ਛੋਟੇਪੁਰ ਦੀ ਛੁੱਟੀ ਤੋਂ ਬਾਅਦ ਕਿੱਥੇ ਅੱਪੜਿਆ ਪੰਜਾਬ ਦਾ ਸਿਆਸੀ ਤਾਪਮਾਨ .. ?
2016 ਦੇ ਜਨਵਰੀ ਮਹੀਨੇ ਦੌਰਾਨ ਮੁਕਤਸਰ ਦੇ ਮਾਘੀ ਮੇਲੇ ਤੇ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਰੈਲੀ ਵਿਚ ਹੋਏ ਵਿਸ਼ਾਲ ਅਤੇ ਜੋਸ਼ ਭਰੇ ਅਤੇ ਰਿਕਾਰਡ 'ਕੱਠ ਨੇ ਸਿਰਫ਼ ਆਪ ਸਮਰਥਕਾਂ ਦੀਆਂ ਨਹੀਂ ਸਗੋਂ ਬਹੁਤ ਸਾਰੇ ਸਿਆਸੀ ਮਾਹਰਾਂ ਦੀਆਂ ਵੀ ਅੱਖਾਂ ਚੁੰਧਿਆ ਦਿੱਤੀਆਂ ਸਨ . ਹਰ ਪਾਸੇ ਆਮ ਆਦਮੀ ਪਾਰਟੀ ਦੀ ਚਰਚਾ ਅਤੇ ਬੋਲ -ਬਾਲਾ ਸੀ .
ਅਕਾਲੀ ਅਤੇ ਕਾਂਗਰਸੀ ਦੋਵਾਂ ਪਾਰਟੀਆਂ ਦੇ ਨੇਤਾ ਚਿੰਤਾ ਵਿਚ ਪੈ ਗਏ ਸਨ . ਹਰ ਕਿਸੇ ਨੂੰ ਲੱਗ ਰਿਹਾ ਸੀ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ 2017 ਵਿਚ ਪੱਕੀ ਹੈ .
16 ਜਨਵਰੀ 2016 ਨੂੰ ਇਸ ਸਾਰੇ ਘਟਨਾ ਕਰਮ ਤੇ ਤਿਰਛੀ ਨਜ਼ਰ ਪਾਉਂਦਿਆਂ ਮੈਂ " kI rMg ilEweygw Ewp dw nvyN pMjwb dy ÉuEwb nwErw |||| ? " ਦੇ ਸਿਰਲੇਖ ਹੇਠ ਆਪਣੇ ਕੁਝ ਪ੍ਰਭਾਵ ਵੀ ਲਿਖੇ ਸਨ ਅਤੇ ਕੁਝ ਸਵਾਲ ਉਠਾਏ ਸਨ .ਇਹ ਸਵਾਲ ਵੀ ਕੀਤਾ ਸੀ ਕਿ ਕਿਤੇ ਆਮ ਆਦਮੀ ਪਾਰਟੀ ਦਾ ਹਸ਼ਰ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਰਗਾ ਤਾਂ ਨਹੀਂ ਹੋਵੇਗਾ ? ਦੋਹਾਂ ਪਾਰਟੀਆਂ ਦੇ ਉਭਰਵੇਂ ਗੁਣਾ -ਔਗਣਾਂ ਦਾ ਮੁਕਾਬਲਾ ਵੀ ਕੀਤਾ ਸੀ . ਉਸ ਲਿਖਤ ਦਾ ਆਖ਼ਰੀ ਪੈਰਾ ਇਸ ਤਰ੍ਹਾ ਸੀ :
