇ ਆਪਣੇ ਸੂਰਬੀਰ-ਯੋਧੇ ਸ਼ਬਦਾਂ ਦੇ ਬਾਣ ਚਲਾਉਣ ਲਈ।
ਉਂਜ ਇਹ ਤਾਂ ਬਾਹਲੀ ਹੀ ਮਾੜੀ ਗੱਲ ਹੋਈ, ਹਾਲੇ ਤਾਂ ਵੀਰੀਓ, ਸਿੱਧੂਆਂ ਨੇ ਆਉਣਾ ਸੀ, ਆਪਣਾ ਜਲਵਾ ਵਿਖਾਉਣਾ ਸੀ, ਬਲਦੀ ਤੇ ਤੇਲ ਪਾਉਣਾ ਸੀ, ਪਰ ਇਹ ਤਾਂ ਪਹਿਲਾਂ ਹੀ ਖੱਖੜੋ- ਖੱਖੜੀ ਹੋ ਗਏ!
ਉਂਜ ਪੈਸਾ ਤੇ ਚੌਧਰ ਹੈ ਬੁਰੀ ਬਲਾ! ਉਵੇਂ ਹੀ ਜਿਵੇਂ ਕਹਿੰਦੇ ਆ ਲਾਲਚ ਬੁਰੀ ਬਲਾ ਆ। ਤੇ ਆਪ ਵਾਲਿਆਂ ਨੂੰ ਰਾਜੇ ਮਿਡਿਆਸ ਦੀ ਕਹਾਣੀ ਪਤਾ ਨਹੀਂ ਕਿਉਂ ਭੁਲ ਗਈ, ਜਿਸ ਰਾਜੇ ਨੂੰ ਦੇਵਤਿਆਂ ਤੋਂ ਵਰ ਮਿਲਿਆ ਸੀ ਕਿ ਉਹ ਜਿਸ ਚੀਜ਼ ਨੂੰ ਹੱਥ ਲਾਏਗਾ, ਉਹ ਸੋਨੇ ਦੀਹੋ ਜਾਏਗੀ। ਉਸਨੇ ਲਾਲਚ 'ਚ ਹਰ ਚੀਜ਼ ਤੇ ਹੱਥ ਲਾਉਣਾ ਸ਼ੁਰੂ ਕਰ ਦਿਤਾ, ਇਥੋਂ ਤੱਕ ਕਿ ਆਪਣੇ ਬੱਚਿਆਂ ਉਤੇ ਹੱਥ ਰੱਖਕੇ ਉਹ ਵੀ ਸੋਨਾ ਬਣਾ ਲਏ ਤੇ ਹੱਥ ਉਸਤੋਂ ਰੋਟੀ ਤੇ ਵੀ ਰੱਖਿਆ ਗਿਆ ਤੇ ਭਲਾ ਦੱਸੋ ਉਹ ਹੁਣ ਸੋਨੇ ਦੀ ਰੋਟੀ ਖਾਵੇ ਤਾਂ ਕਿੱਦਾਂ? ਜਾਪਦੈ “ਆਮਇੰਡੀਆ” ਵਾਲੇ ਵੀ ਅਤੇ “ਆਪ ਪੰਜਾਬ” “ਸਵਰਾਜ ਵਾਲੇ” ਵੀ, “ਗਾਂਧੀ ਵਾਲੇ” ਵੀ ਮਿਡਿਆਸ ਬਣਨਾ ਲੋਚਦੇ ਆ ਆਪੋ-ਧਾਪੀ 'ਚ। ਅਤੇ ਇਸੇ ਆਪੋ-ਧਾਪੀ 'ਚ ਆਪੇ ਹੀ ਆਪ, ਬਣ ਗਈ ਆ ਖੋਖੜੋ-ਖੱਖੜੀ, ਜੀਹਦੇ ਝਾੜੂ ਦਾ ਤੀਲਾ ਤੀਲਾ ਪੰਜਾਬ ਦੀਆਂ ਗਲੀਆਂ,ਬਜ਼ਾਰਾਂ, ਕੋਨਿਆਂ, ਖੂੰਜਿਆਂ, ਸੜਕਾਂ ਚੁਰਾਹਿਆਂ 'ਚ ਰੁਲਦਾ ਨਜ਼ਰੀਂ ਪੈ ਰਿਹਾ ਇਸ ਵੇਲੇ ਤਾਂ ਭਾਈ!
