ਕੀ ਸੰਕੇਤ ਕਰਦੀਆਂ ਨੇ ਬੈਂਕਾਂ ਵੱਲੋਂ ਕਾਰੋਬਾਰੀ ਲੋਕਾਂ ਦੀਆਂ ਨੀਲਮ ਕੀਤੀਆਂ ਜਾ ਰਹੀਆਂ ਜਾਇਦਾਦਾਂ ?
28 ਅਗਸਤ ਦੇ ਪੰਜਾਬੀ ਟ੍ਰਿਬਿਊਨ ਵਿਚ ਸਟੇਟ ਬੈਂਕ ਆਫ ਪਟਿਆਲਾ ਦਾ ਇੱਕ ਦੋ ਸਫ਼ਿਆਂ ਦਾ ਲੰਬਾ ਚੌੜਾ ਇਸ਼ਤਿਹਾਰ ਛਪਿਆ ਹੈ .ਇਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਖ਼ਾਸ ਕਰਕੇ ਮਾਲਵੇ ਦੇ ਬਠਿੰਡਾ , ਮਾਨਸਾ ਆਦਿਕ ਜ਼ਿਲ੍ਹਿਆਂ ਦੀਆਂ 80 ਦੇ ਕਰੀਬ ਜਾਇਦਾਦਾਂ ਦੀ ਨਿਲਾਮੀ ਦਾ ਐਲਾਨ ਕੀਤਾ ਗਿਆ ਹੈ . ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਇਹ ਨਿਲਾਮੀ ਰੱਖੀ ਗਈ ਹੈ . ਇਸ਼ਤਿਹਾਰ ਦਾ ਸਿਰਲੇਖ ਬਹੁਤ ਦਿਲਚਸਪ ਹੈ - ਚੱਲ ਅਤੇ ਅਚੱਲ ਜਾਇਦਾਦਾਂ ਖ਼ਰੀਦਣ ਦਾ ਸੁਨਹਰੀ ਮੌਕਾ . ਇਹ ਜਾਇਦਾਦਾਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਛੋਟੇ ਉਦਯੋਗਪਤੀਆਂ , ਕਾਰੋਬਾਰੀ ਅਤੇ ਹੋਰ ਲੋਕਾਂ ਦੀਆਂ ਹਨ .ਇਨ੍ਹਾਂ ਵਿਚ ਵਪਾਰਕ ਅਤੇ ਰਿਹਾਇਸ਼ੀ ਦੋਵੇਂ ਤਰ੍ਹਾਂ ਦੀਆਂ ਸੰਪਤੀਆਂ ਹਨ . ਰਿਹਾਇਸ਼ੀ ਜਾਇਦਾਦਾਂ ਵਿਚ ਉਹ ਵੀ ਹਨ ਜਿਹੜੀਆਂ ਕਾਰੋਬਾਰੀ ਲੋਕਾਂ ਨੇ ਆਪਣੇ ਬਿਜਨੈੱਸ ਜਾਂ ਇੰਡਸਟਰੀ ਲਈ ਕਰਜ਼ਾ ਲੈਣ ਵਾਸਤੇ ਗਿਰਵੀ ਰੱਖੀਆਂ ਸਨ .ਇਨ੍ਹਾਂ ਜਾਇਦਾਦਾਂ ਦੇ ਮਾਲਕ ਬੈਂਕ ਦਾ ਕਰਜ਼ਾ ਅਤੇ ਵਿਆਜ਼ ਨਹੀਂ ਮੋੜ ਸਕੇ ਇਸ ਲਈ ਬੈਂਕ ਨੇ ਆਪਣੀ ਕਾਨੂੰਨੀ ਕਾਰਵਾਈ ਰਹੀ ਇਹ ਜ਼ਬਤ ਕਰ ਲਈਆਂ ਅਤੇ ਹਨ ਇਨ੍ਹਾਂ ਦੀ ਬੋਲੀ ਰੱਖੀ ਗਈ ਹੈ. .
ਇਸ਼ਤਿਹਾਰ ਪੜ੍ਹ ਕੇ ਮੈਨੂੰ ਪੰਜਾਬ ਵਿਚਲੇ ਹੀ ਮੇਰੇ ਦੋ ਰਿਸ਼ਤੇਦਾਰ ਕਾਰੋਬਾਰੀ ਪਰਿਵਾਰਾਂ ਦਾ ਸੀਨ ਸਾਹਮਣੇ ਆ ਗਿਆ . ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਚੰਗੀ ਭਲੀ ਚਲਦੀ ਇੰਡਸਟਰੀ ਅਤੇ ਕਾਰੋਬਾਰ ਡੁੱਬਣ ਕਿਨਾਰੇ ਆ ਗਏ . ਕੁਝ ਆਰਥਕ ਮੰਦਵਾੜੇ ਅਤੇ ਕੁਝ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਫ਼ੈਸਲਿਆਂ ਕਰਕੇ ਬੈਂਕਾਂ ਤੋਂ ਲਏ ਕਰਜ਼ੇ ਵਾਪਸ ਨਹੀਂ ਕਰ ਸਕੇ . ਬੇਹੱਦ ਮਜਬੂਰੀ ਵਿਚ ਉਨ੍ਹਾਂ ਨੂੰ ਉਹ ਘਰ ਵੇਚਣੇ ਪਏ ਜਿਹੜੇ ਸਾਲਾਂ ਦੀ ਕਮਾਈ ਨਾਲ ਬਹੁਤ ਰੀਝਾਂ ਨਾਲ ਬਣਾਏ ਸਨ .ਫਿਰ ਵੀ ਕਰਜ਼ਾ ਪੂਰਾ ਨਹੀਂ ਉੱਤਰਿਆ . ਮਾਨਸਿਕ ਤਣਾਅ ਕਰਨ ਇੱਕ ਨੂੰ ਦਿਲ ਦਾ ਦੌਰਾ ਪੈ ਗਿਆ . ਦੋ ਸਟੰਟ ਪੌਣੇ ਪਏ .ਸਰਕਾਰ ਜਾਂ ਕਿਸੇ ਹੋਰ ਅਦਾਰੇ ਨੇ ਦੀ ਬਾਂਹ ਫੜਨੀ ਤਾਂ ਦੂਰ ਦੀ ਗੱਲ ਉਨ੍ਹਾਂ ਦੀ ਸਮੱਸਿਆ ਨੂੰ ਸਮਝਣ ਦਾ ਵੀ ਕਿਸੇ ਉਪਰਾਲਾ ਨਹੀਂ ਕੀਤਾ . ਆਪਣੀ ਹੱਡਬੀਤੀ ਤੋਂ ਉਨ੍ਹਾਂ ਨੂੰ ਇਹ ਪ੍ਰਭਾਵ ਬਣਿਆ ਕਿ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਛੋਟੇ , ਦਰਮਿਆਨੇ ਅਤੇ ਟੁੱਟਵੇਂ ਕਾਰੋਬਾਰੀ ਅਤੇ ਸੱਨਅਤਕਾਰ ਨਜ਼ਰ ਅੰਦਾਜ਼ ਕੀਤੇ ਗਏ ਨੇ . ਉਨ੍ਹਾਂ ਦਾ ਮੰਨਣਾ ਹੈ ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਨੂੰ ਰਾਹਤ ਦੇਣ ਦੇ ਜੋ ਯਤਨ ਕੀਤੇ ਗਏ ਉਹ ਬੇਅਸਰ ਨੇ ਕਿਉਂਕਿ ਝੁੱਗਾ ਤਾਂ ਚੌੜ ਪਹਿਲਾਂ ਹੀ ਹੋ ਚੁੱਕਾ ਹੈ .
ਉਨ੍ਹ ਨੂੰ ਮੋਦੀ ਸਰਕਾਰ ਤੋਂ ਬਹੁਤ ਉਮੀਦਾਂ ਸਨ , ਪਰ ਉਨ੍ਹ ਦੇ ਪੱਲੇ ਨਿਰਾਸ਼ਾ ਹੀ ਪਈ ਹੈ .
ਦੂਜੇ ਭਰਾ ਦੇ ਘਰ ਅਤੇ ਕਾਰੋਬਾਰੀ ਜਗਾ ਨੂੰ ਬੈਂਕ ਵੱਲੋਂ ਜ਼ਬਤ ਕਰਨ ਦੇ ਹੁਕਮ ਹੋ ਚੁੱਕੇ ਨੇ . ਉਸ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਵੀ ਮੈਨੂੰ ਹੈ ਕਿਓਂਕਿ ਉਸ ਨੇ ਮੈਨੂੰ ਮੱਦਦ ਕਰਨ ਲਈ ਕਿਹਾ ਸੀ . ਜ਼ਰੂਰੀ ਨਹੀਂ ਕਿ ਬੈਂਕ ਦੇ ਸਾਰੇ ਡਿਫਾਲਟਰ ਸੱਚੇ- ਸੁੱਚੇ ਹੋਣ . ਕੁਝ ਆਪਣੇ ਪੈਰੋਂ ਹੀ ਡੀਫਾਲਟਰ ਹੋ ਸਕਦੇ ਨੇ ਅਤੇ ਕੁਝ ਗੈਰ-ਇਮਾਨਦਾਰ ਵੀ ਹੋ ਸਕਦੇ ਨੇ . ਪਰ ਮੈਨੂੰ ਲਗਦਾ ਹੈ ਕਿ ਬਹੁਤੇ ਹਾਲਾਤ ਦੇ ਮਾਰੇ ਹੋਏ ਨੇ . ਸਿਰਫ਼ ਇਹ ਨਹੀਂ ਇਹ ਛੋਟੇ ਕਾਰੋਬਾਰੀ ਡੁੱਬ ਰਹੇ ਨੇ ਬਲਕਿ ਉਨ੍ਹਾਂ ਦੇ ਨਾਲ ਹਜ਼ਾਰਾਂ ਹੁਨਰ-ਮੰਦ ਅਤੇ ਗੈਰ-ਹੁਨਰਮੰਦ ਕਾਮਿਆਂ ਦਾ ਰੁਜ਼ਗਾਰ ਵੀ ਜੁੜਿਆ ਹੋਇਆ ਹੈ .