" ਕੀ ਆਮ ਆਦਮੀ ਪਾਰਟੀ ਅਕਾਲੀ-ਬੀ ਜੇ ਪੀ ਦੇ ਵਿਰੋਧੀ ਭਾਵ ਸਥਾਪਤੀ-ਵਿਰੋਧੀ ਵੋਟ ਬੈਂਕ ਦੀ ਵੰਡ ਦੇ 2012 ਦੇ ਵਰਤਾਰੇ ਨੂੰ ਰੋਕ ਸਕੇਗੀ ? ਕੀ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਅਤੇ ਖ਼ਾਸ ਕਰਕੇ ਸੁਖਬੀਰ ਬਾਦਲ ਵੱਲੋਂ ਪੀਪਲਜ਼ ਪਾਰਟੀ ਵਾਂਗ ਆਪ ਵਿਚ ਭੰਨ -ਤੋੜ ਲਈ ਬੋਲੇ ਜਾਣ ਵਾਲੇ ਸੰਭਾਵੀ ਹੱਲੇ ਨੂੰ ਝੱਲ ਸਕਣਗੇ ?ਆਮ ਆਦਮੀ ਪਾਰਟੀ ਦੀ ਇੱਕ ਸਮੱਸਿਆ ਹੋਰ ਵੀ ਹੈ ਕਿ ਹਰ ਵਿਧਾਨ ਸਭਾ ਹਲਕੇ ਵਿਚ ਕਿੰਨੇ -ਕਿੰਨੇ ਦਾਅਵੇਦਾਰ ਬਣੇ ਹੋਏ ਨੇ , ਜਦੋਂ ਟਿਕਟਾਂ ਦੀ ਵੰਡ ਹੋਈ ਤਾਂ ਉਸ ਵੇਲੇ , ਟਿਕਟੋਂ ਵਾਂਝੇ ਆਪ ਕਰਿੰਦਿਆਂ ਦਾ ਕੀ ਵਿਹਾਰ ਹੋਵੇਗਾ ? ਉਨ੍ਹਾ ਵਿੱਚੋਂ ਕਿੰਨੇ ਹੋਰਨਾਂ ਪਾਰਟੀਆਂ ਵੱਲ ਰੁੱਖ ਕਰਨਗੇ ਅਤੇ ਕਿੰਨੇ ਬਾਗ਼ੀ ਉਮੀਦਵਾਰ ਬਣਨਗੇ ? ਇਹ ਸਵਾਲ ਵੀ ਅਜੇ ਖੜ੍ਹੇ ਨੇ।ਅਜੇ ਤਾਂ ਬਾਦਲ ਸਰਕਾਰ ਨੇ ਆਖ਼ਰੀ ਮੌਕੇ ਤੇ ਹਜ਼ਾਰਾਂ ਕਰੋੜ ਰੁਪੈ ਖ਼ਰਚ ਕਰਕੇ ਸਹੂਲਤਾਂ ਦੇ ਗੱਫੇ ਵੀ ਵੰਡਣੇ ਨੇ , ਅਧੂਰੇ ਪਏ ਵਿਕਾਸ ਕੰਮ ਪੂਰੇ ਕਰਨੇ ਨੇ ਅਤੇ ਬਥੇਰੇ ਨੀਂਹ ਪੱਥਰ ਨਵੇਂ ਲਾਉਣੇ ਨੇ ।ਅਜੇ ਤਾਂ ਇਹ ਵੀ ਦੇਖਣਾ ਹੈ ਕੈਪਟਨ ਅਮਰਿੰਦਰ ਸਿੰਘ, ਢਿੱਲੀ-ਮੱਠੀ ਹੋਈ ਪੰਜਾਬ ਕਾਂਗਰਸ ਵਿਚ ਕੋਈ ਨਵੀਂ ਰੂਹ ਭਰ ਸਕਦੇ ਨੇ ਅਤੇ 2017 ਦੀ ਤਿਕੋਣੀ ਲੜਾਈ ਵਿਚ ਕਾਂਗਰਸ ਨੂੰ ਅੱਗੇ ਲਿਜਾਣ ਲਈ ਕੋਈ ਕ੍ਰਿਸ਼ਮਾ ਦਿਖਾ ਸਕਣਗੇ ? ਇਹ ਬਿਲਕੁਲ ਸੱਚ ਹੈ ਕਿ ਬਾਦਲ ਸਰਕਾਰ ਅਤੇ ਵਿਸ਼ੇਸ਼ ਕਰਕੇ ਬਾਦਲ ਪਰਿਵਾਰ ਦੀ ਸਿਆਸੀ ਲੀਡਰਸ਼ਿਪ ਬਾਰੇ ਐਂਟੀ-ਇਨਕੈਂਬੈਂਸੀ ਅੱਜ ਦੀ ਘੜੀ ਸਿਖ਼ਰਾਂ 'ਤੇ ਹੈ ,ਇਹ ਵੀ ਹਕੀਕਤ ਹੈ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ ਦਾ ਧੁਰਾ ਬਣ ਕੇ ਉੱਭਰ ਰਹੀ ਹੈ ਪਰ ਤਿਕੋਣੀ ਲੜਾਈ ਦੇ ਆਸਾਰ ਹੋਣ ਕਾਰਨ ਅਜੇ ਬਹੁਤ ਸਾਰੇ ਕਿੰਤੂ -ਪ੍ਰੰਤੂ ਖੜ੍ਹੇ ਹਨ । ਇਸ ਵੇਲੇ ਕੋਈ ਨਤੀਜਾ ਕੱਢਣਾ ਕਿ 2017 ਵਿੱਚ ਚੋਣ-ਬਾਜ਼ੀ ਕਿਸਦੇ ਹੱਥ ਹੋਵੇਗੀ , ਸਿਆਸੀ ਦੂਰ-ਅੰਦੇਸ਼ੀ ਨਹੀਂ ਹੋਵੇਗੀ। "( 16 ਜਨਵਰੀ ,2016 )
ਮੇਰੀ ਇਹ ਲਿਖਤ ਪੜ੍ਹ ਕੇ ,ਕੁਝ ਆਪ ਸਮਰਥਕਾਂ , ਬਾਦਲਾਂ ਦੇ ਕੱਟੜ ਵਿਰੋਧੀਆਂ ਅਤੇ ਖ਼ਾਸ ਕਰਕੇ ਕੁਝ ਪਰਦੇਸੀ ਪੰਜਾਬੀਆਂ ਨੇ ਮੇਰੀ ਲਿਖਤ ਤੇ ਬੇਹੱਦ ਸਖ਼ਤ ਟਿੱਪਣੀਆਂ ਕੀਤੀਆਂ ਸਨ , ਆਪਣੀ ਆਦਤ ਮੁਤਾਬਿਕ ਮੇਰੇ ਤੇ ਬਾਦਲ ਪਿੱਠੂ ਦੇ ਇਲਜ਼ਾਮ ਵੀ ਲਾਏ ਸਨ .
ਪਿਛਲੇ ਮਹੀਨਿਆਂ ਅਤੇ ਖ਼ਾਸ ਕਰਕੇ ਪਿਛਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਦੇ ਅੰਦਰ ਅਤੇ ਬਾਹਰ ਵਾਪਰ ਰਹੀਆਂ ਘਟਨਾਵਾਂ, ਮੇਰੇ ਵੱਲੋਂ ਜ਼ਾਹਰ ਕੀਤੇ ਸ਼ੰਕਿਆਂ ਅਤੇ ਸਵਾਲਾਂ ਦੀ ਗਵਾਹੀ ਭਰਦੀਆਂ ਨੇ . ਬੇਸ਼ੱਕ, ਪੈਸੇ ਦੇ ਲੈਣ ਦੇਣ , ਰਿਸ਼ਵਤ ਖੋਰੀ , ਟਿਕਟਾਂ ਲਈ ਜੁਗਾੜ ਲਾਉਣ ਵਾਸਤੇ ਮਾਇਆ ਧਾਰੀ ਅਤੇ ਸਾਧਨ ਸਮਰੱਥ ਲੋਕਾਂ ਦੀ ਪਾਰਟੀ ਵਿਚ ਰੜਕਵੀਂ ਹਾਜ਼ਰੀ ਅਤੇ ਪੁਰਾਣੇ ਅਤੇ ਪੁਰਾਣੇ ਵਲੰਟੀਅਰਾਂ ਦੀ ਥਾਂ ਨਵਿਆਂ ਦੇ ਹਾਵੀ ਹੋਣ ਅਤੇ ਟਿਕਟਾਂ ਦੀ ਵੰਡ ਸਮੇਂ ਗੁੱਟਬੰਦੀ ਨੂੰ ਪਹਿਲ ਦੇਣ ਦੇ ਦੋਸ਼ ਤਾਂ ਪਹਿਲਾਂ ਹੀ ਲੱਗ ਹੀ ਰਹੇ ਸਨ ਪਰ ਸੁੱਚਾ ਸਿੰਘ ਛੋਟੇਪੁਰ ਨਾਲ ਜੁੜੇ ਵਿਵਾਦ ਨੇ ਆਮ ਆਦਮੀ ਪਾਰਟੀ ਅੰਦਰ ਉੱਥੇ ਉਬਾਲ ਨੇ ਇੱਕ ਨਵਾਂ ਸਿਆਸੀ ਦ੍ਰਿਸ਼ ਸਾਹਮਣੇ ਲੈ ਆਂਦਾ ਹੈ . .ਇਸ ਪਾਰਟੀ ਨਾਲ ਜੁੜੇ ਦੋ ਮੁੱਦੇ ਬਹੁਤ ਉਭਰ ਕੇ ਆ ਰਹੇ ਨੇ ਜੋ ਕਿ ਕੇਜਰੀਵਾਲ ਲਈ ਗੰਭੀਰ ਸਿਆਸੀ ਚੁਨੌਤੀ ਨੇ . ਇੱਕ ਤਾਂ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਕੁਝ ਨੇਤਾਵਾਂ ਦੀ ਸਿੱਖੀ ਅਤੇ ਸਿੱਖ ਰਵਾਇਤਾਂ ਬਾਰੇ ਅਗਿਆਨਤਾ ਅਤੇ ਟੇਢੀ ਅਤੇ ਨੁਕਸਦਾਰ ਪਹੁੰਚ .ਦੂਜਾ ਦਿੱਲੀ ਦੇ ਬਾਹਰੀ ਨੇਤਾ ਬਨਾਮ ਪੰਜਾਬ ਦੀ ਲੀਡਰਸ਼ਿਪ ਅਤੇ ਸੂਬਾਈ ਵਰਕਰ.
ਛੋਟੇਪੁਰ ਵੱਲੋਂ ਪ੍ਰੈੱਸ ਕਾਨਫ਼ਰੰਸ ਵਿਚ ਸਿੱਖੀ ਦੇ ਮਾਮਲੇ ਤੇ ਕੇਜਰੀਵਾਲ ਬਾਰੇ ਕੀਤੀ ਟਿੱਪਣੀ ਨੇ ਅਕਾਲੀ ਦਲ ਅਤੇ ਕਾਂਗਰਸੀ ਨੇਤਾਵਾਂ ਦੇ ਇਨ੍ਹਾਂ ਦੋਸ਼ਾਂ ਨੂੰ ਹਵਾ ਦਿੱਤੀ ਹੈ ਕਿ ਆਪ ਲੀਡਰਸ਼ਿਪ ਸਿੱਖ ਮਰਿਆਦਾ ਤੋਂ ਕੌੜੀ ਹੈ ਅਤੇ ਸਿੱਖ -ਵਿਰੋਧੀ ਹੈ . ਇਹ ਵੀ ਕੌੜਾ ਸੱਚ ਹੈ ਕਿ ਹੁਣ ਤੱਕ ਦਿੱਲੀ ਵਾਲਿਆਂ ਨੇ ਪੰਜਾਬ ਦੇ ਪਾਰਟੀ ਸੀਨ ਤੋਂ ਜਿਹੜੇ ਨੇਤਾ ਲਾਂਭੇ ਕੀਤੇ ਹਨ , ਇਨ੍ਹਾਂ ਵਿਚੋਂ ਬਹੁਗਿਣਤੀ ਸਿੱਖ ਚਿਹਰੇ ਹੀ ਸਨ . ਪਰ ਇਹ ਵੀ ਠੀਕ ਹੈ ਕਿ ਹੁਣ ਤੱਕ ਜਿਹੜੇ 33 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ , ਇਸ ਵਿਚ 30 ਤੋਂ ਸਿੱਖ ਹਨ .