ਨੇੜੇ ਆਈ ਜੰਜ ਬਿੰਨੋ ਕੁੜੀ ਦੇ ਕੰਨ
ਖ਼ਬਰ ਹੈ ਕਿ ਪੰਜਾਬ ਪ੍ਰਦੇਸ਼ ਵਿੱਚ ਆਉਣ ਵਾਲੇ ਪੰਦਰਾਂ ਦਿਨਾਂ ਵਿੱਚ ਛੇ ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 8 ਸਤੰਬਰ ਨੂੰ 4500 ਈ.ਟੀ.ਟੀ. ਅਧਿਆਪਕਾਂ ਨੂੰ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨਿਯੁੱਕਤੀ ਪੱਤਰ ਦੇਣਗੇ। ਸਿੱਖਿਆ ਮੰਤਰੀਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਦਿਤੀ । ਉੱਧਰ ਪੇਂਡੂ ਵਿਭਾਗ ਦੇ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ'ਚ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਨੂੰ ਇੱਕ ਸੌ ਕਰੋੜ ਦੇ ਬਰਤਨ ਵੰਡੇ ਜਾਣਗੇ। ਆਉਣ ਵਾਲੇ ਕੁਝ ਮਹੀਨਿਆਂ 'ਚ ਪਿੰਡਾਂ ਦੀਆਂ ਸੜਕਾਂ ਦੀਮੁਰੰਮਤ ਕਰ ਦਿਤੀ ਜਾਵੇਗੀ ਅਤੇ ਵੱਧ ਤੋਂ ਵੱਧ ਸੰਗਤ ਦਰਸ਼ਨ ਕਰਕੇ ਲੋਕਾਂ ਨੂੰ ਗ੍ਰਾਂਟਾਂ ਵੰਡੀਆਂ ਜਾਣਗੀਆਂ। ਅਤੇ 6 ਸਤੰਬਰ ਤੱਕ 800 ਪੰਚਾਇਤ ਸਕੱਤਰ ਭਰਤੀ ਕੀਤੇ ਜਾਣਗੇ।
ਇਸ ਨੂੰ ਕਹਿੰਦੇ ਆ ਫੁਰਤੀ। ਲੋਕ ਪੁੱਛਦੇ ਆ ਭਾਈ, ਇਹ ਕਾਹਲੇ-ਬਾਹਲੇ ਨੇਤਾ, ਪਿਛਲੇ ਸਾਢੇ ਨੌਂ ਵਰੇ ਕਿਥੇ ਲੰਮੀਆਂ ਤਾਣਕੇ ਸੁੱਤੇ ਰਹੇ? ਪਤਾ ਨਹੀਂ ਕਿਉਂ; ਨਾ ਇਨਾਂ ਨੂੰ ਦਸ-ਦਸ ਸਾਲ ਬੇਰੁਜ਼ਗਾਰੀ ਹੰਢਾਉਂਦੇ ਉਸਤਾਦ ਦਿਸੇ, ਨਾ ਦਿਸੀਆਂ ਪੰਚਾਇਤਾਂ ! ਉਸਤਾਦਾਂ ਦੀਆਂਤਾਂ ਪੁਲਿਸ ਨੇ ਕੁੱਟ-ਕੁੱਟ ਵੱਖੀਆਂ ਅੰਦਰ ਪਾਤੀਆਂ, ਤੇ ਵਿਚਾਰੇ ਸੀਂਢ ਪੂੰਝਦੇ ਸਰਕਾਰੀ ਸਕੂਲਾਂ ਦੀਆਂ ਪੰਜੇ ਕਲਾਸਾਂ ਪਹਿਲੀ ਤੋਂ ਪੰਜਵੀਂ ਤੱਕ ਨੂੰ ਇਕੋ ਉਸਤਾਦ ਪੰਜਾਬੀ ਦੀ ਮੁਹਾਰਨੀ, ਅੰਗਰੇਜੀ ਦੀ ਏ ਬੀ ਸੀ, ਹਿੰਦੀ ਦਾ ਕਾ, ਖਾ ਅਤੇ ਇਤਿਹਾਸ, ਭੂਗੋਲ, ਵਿਗਿਆਨ,ਹਿਸਾਬ, ਅੰਗਰੇਜੀ ਪੜਾਉਂਦਾ ਰਿਹਾ। ਤਦੇ ਭਾਈ ਇਨਾਂ 'ਚੋਂ ਨਾ ਕਿਸੇ ਨੂੰ ਢਾਏ ਦਾ ਪਹਾੜਾ ਆਉਂਦਾ ਨਾ ਉਹ ਜਾਣਦੇ ਆ ਪੰਜਾਬ ਦੇ ਮੁਖ ਮੰਤਰੀ ਬਾਦਲ ਸਿਹੁੰ ਜੀ ਦਾ ਨਾਮ ਅਤੇ ਨਾ ਹੀ ਉਹ ਜਾਣਦੇ ਆ ਨਿੱਤ ਜਹਾਜ਼ੇ ਚੜੇ ਮੋਦੀ ਦੇ ਨਾਮ ਦੇ ਅੱਖਰਾਂ ਦੀ ਗਿਣਤੀ ਅਤੇ ਪੂਰਾਨਾਮ “ਨਰੇਂਦਰ ਦਮੋਦਰਦਾਸ ਮੋਦੀ”।ਤੇ ਬਹੁਤੀਆਂ ਪੰਚਾਇਤਾਂ ਤਾਂ ਸਰਕਾਰੀ ਪੈਸਾ ਟੱਕਾ ਉਡੀਕਦੀਆਂ, ਆਪਣੀ ਅੱਧੀ ਨਾਲੋਂ ਵੱਧ ਅਉਧ ਗੰਵਾ ਚੁੱਕੀਆਂ ਆ ਭਾਂਡੇ ਮਿਲਣ ਤੇ ਆਖ ਦੇਣਗੀਆਂ 'ਚਲੋ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ'।ਤੇ ਹੁਣ ਕਿਉਂਕਿ ਪੰਜਾਬ'ਚ ਗਾਜੇ-ਵਾਜੇਵੱਜਣ ਲੱਗ ਪਏ ਆ, ਚੋਣਾ ਦਾ ਵਿਆਹ ਧਰਿਆ ਜਾ ਚੁੱਕਾ ਆ। ਬਰਾਤੀ ਤਾਂ ਭਾਵੇਂ ਅੱਜ ਸੰਵਰਨ ਲਈ ਹਾਲੀ ਸੱਦੇ ਦੀਆਂ ਉਡੀਕਾਂ ਹੀ ਕਰ ਰਹੇ ਆ, ਪਰ ਦੂਲੇ ਰਾਜਾ ਨੇਤਾ ਤਾਂ ਹਾਰ ਸ਼ਿੰਗਾਰ ਕਰਕੇ ਗਲੀਆਂ, ਸੜਕਾਂ, ਕੱਛਦੇ, ਬਰਾਤੀਆਂ ਨੂੰ ਲੱਭਣ ਨਿਕਲ ਤੁਰੇ ਹੋਏ ਆ।ਕੋਈ ਦੁਲਾ, ਬਰਾਤੀਆਂ ਲਈ ਸਵਾਰੀ ਲਈ ਕਾਰਾਂ ਦਾ ਪ੍ਰਬੰਧ ਕਰਨ ਲੱਗਿਆਂ ਹੋਇਆ, ਕੋਈ ਉਨਾਂ ਦੇ ਨਸ਼ੇ ਪੱਤੇ ਲਈ ਪੈਸੇ ਧੇਲਾ ਇਕੱਠੇ ਕਰਨ ਲੱਗਾ ਹੋਇਆ, ਕਿਧਰਿਓ ਉਧਾਰ ਲੈ ਕੇ ਜਾਂ ਦੋਸਤਾਂ ਮਿੱਤਰਾਂ ਤੋਂ 'ਡਾਲੀ' ਲੈ ਕੇ ਤੇ ਇਧਰ ਇਹ ਆਪਣੀ ਵਿਚਾਰੀ ਸਰਕਾਰ ਜੰਜਦੀ ਸਵਾਗਤ ਦੀ ਤਿਆਰੀ 'ਚ ਹਾਲੋ-ਬੇਹਾਲ ਹੋਈ, ਫਟਾ-ਫਟ ਆਪਣੇ ਕਰਿੰਦਿਆਂ ਨੂੰ ਹੁਕਮ-ਤੇ-ਹੁਕਮ ਚਾੜ ਰਹੀ ਆ, ਭਾਈ “ਵਿਆਂਹਦ ਦੇ ਕੰਨ ਬਿੰਨ ਦਿਓ, ਬਰਾਤ ਤਾਂ ਢੁੱਕ ਚੁੱਕੀ ਆ ਲਾੜਾ ਮੂੰਹ ਫੇਰ ਕੇ ਗੁਆਂਢੀਆਂ ਦੇ ਵਿਹੜੇ ਹੀ ਨਾ ਜਾ ਢੁੱਕੇ!
ਕਭੀ ਯਾਦ ਆਏ ਤੋਂ ਮਤ ਰੋਨਾ
ਖ਼ਬਰ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮੁੱਖ ਸੰਸਦੀ ਸਕੱਤਰਾਂ ਦੇ ਅਹੁਦਿਆਂ ਨੂੰ ਗੈਰ-ਸੰਵਿਧਾਨਿਕ ਕਰਾਰ ਦੇਣ ਤੋਂ ਬਾਅਦ ਰਾਜ ਸਰਕਾਰ ਵਲੋਂ ਮੁਖ ਸੰਸਦੀ ਸਕੱਤਰਾਂ ਦੀਆਂ ਸਹੂਲਤਾਂ ਅਤੇ ਕਮਰੇ, ਕਾਰਾਂ ਭਾਵੇਂ ਵਾਪਿਸ ਲੈ ਲਈਆਂ ਸਨ, ਪਰ ਉਨਾਂ ਨੂੰ ਫਾਰਗਕਰਨ ਸਬੰਧੀ ਕੋਈ ਬਕਾਇਦਾ ਹੁਕਮ ਜਾਰੀ ਨਾ ਹੋਣ ਕਾਰਨ ਜੋ ਅਨਿਸ਼ਚਿਤਤਾ ਚਲ ਰਹੀ ਸੀ, ਰਾਜ ਸਰਕਾਰ ਵਲੋਂ ਉਸਨੂੰ ਖਤਮ ਕਰ ਦਿਤਾ ਗਿਆ। ਰਾਜ ਸਰਕਾਰ ਵਲੋਂ ਅੱਜ ਪੁਰਾਣੇ 17 ਮੁਖ ਸੰਸਦੀ ਸਕੱਤਰਾਂ ਨੂੰ 13 ਅਗਸਤ ਨੂੰ ਹਟਾਉਣ ਸਬੰਧੀ ਹੁਕਮ ਆਏਅਦਾਲਤੀ ਫੈਸਲੇ ਕਾਰਨ 12 ਅਗਸਤ ਤੱਕ ਦੀ ਤਨਖਾਹ ਜਾਰੀ ਕਰਨ ਬਾਅਦ, ਸਰਕਾਰ ਰਿਕਾਰਡ ਵਿਚ ਉਨਾਂ ਨੂੰ ਫਾਰਗ ਕਰ ਦਿਤਾ।
ਮੌਜਾਂ- ਹੀ ਮੌਜਾਂ ਕੀਤੀਆਂ ਇਨਾਂ ਲੋਕ- ਪ੍ਰਤੀਨਿਧਾਂ ਨੇ! ਨਾ ਸੀ ਉਨਾਂ ਪੱਲੇ ਕੋਈ ਕੰਮ, ਨਾ ਸੀ ਵੇਖਣ ਲਈ ਕੋਈ ਸਰਕਾਰੀ ਫਾਈਲ!! ਬੱਸ ਮੁਫਤ ਵਿਚ ਸੀ ਕਾਰ ਦੀ ਸਵਾਰੀ, ਮੋਟੀ ਤਨਖਾਹ, ਮੰਤਰੀਆਂ ਵਾਲਾ ਰੁਹਬ-ਦਾਅਬ, ਭੱਤੇ, ਕਰਿੰਦੇ, ਪੁਲਸੀਏ, ਫੋਨ ਤੇ ਹੋਰਸਹੂਲਤਾਂ!
