ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਦਲੀਪ ਪਾਂਡੇ ਨੇ ਪੰਜਾਬ ਵਿੱਚ ਸੀ. ਐਮ. ਉਮੀਦਵਾਰੀ ਅਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਉਨਾਂ ਦੀ ਸੀ. ਐਮ. ਬਨਣ ਦੀ ਮਨਸ਼ਾ ਪੂਰੀ ਨਹੀਂ ਕੀਤੀ ਜਾ ਸਕਦੀ। ਉਨਾਂ ਨੇ ਕਿਹਾ ਕਿ ਸਿੱਧੂ ਨੇ ਜਦੋਂ ਰਾਜ ਸਭਾ ਛੱਡੀ ਸੀ ਤਾਂ ਪਾਰਟੀ ਨੇ ਇਸਦਾ ਸਵਾਗਤ ਜ਼ਰੂਰ ਕੀਤਾ ਸੀ ਪਰ ਇਹ ਉਨਾਂ ਦਾ ਆਪਣਾ ਫੈਸਲਾ ਸੀ। ਹੁਣ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਵੀ ਉਨਾਂ ਨੇ ਖ਼ੁਦ ਕਰਨਾ ਹੈ। ਆਮ ਆਦਮੀ ਨਾਲ ਨਵਜੋਤ ਸਿੰਘ ਸਿੱਧੂ ਦੀ ਗੱਲ ਕਿਸੇ ਤਣ ਪੱਤਣ ਨਾ ਲੱਗਣ 'ਤੇ ਹੁਣ ਕਾਂਗਰਸ ਨੇ ਇਸ ਸਟਾਰ ਪ੍ਰਚਾਰਕ ਨਾਲ ਰਾਬਤਾ ਕੀਤਾ ਹੈ ਭਾਵੇਂ ਕਿ ਕਾਂਗਰਸ 'ਚ ਸਿੱਧੂ ਦੇ ਮੁੱਖਮੰਤਰੀ ਦਾ ਉਮੀਦਵਾਰ ਬਨਣ ਦੀ ਕੋਈ ਗੁੰਜਾਇਸ਼ ਨਹੀਂ!
ਲਓੁ ਜੀ, ਹਾਸੇ ਹਾਸੇ 'ਚ ਕਰਤਾ ਸਿੱਧੂ “ਪਾਰਟੀਆਂ” ਵਾਲਿਆਂ ਚਿੱਤ! ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਤਾਂ ਭਾਈ ਛੱਡਕੇ ਮੈਦਾਨ ਭੱਜ ਗਏ ਆ। ਹੁਣ ਤਾਂ ਇੰਜ ਲੱਗਦੈ, ਭਾਈ, ਸਿੱਧੂ ਜੀ ਨਾ ਇਧਰ ਕੇ ਰਹੇ ਹਨ ਨਾ ਉਧਰ ਕੇ! ਬਥੇਰਾ ਸਮਝਾਇਆ ਭਾਜਪਾ ਵਾਲਿਆਂ, ਬੱਲਿਆ ਰਾਜ ਸਭਾ 'ਚ ਬੈਠ, ਦੋ ਚਾਰ ਤਾਲੀਆਂ ਠੋਕ, ਅਕਾਲੀਆਂ ਨੂੰ ਡਰਾ, ਕਾਂਗਰਸੀਆਂ ਨਾਲ ਪੰਗਾ ਲੈ ਅਤੇ ਬਾਕੀ ਬਚਦਾ ਵਕਤ “ਠੋਕੋ ਤਾਲ”, “ਗੁਰੂ ਹੋ ਜਾ ਸ਼ੁਰੂ” ਕਰ ਕੇ ਲੰਘਾ! ਸਿੱਧੂ ਦੀ ਮੈਂ ਨਾ ਮਾਨੂੰ ਦੀ ਅੜੀ ਨੇ ਆਹ ਦਿਨ ਦਿਖਾਤੇ ਸਿੱਧੂ ਨੂੰ! ਆਪ ਵਾਲਿਆਂ ਆਖਿਆ, “ਭਾਈ ਸਿੱਧੂ ਜੀ, ਆਪਸੇ ਪਹਿਲੇ ਹਮਾਰੇ ਪਾਸ ਬਹੁਤ ਸੇ ਸੀ. ਐਮ. ਹੈਂ; ਆਪ ਇਧਰ ਆਉ, ਸੇਵਾ ਕਰੋ, ਅਕਾਲੀਆਂ ਸੇ ਗਾਲੀ ਗਲੋਚ ਕਰੋ, ਵੇਖਂੇਗੇ ਕਿਤਨੀ ਗਾਲੀਆਂ ਆਪ ਉਨਕੋ ਨਿਕਾਲੋਗੇ, ਉਤਨਾ ਬੜਾ ਆਹੁਦਾ ਆਪ ਕੋ ਦੇਂਗੇ” ਪਰ ਸਿੱਧੂ ਭਾਈ ਮੰਨੇ ਹੀ ਨਾ, ਕਹਿੰਦੇ ਬਣਨਾ ਆ ਤਾਂ ਥਾਣੇਦਾਰ ਪੰਜਾਬ ਦਾ, ਕੁੱਟ ਕੁੱਟ ਹਲਾਲ ਕਰਨੇ ਆ ਮੇਰੇ ਵੱਲ ਕਹਿਰੀਆਂ ਅੱਖਾਂ ਕੱਢਣ ਵਾਲੇ, ਮੈਨੂੰ ਪੰਜਾਬੋਂ ਭਜਾਉਣ ਵਾਲੇ। ਮੇਰਾ ਛੋਟੀ ਫੀਤੀ ਨਾਲ ਨਹੀਓਂ ਸਰਨਾ। ਤੇ ਆਪ ਵਾਲਿਆਂ ਸਿੱਧੂ ਨੂੰ ਧਰਤੀ ਦਿਖਾਤੀ! ਸਿੱਧੂ ਦਾ ਹਾਸਾ, ਸਿੱਧੂ ਦਾ ਪਟਾਕਾ, ਤਾਂ ਭਾਈ ਹਵਾ 'ਚ ਹੀ ਹੋਰੂੰ ਹੋਰੂੰ ਹੋ ਗਿਆ ਲੱਗਦਾ। ਚਾਅ ਸੀ. ਐਮ. ਬਨਣ ਦਾ, ਪੈ ਗਿਆ ਭਾਈ ਉਹ ਤਾਂ ਖੂਹ ਖਾਤੇ ਅਤੇ ਇਧਰ ਭਾਈ ਬਾਦਲ ਸਿੱਧੂ ਦੀ ਟੁੱਟ ਗਈ ਤੜੱਕ ਕੇ ਵਾਲੀ ਭਾਜਪਾ ਵਾਲਿਆਂ ਨਾਲ ਯਾਰੀ ਅਤੇ ਆਪ ਵਾਲਿਆਂ ਨਾਲ ਆੜੀ ਤੇ ਠਹਾਕੇ ਲਾਉਂਦੇ ਆਖਣ ਲੱਗ ਪਏ ਆ, “ਨਾਤੀ ਧੋਤੀ ਰਹਿ ਗਈ, ਉਤੇ ਮੱਖੀ ਬਹਿ ਗਈ”।
ਟੂ ਕਿੱਲ ਏ ਮੌਕਿੰਗ ਬਰਡ
ਖ਼ਬਰ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਹਿਤੈਸ਼ੀ ਅਤੇ ਪੰਜਾਬ ਵਿਰੋਧੀ ਤਾਕਤਾਂ ਦਰਮਿਆਨ ਸਿੱਧੀ ਲੜਾਈ ਦੱਸਦਿਆਂ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਾਂ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣ ਲਈ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਸੱਦਾ ਦਿਤਾ। ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਸੂਬੇ ਦੇ ਭਵਿੱਖ ਨੂੰ ਤੈਅ ਕਰਨਗੀਆਂ ਕਿਉਂਕਿ ਇਸਨੂੰ ਸੂਬੇ ਦੇ ਹਿਤੈਸ਼ੀਆਂ ਅਤੇ ਦੁਸ਼ਮਣਾਂ ਵਿਚਾਲੇ ਨਿਰਣਾਇਕ ਲੜਾਈ ਵਜੋਂ ਵੇਖਿਆ ਜਾਵੇਗਾ।ਜੇਕਰ ਸੂਬੇ ਦਾ ਹਿਤੈਸ਼ੀ ਅਕਾਲੀ-ਭਾਜਪਾ ਗੱਠਜੋੜ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਪੰਜਾਬ ਬੇ-ਮਿਸਾਲ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇਗਾ ਪਰ ਜੇਕਰ ਆਪ ਅਤੇ ਕਾਂਗਰਸ ਦੇ ਰੂਪ ਵਿਚ ਪੰਜਾਬ ਵਿਰੋਧੀ ਤਾਕਤਾਂ ਸੱਤਾ ਵਿੱਚ ਆਉਂਦੀਆਂ ਹਨ ਤਾਂ ਪੰਜਾਬ ਬਾਰਬਾਦ ਹੋ ਜਾਵੇਗਾ।
ਹਿੰਦੋਸਤਾਨ ਆ ਲੋਕਾਂ ਦਾ, ਭਾਰਤ ਆ ਸਰਮਾਏਦਾਰਾਂ ਦਾ ਅਤੇ ਇੰਡੀਆ ਆ ਕਾਰਪੋਰੇਟੀਆਂ ਤੇ ਵਿਦੇਸ਼ੀਆਂ ਦਾ। ਜਿਵੇਂ ਸੋਨੇ ਦੀ ਚਿੜੀ ਹਿੰਦੋਸਤਾਨ ਦਾ ਨਾਸ ਪਹਿਲਾਂ ਭਾਰਤੀਆਂ ਤੇ ਫਿਰ ਇਹ ਵਿਦੇਸ਼ੀਆਂ ਨੇ ਕੀਤਾ, ਇਵੇਂ ਹੀ ਭਾਈ ਪੰਜਾਬ ਦਾ ਨਾਸ ਮਾਰਿਆ 10 ਲੱਖ ਪੰਜਾਬੀਆਂ ਦਾ ਭਾਈਆਂ ਹੱਥੋਂ ਭਾਈ ਮਰਵਾ ਕੇ ਭਾਰਤੀ ਨੇਤਾਵਾਂ ਨੇ। ਦੱਸੋ ਭਲਾ ਕਿਸੇ ਭਾਰਤੀ ਦੀ ਜਾਂ ਕਿਸੇ ਇੰਡੀਅਨ ਦੀ ਜੇਬੋਂ ਖਿਸਕਿਆ ਰੁਪੱਈਆ ਵੀ, ਪਰ ਪੰਜਾਬੀਆਂ ਦਾ ਝੁਗਾ ਚੋੜ ਹੋ ਗਿਆ। ਜਾਇਦਾਦ ਵੀ ਗਈ , ਤੇ ਜਾਨ ਵੀ। ਪੱਲੇ ਨਾ ਆਨ ਰਹੀ, ਨਾ ਸ਼ਾਨ! ਨਾ ਮਾਣ ਰਿਹਾ ਨਾ ਰਹੀ ਇੱਜਤ! ਚਿਹਕਦਾ, ਚੂਕਦਾ ਪੰਜਾਬ ਬਣ ਗਿਆ ਖ਼ਾਕ ਅਤੇ ਮਿੱਟੀ, ਜਿਥੋਂ ਪਹਿਲਾਂ 1947 'ਚ, ਫਿਰ ਚੁਰਾਸੀ 'ਚ ਅਤੇ ਹੁਣ ਪਿਛਲਿਆਂ ਸਾਲਾਂ 'ਚ ਸਿਵਿਆਂ 'ਚ ਨਿੱਤ ਚੰਗਿਆੜੀ ਬਲਦੀ ਆ। ਪੰਜਾਬ ਦਾ ਧਰਤੀ ਹੇਠ ਪਾਣੀ ਮੁਕ ਗਿਆ ਅਤੇ ਨਾਲ ਹੀ ਮੁੱਕ ਰਹੀ ਆ ਸੋਹਣੀ, ਸੁਨੱਖੀ, ਰੋਹਬੀਲੀ ਅਤੇ ਪੰਜਾਬ ਦੀ ਜੁਆਨੀ ਤੇ ਕਿਰਸਾਨੀ। ਪੰਜਾਬ ਜਿਸ ਦੀਆਂ ਸਵੇਰਾਂ 'ਚ ਚਿੜੀਆਂ ਚੂਕਦੀਆਂ ਸਨ, ਉਥੇ ਵੈਣ ਪੈਂਦੇ ਹਨ ਨਸ਼ਿਆਂ ਨਾਲ ਪੀੜਤ ਪਰਿਵਾਰਾਂ ਦੇ ਘਰ! ਕਰਜ਼ੇ ਨਾਲ ਦੱਬੇ ਕਿਸਾਨਾਂ, ਮਜ਼ਦੂਰਾਂ ਦੇ ਦਰ!