ਇਸੇ ਤਰ੍ਹਾਂ ਪੰਜਾਬ ਤੋ ਬਾਹਰਲੇ ਨੇਤਾਵਾਂ ਦੀ ਪੰਜਾਬ ਦੇ ਯੂਨਿਟ ਤੇ ਪਕੜ ਅਤੇ ਜਕੜ ਦਾ ਮੁੱਦਾ ਸਿਰਫ਼ ਅਕਾਲੀ ਅਤੇ ਹੋਰ ਵਿਰੋਧੀ ਨੇਤਾਵਾਂ ਦਾ ਦੋਸ਼ ਹੀ ਨਹੀਂ ਰਿਹਾ ਸਗੋਂ ਸਗੋਂ ਆਮ ਆਦਮੀ ਪਾਰਟੀ ਦੇ ਅੰਦਰ ਵੀ ਇੱਕ ਵੱਡਾ , ਅਹਿਮ ਅਤੇ ਗੰਭੀਰ ਮੁੱਦਾ ਬਣ ਗਿਆ ਹੈ . ਜੇਕਰ ਤੁਸੀਂ ਆਪ ਦੇ 10 ਵਰਕਰਾਂ/ਨੇਤਾਵਾਂ ਨਾਲ ਗੱਲ ਕਰੋ ਤਾਂ ਅੱਧੇ ਤੋਂ ਵੱਧ ਇਹੀ ਕਹਿਣਗੇ ਕਿ ਪੰਜਾਬ ਵਾਲਿਆਂ ਦੇ ਪੱਲੇ ਬਹੁਤਾ ਕੁਝ ਨਹੀਂ ਹੈ ਅਤੇ ਪੰਜਾਬ ਦੀ ਲੀਡਰਸ਼ਿਪ ਦੀ ਲਗਾਮ ਦਿੱਲੀ ਵਾਲਿਆਂ ਦੇ ਹੱਥ ਹੀ ਹੈ . ਪਾਰਟੀ ਵਿਚੋਂ ਬਾਹਰ ਨਿਕਲੇ ਨੇਤਾ ਅਤੇ ਵਰਕਰ ਅਤੇ ਕੁਝ ਹੱਦ ਤੱਕ ਅੰਦਰਲੇ ਵੀ ਇਹ ਦੋਸ਼ ਲਾਉਂਦੇ ਹਨ ਕਿ ਦਿੱਲੀ ਵਾਲੇ ਨੇਤਾਵਾਂ ਦਾ ਵਿਹਾਰ ਉਨ੍ਹਾਂ ਪ੍ਰਤੀ ਕਈ ਵਾਰ ਸਨਮਾਨ-ਜਨਕ ਨਹੀਂ ਹੁੰਦਾ ਅਤੇ ਕਦੇ ਕਦਾਈਂ ਬੇ -ਇੱਜ਼ਤੀ ਕਰਨ ਵਾਲਾ ਵੀ ਹੁੰਦਾ ਹੈ . ਇਹ ਹਕੀਕਤ ਹੈ ਕਿ ਪੰਜਾਬੀ ਗ਼ੈਰਤ ਦਾ ਸਵਾਲ ਇਸ ਪਾਰਟੀ ਅੰਦਰ ਇੱਕ ਅਹਿਮ ਮਸਲਾ ਬਣਦਾ ਜਾ ਰਿਹਾ ਹੈ .
ਕੀ ਹੋਵੇਗਾ ਪੰਜਾਬ ਦਾ ਸਿਆਸੀ ਭਵਿੱਖ ?