ਕੀ ਹਰਜ਼ ਸੀ, ਜੇ ਫੈਸਲਾ ਰਤਾ ਕੁ ਹੋਰ ਚਿਰ ਨਾ ਆਉਂਦਾ, ਜਿਹੜਾ ਅਦਾਲਤ ਵਾਲਿਆਂ ਰਾਖਵਾਂ ਰੱਖਿਆ ਹੋਇਆ ਸੀ। ਚਾਰ ਦਿਨ ਹੋਰ ਸੌਖੇ ਲੰਘ ਜਾਂਦੇ ਲਾਲ ਬੱਤੀ ਵਾਲੀ ਕਾਰ ਦੀ ਸਵਾਰੀ 'ਚ ਅਤੇ ਟੌਹਰ ਟੱਪੇ 'ਚ! ਪਤਾ ਨਹੀਂ ਅੱਗੋਂ ਬੱਤੀ ਵਾਲੀ ਕਾਰ ਮਿਲੇ-ਨਾ-ਮਿਲੇ!ਵਿਧਾਇਕ ਦੀ ਕੁਰਸੀ ਮੁੜ ਹੱਥ ਆਵੇ-ਨਾ-ਆਵੇ। ਬੱਸ ਮਨ 'ਚ ਮੰਤਰੀਆਂ ਨਾਲ ਬਹਿਕੇ ਮੀਟਿੰਗ 'ਚ ਮੱਖੀ ਤੇ ਮੱਖੀ ਮਾਰਨ ਵਾਲੇ ਪਲ ਯਾਦ ਤਾਂ ਆਇਆ ਹੀ ਕਰਨਗੇ ਅਤੇ ਇਹ ਮਿੱਠੀਆਂ ਯਾਦਾਂ ਦਾ ਮਧੂਰ ਸੰਗੀਤਕ ਆਣਾ “ਹਮ ਛੋੜ ਚਲੇਂ ਹੈਂ ਮਹਿਫਲ ਕੋ, ਕਭੀ ਯਾਦਆਏ ਤੋਂ ਮਤ ਰੋਣਾ”। ਪਰ ਭਾਈ ਲੋਕਾਂ ਦੇ ਖ਼ੂਨ ਪਸੀਨੇ ਨਾਲ ਕੀਤੀ ਕਮਾਈ ਵਿਚੋਂ ਦਿਤੇ ਟੈਕਸ ਵਿਚੋਂ ਲਈ ਬੇਵਜਾ ਲਈ ਤਨਖਾਹ ਤੇ ਕਮਾਈ ਵਾਧੂ ਦਾ ਹਿਸਾਬ ਕਿਤਾਬ, ਲੇਖਾ ਜੋਖਾ ਮਹਿਫਲਾਂ ਵਿੱਚ ਨਾ ਸਹੀ, ਲੋਕ ਕਚਿਹਰੀ ਵਿੱਚ ਤਾਂ ਦੇਣਾ ਹੀ ਪਊ!