ਪੰਜਾਬ ਤਾਂ ਭਾਈ ਹਿੰਦੋਸਤਾਨ ਦਾ ਮੌਕਿੰਗ ਬਰਡ [ਭੂਰੇ ਰੰਗ ਦੀ ਚਿੜੀ ] ਸੀ, ਜੋ ਹਿੰਦੋਸਤਾਨ ਲਈ ਬੁਲਬੁਲ ਵਾਂਗਰ ਬੜੇ ਮਿੱਠੇ ਗੀਤ ਗਾਉਂਦਾ ਸੀ, ਸਭ ਦਾ ਮਨ ਪਰਚਾਦਾ ਸੀ। ਸਭ ਦੇ ਢਿੱਡੀਂ ਅੰਨ ਦਾ ਦਾਣਾ ਪਾਉਂਦਾ ਸੀ। ਪਰ ਆਹ ਚਿੱਟਿਆਂ, ਆਹ ਕਾਲਿਆਂ, ਆਹ ਪੀਲਿਆਂ, ਆਹ ਨੀਲਿਆਂ ਕੀਲ ਲਿਆ ਪੰਜਾਬ! ਕਰ ਤਾ ਇਹਦਾ ਝੁਗਾ ਚੌੜ! ਪੰਜਾਬ ਹਿਤੈਸ਼ੀਆਂ, ਪੰਜਾਬ ਵਿਰੋਧੀਆਂ ਦਾ ਅਖਾੜਾ ਭਖਾਕੇ।ਮਰੇ ਨੂੰ ਕਿਉਂ ਮਾਰਦੇ ਓ ਭਾਈ? ਬਰਬਾਦ ਹੋਏ ਨੂੰ ਕਿਉਂ ਬਾਰਬਾਦ ਕਰਦੇ ਓ ਭਾਈ?ਪੰਜਾਬ ਹਿਤੈਸ਼ੀਓ, ਪੰਜਾਬ ਵਿਰੋਧੀਓ, ਜਿਹੜੇ ਵੀ ਤੁਸੀਂ ਹੋ, ਇਸ ਵੇਲੇ ਪੰਜਾਬ ਦੀ ਕੰਬਦੀ ਰੂਹ ਤਾਂ ਬਸ ਬਾਬੇ ਨਾਨਕ ਦੇ ਮਨੋਹਰ ਸ਼ਬਦ ਅਲਾਪਦੀ ਹੈ, ਐਤੀ ਮਾਰ ਪਈ ਕੁਰਲਾਨੈ, ਤੈਂ ਕੀ ਦਰਦ ਨਾ ਆਇਆ! ਯਾਦ ਰੱਖਿਓ ਪੰਜਾਬ ਨੂੰ ਮਾਰਨਾ, ਤਾਂ ਭੂਰੇ ਰੰਗ ਦੀ ਚਿੜੀ ਨੂੰ ਮਾਰਨ ਸਮਾਨ ਆ, ਜਿਹੜੀ ਕੋਇਲ ਵਾਂਗੂੰ ਤੁਹਾਡੇ ਵਿਹੜਿਆਂ 'ਚ ਵੈਣਾਂ ਦੀ ਥਾਂ ਮਿੱਠੇ ਮਨੋਹਰ ਗੀਤ ਗਾਉਂਦੀ ਆ।
ਸੁਣ ਵੇ ਫ਼ਖਰਦੀਨ ਬਸੁਰ ਆਖਿਆ
ਖ਼ਬਰ ਹੈ ਕਿ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਹਿੰਦੋਸਤਾਨ ਦੀ 70 ਵੀਂ ਵਰੇ ਗੰਢ ਮੌਕੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਅੱਤਵਾਦ ਅਤੇ ਹਿੰਸਾ ਦੇ ਅੱਗੇ ਝੁਕੇਗੀ ਨਹੀਂ। ਅੱਤਵਾਦੀਆਂ ਦਾ ਗੁਣਗਾਣ ਕਰਨ ਵਾਲੇ ਪਾਕਿਸਤਾਨ 'ਤੇ ਨਿਸ਼ਾਨੇ ਕੱਸਦੇ ਹੋਏ ਉਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਆਖਰ ਇਹ ਕਿਸ ਤਰਾਂ ਦਾ ਦੇਸ਼ ਹੈ, ਜੋ ਅੱਤਵਾਦ ਤੋਂ ਪ੍ਰੇਰਣਾ ਲੈਂਦਾ ਹੈ। ਉਨਾਂ ਬਲੋਚਿਸਤਾਨ, ਗਿਲਗਿਤ ਅਤੇ ਮਕਬੂਜਾ ਕਸ਼ਮੀਰ ਦੀ ਸਥਿਤੀ ਜ਼ਿਕਰ ਕਰਦਿਆਂ ਪਾਕਿਸਤਾਨ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇੱਕੋ ਮੁਲਕੋਂ ਬਣੇ ਦੋ ਅਵੈੜੇ ਮੁਲਕਾਂ ਦਾ ਵੇਖੋ ਭੈੜਾ ਹਾਲ? ਜਿਹੜੇ ਹੱਥ ਨਸ਼ਤਰ ਫੜ, ਕੱਛ ਬੰਦੂਖ ਰੱਖ, ਲੱਕ ਗੋਲਾ ਬਰੂਦ ਬੰਨ ਇੱਕ ਦੂਜੇ ਦੇ ਬੰਦਿਆਂ ਦਾ ਘਾਣ ਕਰੀ ਜਾਂਦੇ ਆ ਅਤੇ ਦੋਹਾਂ ਮੁਲਕਾਂ ਦੇ ਭਲੇ ਆਦਮੀ, ਕੋਈ ਜੰਮੂ ਕਸ਼ਮੀਰ 'ਚ, ਕੋਈ ਨਾਗਾਲੈਂਡ 'ਚ ਬਲੀ ਦੇ ਬੁਥੇ ਆਈ ਜਾਂਦੇ ਆ। ਆਹ ਵੇਖੋ ਨਾ ਆਪਣਾ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਫਸੀਲ ਤੋਂ 100 ਮਿੰਟ ਬੋਲਿਆ, ਰਤਾ ਵੀ ਨਾ ਡੋਲਿਆ, ਵਾਹਵਾ ਉਸ ਕੁਫਰ ਤੋਲਿਆ, ਅਖੇ ਇੰਡੀਆ ਹੋਈ ਜਾਂਦਾ ਆ ਅਮੀਰ ਸਹੀ ਕਿਹਾ ਉਸ, ਹੋਈ ਜਾਂਦਾ ਆ ਇੰਡੀਆ ਅਮੀਰ। ਪਰ ਭਾਰਤ ਦੀ ਹਾਲਤ ਹੈ ਗੰਭੀਰ।ਅਤੇ ਹਿੰਦੋਸਤਾਨ ਤਾਂ ਭਾਈ ਹੋਈ ਜਾ ਰਿਹਾ ਹੈ ਲੀਰੋ ਲੀਰ!ਫਿਰ ਵੀ ਆਪਣੀ ਤਾਨ 'ਚ ਬਾਸੁਰ ਹੋਕੇ, ਅਤੇ ਕਈ ਵੇਰ ਬਸੁਰ ਹੋਕੇ ਆਪਣਾ ਚੌੜੀ ਛਾਤੀ ਵਾਲਾ ਮੋਹਰੀ ਆਖੀ ਜਾਂਦਾ “ਸੁਣ ਵੇ ਫਖਰਦੀਨਾ, ਸਾਡਾ ਦੇਸ਼ ਆਈ ਤੇ ਆ ਜਾਏ ਤਾਂ ਦੁਨੀਆਂ ਨੂੰ ਤਾਰੇ ਦਿਖਾ ਦਏ, ਗਊਆਂ ਦੀ ਖੱਲ ਲਾਹੁਣ ਵਾਲੇ ਦਲਿਤਾਂ ਦੀ ਖੱਲ ਲਾਹ ਦਏ, ਉੇਚੀ ਬੋਲਣ ਵਾਲਿਆਂ ਦੇ ਮੂੰਹ ਤੇ ਚੇਪੀ ਲਾ ਦਏ। ਅਫਸਮਾ ਵਿਰੁੱਧ ਬੋਲਣ ਵਾਲਿਆਂ ਨੂੰ ਨਾਕੋ ਚਨੇ ਚਬਾ ਦਏ। ਗਰੀਬ-ਗੁਰਬੇ ਕੀ ਹੁੰਦੇ ਆ ,ਕਹਿੰਦੇ ਕਹਾਉਂਦੇ ਅਮੀਰਾਂ ਦਾ ਵੀ ਝੁੱਗਾ ਚੌੜ ਕਰਾ ਦਏ!! ਫਿਰ ਵੀ ਦੇਖੋ ਵਿਚਾਰੇ ਭਲੇ ਆਦਮੀ ਕਾ ਕਿਆ ਹਾਲ, ਲੋਕਾਂ ਬੁਰਿਆਂ ਕੂੰ ਭਲੇ ਕਰ ਜਾਨਤੇ, ਬੁਰਿਆਂ ਨੂੰ ਭਲੇ ਕਰ ਪਛਾਨਤੇ, ਭਲਾ ਆਦਮੀ ਕੂੰ ਜੀਨਾ ਬਹੁਤ ਮੁਸ਼ਕਲ£