ਖ਼ੈਰ , ਹੁਣ ਅਸਲੀ ਮੁੱਦੇ ਵੱਲ ਆਈਏ ਕਿ ਛੋਟੇਪੁਰ ਦੀ ਪਾਰਟੀ ਲੀਡਰਸ਼ਿਪ ਵਿਚੋਂ ਛੁੱਟੀ ਤੋਂ ਬਾਅਦ ਪੰਜਾਬ ਦੇ ਸਿਆਸੀ ਸੀਨ ਤੇ ਇਸ ਦਾ ਕੀ ਅਸਰ ਹੋਵੇਗਾ ?
ਅਕਾਲੀ ਦਲ ਦੀ ਲੀਡਰਸ਼ਿਪ ਤਾਂ ਕੱਛਾਂ ਵਜਾ ਰਹੀ ਹੈ , ਕਾਂਗਰਸ ਅਤੇ ਖ਼ਾਸ ਕਰਕੇ ਅਮਰਿੰਦਰ ਸਿੰਘ ਵੀ ਰਾਹਤ ਮਹਿਸੂਸ ਕਰ ਰਹੇ ਲਗਦੇ ਨੇ ਕਿ ਆਮ ਆਦਮੀ ਪਾਰਟੀ ਵਿਚ ਟੁੱਟ -ਭੱਜ ਹੋ ਰਹੀ ਹੈ ਅਤੇ ਲੋਕਾਂ ਦੇ ਮਨਾਂ ਵਿਚ ਆਪ ਦੀ ਲੀਡਰਸ਼ਿਪ ਅਤੇ ਇਸਦੇ ਸੱਤਾ ਵਿਚ ਆ ਸਕਣ ਬਾਰੇ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਅਤੇ ਸਵਾਲ ਉਠਣ ਲੱਗੇ ਨੇ . ਸਿੱਟੇ ਵਜੋਂ ਇੱਕ ਵਾਰ ਆਮ ਆਦਮੀ ਪਾਰਟੀ ਵੱਲ ਉੱਲਰ ਰਹੇ ਆਮ ਲੋਕ ਅਤੇ ਹੋਰਨਾ ਪਾਰਟੀਆਂ ਦੇ ਵਰਕਰ ਆਪ ਵਿਚ ਸ਼ਾਮਲ ਹੋਣੋਂ ਰੁਕ ਸਕਦੇ ਨੇ .
ਇਹ ਗੱਲ ਵੀ ਬਿਲਕੁਲ ਠੀਕ ਹੈ ਜਿੰਨਾ -ਰੋਲ -ਘਚੋਲਾ, ਭੰਬਲ-ਭੂਸਾ ਅਤੇ ਬੇ -ਯਕੀਨੀ , ਸੂਬੇ ਦੀ ਰਾਜਨੀਤੀ ਵਿਚ ਦਿਸੇਗੀ , ਇਸਦਾ ਲਾਹਾ ਰਾਜ -ਭਾਗ 'ਤੇ ਕਾਬਜ਼ ਅਕਾਲੀ -ਬੀ ਜੇ ਪੀ ਗੱਠਜੋੜ ਨੂੰ ਹੋਵੇਗਾ . ਕਿਤੇ ਨਾ ਕਿਤੇ ਲੋਕਾਂ ਵਿਚ ਇਹ ਚਰਚਾ ਅਤੇ ਸਵਾਲ ਵੀ ਘੁੰਮਣ ਲੱਗੇ ਨੇ ਕਿ ਕੀ ਅਕਾਲੀ ਤੀਜੀ ਵਾਰੀ ਜਿੱਤ ਸਕਦੇ ਹਨ ? ਪਰ ਦੂਜੀ ਸੰਭਾਵਨਾ ਵੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਕਮਜ਼ੋਰ ਹੁੰਦੀ ਹੈ ਤਾਂ ਇਸ ਨਾਲ ਜੁੜੀ ਸੱਤਾ -ਵਿਰੋਧੀ ਅਤੇ ਬਾਦਲ -ਵਿਰਧੀ ਵੋਟ ਮੁੜ ਕਾਂਗਰਸ ਨੂੰ ਵੀ ਮਿਲ ਸਕਦੀ ਹੈ . ਦੋਵਾਂ ਪਾਰਟੀਆਂ ਦੇ ਚਿਹਰਿਆਂ ਤੇ ਰੌਣਕਾਂ ਪਰਤਣੀਆਂ ਸੁਭਾਵਿਕ ਅਤੇ ਠੀਕ ਵੀ ਨੇ ਪਰ ਅਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਸਮਾਂ ਪਿਆ ਹੈ . ਆਮ ਆਦਮੀ ਪਾਰਟੀ ਦਾ ਜਿੰਨਾ ਫੈਲਾਅ , ਜ਼ਮੀਨੀ ਪੱਧਰ ਤੇ ਪੰਜਾਬ ਵਿਚ ਹੋਇਆ ਹੈ , ਆਪਣੀਆਂ ਕਮਜ਼ੋਰੀਆਂ ਅਤੇ ਪਰੋ-ਧਾੜ ਦੇ ਬਾਵਜੂਦ ਇਹ ਪਾਰਟੀ ਅਜੇ ਵੀ ਇੱਕ ਤਾਕਤਵਰ ਤੀਜੀ ਸਿਆਸੀ ਧਿਰ ਹੈ . ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਅਤੇ ਅਤੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦਾ ਤਜ਼ਰਬਾ ਦਸਦਾ ਹੈ ਕਿ ਅਜੇ ਵੀ ਲੋਕਾਂ ਦੇ ਇੱਕ ਤਕੜੇ ਹਿੱਸੇ ਲਈ -ਆਮ ਆਦਮੀ ਪਾਰਟੀ - ਸਿਰਫ਼ ਚਿਹਰਿਆਂ ਦਾ ਸਰੂਪ ਨਹੀਂ ( ਕੇਜਰੀਵਾਲ ਨੂੰ ਛੱਡ ਕੇ ) ਸਗੋਂ ਇੱਕ ਵਿਚਾਰ -ਪ੍ਰਵਾਹ ਹੈ . ਬੇਸ਼ੱਕ ਇਸ ਪਾਰਟੀ ਦੀ ਸ਼ੁਰੂ ਵਿਚ ਪ੍ਰਚਾਰੀ ਗਈ ਵਿਚਾਰਧਾਰਾ ਅਤੇ ਕਿਰਦਾਰ ਧੁੰਦਲੀ ਪਈ ਗਈ ਹੈ .ਇਸ ਦੀ ਲੀਡਰਸ਼ਿਪ ਆਦਰਸ਼ਕ ਨਹੀਂ ਰਹੀ . ਇਹ ਵੀ ਸੱਚ ਹੈ ਕਿ ਕੇਜਰੀਵਾਲ ਦਾ ਅਕਸ ਇੱਕ ਪਾਰਟੀ ਦੇ ਅੰਦਰ ਇਕ ਤਾਨਾਸ਼ਾਹ ਵਾਲਾ ਬਣ ਰਿਹਾ ਹੈ . ਇਹ ਵੀ ਠੀਕ ਹੈ ਕਿ ਕੇਜਰੀਵਾਲ ਵੱਲੋਂ ਪੰਜਾਬ ਤੇ "ਸੂਬੇਦਾਰ " ਲਾਏ ਜਾਂ ਦੇ ਦੋਸ਼ ਵੀ ਲੱਗ ਰਹੇ ਨੇ . ਦਿੱਲੀ ਵਿਚ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਅਨੇਕਾਂ ਸਵਾਲ ਖੜ੍ਹੇ ਨੇ ਪਰ ਸਭ ਕੁਝ ਦੇ ਬਾਵਜੂਦ , ਅਜੇ ਵੀ ਲੋਕਾਂ ਦੇ ਇੱਕ ਤਕੜੇ ਹਿੱਸੇ ਵਿਚ ,ਪੰਜਾਬ ਦੀਆਂ ਬਾਕੀ ਪਾਰਟੀਆਂ ਅਤੇ ਇਨ੍ਹਾਂ ਦੇ ਨੇਤਾਵਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਦਾ ਅਕਸ ਮੁਕਾਬਤਨ ਇਮਾਨਦਾਰ ਅਤੇ ਫਰੈੱਸ਼ ਨੇਤਾ ਵਾਲਾ ਹੈ .