ਜਿਹੜੀ ਜਾਇਦਾਦਾਂ ਦੀ ਲਿਸਟ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ ਇਹ ਸਿਰਫ਼ ਇੱਕ ਬੈਂਕ ਦੀ ਹੈ . ਜਦੋਂ ਮੈਂ ਹੋਰਨਾ ਬੈਂਕਾਂ ਤੋ ਮੋਟੀ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਅਜਿਹਾਂ ਸੈਂਕੜੇ ਜਾਇਦਾਦਾਂ ਬਾਕੀ ਬੈਂਕਾਂ ਵੱਲੋਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਜਾਂ ਨਿਲਾਮੀ ਦੇ ਪ੍ਰੋਸੈੱਸ ਅਧੀਨ ਨੇ . ਇਹ ਸਾਰਾ ਕੁਝ ਪੰਜਾਬ ਦੇ ਛੋਟੀ ਇੰਡਸਟਰੀ , ਛੋਟੇ ਕਾਰੋਬਾਰ ਅਤੇ ਮੰਦਵਾੜੇ ਦੇ ਆਮ ਲੋਕਾਂ ਤੇ ਪਏ ਅਸਰ ਦਾ ਇਜ਼ਹਾਰ ਵੀ ਹੈ ਅਤੇ ਕੁਝ ਹੱਦ ਤੱਕ " ਸਭ ਕੁਝ ਅੱਛਾ ਹੈ " ਦੇ ਸਰਕਾਰੀ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਵੀ .
ਮੈਨੂੰ ਇਹ ਲਗਦਾ ਹੈ ਕਿ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਰਾਜ ਦੇ ਲੋਕਾਂ ਦੇ ਅਜਿਹੇ ਹਿੱਸਿਆਂ ਨੂੰ ਬਚਾਉਣਾ ਚਾਹੁੰਦੀ ਹੈ ( ਭਾਵੇਂ ਇਮਾਨਦਾਰੀ ਨਾਲ ਜਾਂ ਫਿਰ ਵਿਧਾਨ ਸਭਾ ਚੋਣਾਂ ਦੇ ਵਰ੍ਹੇ ਵਿਚ ਵੋਟ-ਬੈਂਕ ਦੇ ਮੱਦੇ ਨਜ਼ਰ ) ਤਾਂ ਬੈਂਕਾਂ ਵੱਲੋਂ ਅਜਿਹੇ ਕਰਜ਼ਾ-ਮਾਰੇ ਲੋਕਾਂ ਦੀਆਂ ਜ਼ਬਤ ਕੀਤੀਆਂ ਜਾ ਰਹੀਆਂ ਜਾਇਦਾਦਾਂ 'ਤੇ ਨਜ਼ਰਸਾਨੀ ਕਰਾਉਣੀ ਚਾਹੀਦੀ ਹੈ . ਘੱਟੋ-ਘੱਟੋ ਉਨ੍ਹਾਂ ਲੋਕਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਲਮਕਾ ਕੇ , ਵਿਆਜ ਦਰਾਂ ਵਿਚ ਕੋਈ ਰਿਆਇਤ ਦਵਾ ਕੇ ਜਾਂ ਉੱਕਾ-ਪੁੱਕਾ ਨਿਪਟਾਰੇ ਦੀਆਂ ਸ਼ਰਤਾਂ ਨਰਮ ਕਰਕੇ ਕਿਸੇ ਨਾ ਕਿਸੇ ਰੂਪ ਵਿਚ ਰਾਹਤ ਦੇਣ ਦਾ ਯਤਨ ਕਰੇ ਜਿਨ੍ਹਾਂ ਬਾਰੇ ਇਹ ਰਿਪੋਰਟ ਮਿਲੇ ਕਿ ਕਰਜ਼ੇ ਮੋੜਨੇ ਵਾਕਿਆ ਹੀ ਉਨ੍ਹਾਂ ਦੇ ਵੱਸੋ ਬਾਹਰੇ ਸਨ ਅਤੇ ਉਹ ਹਾਲਾਤ ਨੇ ਡੀਫਾਲਟਰ ਬਣਾਉਣ ਲਈ ਮਜ਼ਬੂਰ ਕੀਤੇ ਸਨ .ਵਰਨਾ ਪੰਜਾਬ ਦੇ ਕਿਸਾਨਾਂ ਵਾਂਗ , ਕਾਰੋਬਾਰੀਆਂ ਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਦੀ ਸੰਭਾਵਨਾ ਦੇ ਵੀ ਖ਼ਦਸ਼ੇ ਸਿਰ ਤੇ ਨੇ .
28 ਅਗਸਤ ,2016
-
ਬਲਜੀਤ ਬੱਲੀ , ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.