ਚੌਥਾ ਥੰਮ, ਚੌਥਾ ਪਾਵਾ
ਖ਼ਬਰ ਹੈ ਕਿ “ਆਪ” ਵਲੋਂ ਬਾਦਲ ਭਜਾਉ, ਪੰਜਾਬ ਬਚਾਉ ਰੈਲੀ ਦੌਰਾਨ ਭਗਵੰਤ ਮਾਨ ਨੇ ਮੀਡੀਆ ਕਰਮੀਆਂ ਉਤੇ ਇਹ ਕਹਿਕੇ ਭੜਾਸ ਕੱਢੀ “ਆਪਣੇ ਆਪ ਚਲੇ ਜਾਓ ਨਹੀਂ ਤਾਂ ਧੱਕੇ ਮਾਰਕੇ ਭਜਾ ਦਿਆਂਗੇ। ਸਾਨੂੰ ਵਿਕਾਊ ਮੀਡੀਆ ਦੀ ਪ੍ਰਵਾਹ ਨਹੀਂ।ਇਸ ਸਬੰਧੀਅਕਾਲੀ ਦਲ ਦੇ ਬੁਲਾਰੇ ਨਿਰਮਲ ਸਿੰਘ ਵਿਧਾਇਕ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਆਪ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਭਗਵੰਤ ਮਾਨ ਹਰ ਸਮੇਂ ਨਸ਼ੇ ਦੀ ਲੋਰ 'ਚ ਰਹਿੰਦਾ ਹੈ,ਕਿਉਂਕਿ ਉਸਦੇ ਪੈਰਾਂ ਹੇਠ ਬਟੇਰਾ ਆਇਆ ਹੋਇਆ ਹੈ। ਇਸ ਬਿਆਨ ਤੋਂ ਖਫਾ ਪੱਤਰਕਾਰਾਂ ਦੀਆਂ ਕਲੱਬਾਂ ਨੇ ਭਗਵੰਤ ਮਾਨ ਦੇ ਕਲੱਬਾਂ 'ਚ ਦਾਖਲੇ ਤੇ ਪਾਬੰਦੀ ਲਾ ਦਿਤੀ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਨਵਜੋਤ ਸਿੱਧੂ, ਬੈਂਸ ਭਰਾਵਾਂ, ਅਤੇ ਵਿਧਾਇਕ ਪ੍ਰਗਟ ਸਿੰਘਨੇ ਇੱਕ ਜੁੱਟ ਹੋਕੇ ਅਵਾਜ਼-ਏ- ਪੰਜਾਬ ਨਾਮ ਦਾ ਸਿਆਸੀ ਮੰਚ ਖੜਾ ਕਰ ਦਿਤਾ ਹੈ। ਕੁਝ ਦਿਨ ਪਹਿਲਾ ਧਰਮਵੀਰ ਗਾਂਧੀ ਨੇ ਵੀ ਇਹੋ ਜਿਹਾ ਫਰੰਟ ਬਨਾਉਣ ਦਾ ਸੰਕੇਤ ਕੀਤਾ ਸੀ। ਸੁਨਣ 'ਚ ਆ ਰਿਹਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਵੀ ਇਸੇ ਮੰਚ ਦਾ ਹਿੱਸਾ ਬਣੇਗਾ। ਤੇਇਹ ਫਰੰਟ ਚੌਥੇ ਫਰੰਟ ਵਜੋਂ ਜਾਣਿਆ ਜਾਏਗਾ, ਜਦਕਿ ਪਹਿਲਾਂ ਪੰਜਾਬ ਵਿਚ ਅਕਾਲੀ- ਭਾਜਪਾ, ਕਾਂਗਰਸ, ਆਮ ਆਦਮੀ ਤਿੰਨ ਧਿਰਾਂ ਕੰਮ ਕਰ ਰਹੀਆਂ ਹਨ।
ਨਿੱਤ ਹਾਸੇ ਨਾਲ ਪਟਾਕੇ ਪਾ ਦਿੰਦਾ ਆ ਭਗਵੰਤ ਮਾਨ! ਪੰਜਾਬ ਦਾ ਮਾਣ ਆ ਭਾਈ ਉਹ!! ਕਦੇ ਨੀਲੇ ਕਾਰਡਾਂ ਵਾਲਿਆਂ ਨੂੰ ਭਿਖਾਰੀ ਆਖ ਦੇਦਾਂ ਅਤੇ ਕਦੇ ਮਾਸਟਰਾਂ ਨੂੰ ਵਿਹਲੜ। ਅਸਲ ਭਾਈ ਉਹਨੂੰ ਯਾਦ ਹੀ ਨਹੀਂ ਰਹਿੰਦਾ ਐਡੀ “ਮਲੱਖ” ਵੇਖਕੇ ਕਿ ਮੈਂ ਕਹਿਣਾ ਕੀਆ? ਇਨਾਂ ਨੂੰ ਹਸਾਉਣਾ ਆ ਕਿ ਰੁਲਾਉਣਾ ਆ ਕਿ ਇਥੋਂ ਭਜਾਉਣਾ ਆ?