ਈਹਨੂੰ ਕਹਿੰਦੇ ਆ ਸਵਦੇਸ਼ੀ
ਖ਼ਬਰ ਹੈ ਕਿ ਦਾਲ ਨੇ ਭਾਰਤ ਸਰਕਾਰ ਦੀ ਹੇਠਲੀ ਉਤੇ ਲਿਆ ਦਿਤੀ ਹੈ।ਮਹਿੰਗਾਈ ਰੋਕਣ ਦਾ ਦਾਅ ਉਸਨੂੰ ਪੁੱਠਾ ਪੈ ਗਿਆ ਹੈ। ਸੂਬਾ ਸਰਕਾਰਾਂ ਤਾਂ ਦੂਰ ਵਪਾਰੀ ਵੀ ਕੇਂਦਰ ਦੀ ਦਾਲ ਤੋਂ ਨੱਕ ਮਰੋੜ ਰਹੇ ਹਨ। ਵਲੈਤੀ ਦਾਲਾਂ ਤਾਂ ਪਹਿਲਾਂ ਹੀ ਸੂਬੇ ਲੈਣ ਲਈ ਤਿਆਰ ਨਹੀਂ ਤੇ ਨਿੱਜੀ ਵਪਾਰੀ ਖਰੀਦਣ ਲਈ ਰਾਜ਼ੀ ਵੀ ਹੋਏ ਤਾਂ ਘੱਟ ਮੁੱਲ ਤੇ ਜੇਕਰ ਇਸ ਭਾਅ ਤੇ ਸੌਦਾ ਹੋਇਆਂ ਤਾਂ ਸਰਕਾਰੀ ਖਜ਼ਾਨੇ ਨੁੰ ਵੱਡਾ ਧੱਕਾ ਲੱਗ ਸਕਦਾ ਹੈ। ਇੰਜ ਕੀਮਤਾਂ ਕਾਬੂ ਹੇਠ ਲਿਆਉਣ ਲਈ ਸਰਕਾਰੀ ਨੀਤੀਆਂ ਮੂੰਹ ਭਾਰ ਡਿਗਣ ਲੱਗੀਆਂ ਹਨ।
ਨੀਤੀਆਂ ਮੂੰਹ ਭਾਰ ਨਾ ਡਿਗਣ ਤਾਂ ਕੀ ਪੈਰਾਂ ਤੇ ਖੜੇ ਹੋਣ, ਜਿਹੜੀਆਂ ਪਹਿਲੋਂ ਹੀ ਲੰਗੜੀਆਂ ਹਨ, ਅਮਰੀਕੀ ਚੀਨੀ ਜਪਾਨੀ ਫੋਹੜੀਆਂ ਦੇ ਆਸਰੇ ਖੜੀਆਂ ਹਨ। ਕੋਈ ਨੀਤੀ ਆਈ ਚੀਨ ਜਪਾਨ ਤੋਂ ਨੱਕੋਂ ਫੀਨੀ, ਕੋਈ ਨੀਤੀ ਆਈ ਅਮਰੀਕਾ ਤੋਂ ਲਮਢੀਂਗ ਜਿਹੀ ਅਤੇ ਕੋਈ ਨੀਤੀ ਆਈ ਬਰਤਾਨੀਆਂ ਤੋਂ ਬਾਂਦਰਮੂੰਹੀਂ। ਡਿਜੀਟਲ ਇੰਡੀਆ ਤਾਂ ਘਰ ਘਰ ਫੈਲ ਰਹੀ ਆ, ਮੇਕ ਇਨ ਇੰਡੀਆ ਮੂਧੇ ਮੂੰਹ ਡਿਗ ਰਹੀ ਆ! ਸਕਿੱਲ ਇੰਡੀਆ ਹਾਲੀ ਸਾਹ ਭਰ ਰਹੀ ਆ। ਸਮਾਰਟ ਸਿਟੀ, ਤਾਂ ਸਵੱਛ ਭਾਰਤ ਦੇ ਕੂੜੇ ਹੇਠ ਦੱਬ ਗਈ ਜਾਂ ਨਮੋ ਗੰਗਾ ਨੇ ਆਪਣੇ ਵਿੱਚ ਸਮਾ ਲਈ ਆ। ਤਦੇ ਤਾਂ ਭਾਈ ਮੇਕ ਇਨ ਇੰਡੀਆ 'ਚ ਵਿਦੇਸ਼ੋਂ ਪੌਂਡ, ਜੁਆਨ, ਡਾਲਰ, ਯੂਰੋ ਖਰਚਕੇ ਦਾਲਾਂ ਮੰਗਾ ਕੇ, ਵੱਡੇ ਕਾਰਪੋਰੇਟੀਆਂ ਦੇ ਕਰਖਾਨਿਆਂ 'ਚ ਉਸਦੀਆਂ ਪਾਲਿਸ਼ਾਂ, ਮਾਲਸ਼ਾਂ ਕਰਕੇ ਉਨਾਂ ਨੂੰ ਸਵਦੇਸ਼ੀ ਬਣਾਇਆ ਜਾ ਰਿਹਾ ਹੈ ਤੇ ਕਿਸਾਨਾਂ ਦੀਆਂ ਉਗਾਈਆਂ ਦਾਲਾਂ ਨੂੰ ਦੇਸੀ ਭੰਡਾਰੀਆਂ ਦੇ ਪੇਟੇ ਪਾਇਆ ਜਾ ਰਿਹਾ ਹੈ। ਈਹਨੂੰ ਕਹਿੰਦੇ ਆ ਅਸਲੀ ਸਵਰਾਜ! ਆਪਣਾ ਰਾਜ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਡੇ ਦੇਸ਼ ਵਿੱਚ 4.7 ਕਰੋੜ ਲੜਕੇ-ਲੜਕੀਆਂ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਕੂਲਾਂ ਤੋਂ ਬਾਹਰ ਹਨ। ਦਸਵੀਂ ਵਿੱਚ ਵਿਦਿਅਰਥੀਆਂ ਦੇ ਦਾਖਲੇ ਦਾ ਅਨੁਪਾਤ ਜਿਥੇ 77 ਪ੍ਰਤੀਸ਼ਤ ਹੈ, ਉਥੇ ਗਿਆਰਵੀਂ ਵਿੱਚ ਮਾਤਰ 52 ਪ੍ਰਤੀਸ਼ਤ ਵਿਦਿਅਰਥੀਆਂ ਦਾ ਹੀ ਦਾਖਲਾ ਹੁੰਦਾ ਹੈ।.
ਸਾਡੇ ਦੇਸ਼ ਵਿੱਚ ਆਵਾਜਾਈ ਅਤੇ ਭੰਡਾਰ ਦੀ ਸਹੀ ਵਿਵਸਥਾ ਨਾ ਹੋਣ ਕਾਰਨ ਖੇਤੀ ਉਤਪਾਦਨਾਂ ਦਾ 92651 ਕਰੋੜ ਦਾ ਸਲਾਨਾ ਨੁਕਸਾਨ ਹੁੰਦਾ ਹੈ, ਜੋ ਕਿ ਖੇਤੀ ਖੇਤਰ ਦੇ ਬਜ਼ਟ ਦਾ ਦੋ ਗੁਣਾ ਹੈ। ਹਰ ਸਾਲ 4409 ਕਰੋੜ ਦਾ ਦੁਧ, 20698 ਕਰੋੜ ਦਾ ਅਨਾਜ ਅਤੇ 40811 ਕਰੋੜ ਦੀਆਂ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ।.
ਇੱਕ ਵਿਚਾਰ
ਨੇਤਾ ਉਹ ਹੀ ਹੈ, ਜਿਹੜਾ ਸਹੀ ਰਸਤੇ ਜਾਣਦਾ ਹੋਵੇ; ਉਨਾਂ ਉਤੇ ਚਲਦਾ ਹੋਵੇ, ਅਤੇ ਦੂਜਿਆਂ ਨੂੰ ਸਹੀ ਰਸਤਾ ਦਿਖਾ ਸਕੇ …..ਜਾਨ ਸੀ ਮੈਕਸਵੇਲ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.