ਯਾਦ ਭਾਈ ਭਗਵੰਤ ਮਾਨ ਨੂੰ ਕੀ ਪੰਜਾਬ ਦੇ ਪਹਿਲੇ, ਦੂਜੇ, ਤੀਜੇ ਅਤੇ ਹੁਣ ਚੌਥੇ ਬਣੇ ਨਵੇਂ ਪਾਵਿਆਂ ਨੂੰ ਵੀ ਕੁਝ ਨਹੀਂ ਰਹਿੰਦਾ। ਪੰਜਾਬ ਨੂੰ ਸਮਝਦੇ ਆ ਸਾਰੇ ਬਟੇਰਾ ਤੇ ਲੋਚਦੇ ਆ ਪੈਰਾਂ ਹੇਠ ਮਿਧਣਾ ਮਧੋਲਣਾ! ਉਨਾਂ ਤਾਂ ਭਾਈ ਚੁਗਣਾ ਆ ਚੋਗਾ, ਪੰਜਾਬ ਹਿਤੈਸ਼ੀ, ਪੰਜਾਬਦੇ ਸਿਆਣੇ, ਪੱਥ ਪ੍ਰਦਰਸ਼ਕ, ਰਹਿਨੁਮਾ, ਸਮਾਜ ਸੇਵਕ ਬਣਕੇ! ਉਨਾਂ ਲਈ ਤਾਂ ਭਾਈ ਲੋਕਤੰਤਰ ਦਾ ਚੌਥਾ ਥੰਮ ਵੀ ਇੱਕ ਪੁਰਜਾ ਆ। ਪਰ ਉਹ ਕੀ ਜਾਨਣ ਚੌਥਾ ਪਾਵਾ ਚੌਥਾ ਥੰਮ ਰਤਾ ਕੁ ਹਿੱਲਿਆ ਨਹੀਂ ਤਾਂ ਮੰਜਾ ਮੂਧਾ ਹੋਇਆ ਨਹੀਂ! ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਵਿੱਚ ਫਿਰਕੂ ਦੰਗਿਆਂ ਨੂੰ ਛੱਡ ਵੀ ਦਈਏ ਤਾਂ ਵੀ ਦੇਸ਼ ਵਿਚ ਹੋਰ ਤਰਾਂ ਦੇ ਦੰਗਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ I ਜ਼ਮੀਨ ਕਬਜਿਆਂ ਨਾਲ ਜੁੜੇ ਦੰਗਿਆਂ ਵਿੱਚ 327 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ। ਸਾਲ 2014 ਵਿੱਚ ਇਨਾਂ ਦੰਗਿਆਂ ਦੀ ਗਿਣਤੀ 628ਸੀ ਜੋਂ 2015 'ਚ ਵਧਕੇ 2683 ਹੋ ਗਈ। ਫਿਰਕੂ ਦੰਗੇ 2014 'ਚ 1227 ਹੋਏ ਜਦਕਿ 2015 ਵਿੱਚ 789 ਰਹਿ ਗਏ। ਜਾਤੀ ਗਤ ਦੰਗੇ ਸਾਲ 2014 ਵਿੱਚ 1494 ਸਨ ਜੋ 2015 ਵਿੱਚ 2428 ਹੋ ਗਏ। ਜਦਕਿ ਰਾਜਨੀਤਕ ਦੰਗੇ 2014 ਵਿੱਚ 1853 ਅਤੇ2015 ਵਿੱਚ 1960 ਹੋ ਗਏ। ਵਿਦਿਆਰਥੀ ਦੰਗੇ 2014 ਵਿੱਚ 261 ਅਤੇ 2015 ਵਿੱਚ 485 ਹੋਏ ਜਦਕਿ ਪੰਥ- ਸੰਘਰਸ਼ 2014 'ਚ ਰਿਫ 31 ਸੀ ਤੋਂ 2015 'ਚ ਵਧਕੇ 884 ਹੋ ਗਿਆ।.
ਇੱਕ ਵਿਚਾਰ
ਵਿਕਾਸ ਅਤੇ ਸੁਯੋਗ ਪ੍ਰਬੰਧ ਦਾ ਅਸਲੀ ਦੁਸ਼ਮਣ ਭ੍ਰਿਸ਼ਟਾਚਾਰ ਹੈ- : ਸਖਿਆਗਿਨ ਇਲਵੇਗਦੋਰਜ਼
-
ਗੁਰਮੀਤ ਸਿੰਘ ਪਲਾਹੀ, ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.