ਇਸ ਦੇ ਨਾਲ ਹੀ ਉਹ ਆਪਣੇ ਆਪ ਨੂੰ ਉਸ ਮੋਦੀ ਸਰਕਾਰ ਦੇ ਵਿਕਟਿਮ ਵਜੋਂ ਵੀ ਪੇਸ਼ ਕਰਦੇ ਨੇ ਜਿਸ ਵਿਚ ਅਕਾਲੀ ਦਲ ਭਾਈਵਾਲ ਹੈ ਅਤੇ ਮੌਜੂਦਾ ਬਾਦਲ ਹਕੂਮਤ ਦੇ ਖ਼ਿਲਾਫ਼ ਜਹਾਦੀ ਹੋਣ ਦਾ ਦਾਅਵਾ ਵੀ ਕਰਦੇ ਨੇ .
ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦਾ ਪੰਜਾਬੀ ਸੁਭਾਅ
ਪਿਛਲੇ ਚਾਰ ਦਹਾਕਿਆਂ ਦੌਰਾਨ ਪੰਜਾਬ ਵਿਚਲੀਆਂ ਖੱਬੇ -ਪੱਖੀ ਅਤੇ ਖਾਲਿਸਤਾਨੀ ਲਹਿਰਾਂ ਅਤੇ ਅੰਦੋਲਨਾਂ ਨੂੰ ਮੈਨੂੰ ਕਾਫ਼ੀ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਰਿਹਾ .ਇਨ੍ਹਾਂ ਸਭ ਵਿਚ ਜਦੋਂ ਵਿਚਾਰਕ, ਸਿਆਸੀ ਜਾਂ ਜਾਤੀ ਮੱਤਭੇਦ ਹੁੰਦੇ ਸਨ ਤਾਂ ਨਤੀਜਾ ਫੁੱਟ ਵਿਚ ਨਿਕਲਦਾ ਸੀ . ਅਜਿਹੀ ਹਾਲਤ ਵਿਚ ਲਗਭਗ ਸਾਰੇ ਗਰੁੱਪ , ਨੇਤਾ ਅਤੇ ਉਤਲੇ -ਹੇਠਲੇ ਵਰਕਰ , ਇੱਕ ਦੂਜੇ ਦਾ ਗੱਲ ਵੱਢਣ ਤੁਰ ਪੈਂਦੇ ਸਨ . ਉਸ ਵੇਲੇ ਇੱਕੋ ਟੀਚਾ ਸਾਹਮਣੇ ਹੁੰਦਾ ਸੀ , ਆਪਣੇ ਸ਼ਰੀਕ ਨੂੰ ਕਿਵੇਂ ਢਾਹੁਣਾ ਹੈ , ਉਸਨੂੰ ਨੁਕਸਾਨ ਕਿਵੇਂ ਪੁਚਾਉਣਾ ਹੈ . ਦਿਲਚਸਪ ਹਕੀਕਤ ਇਹ ਹੈ ਕਿ ਉਹ ਬਿਲਕੁਲ ਭੁੱਲ ਜਾਂਦੇ ਸੀ ਕਿ ਉਨ੍ਹਾਂ ਨੇ ਕਿਹੜੇ ਉਦੇਸ਼ਾਂ ਲਈ ਲਹਿਰ ਸ਼ੁਰੂ ਕੀਤੀ ਸੀ ਅਤੇ ਇਸ ਲਹਿਰ ਦੇ ਮੁੱਖ ਦੁਸ਼ਮਣ ਕਿਹੜੇ ਮਿਥੇ ਗਏ ਸਨ . ਪੰਜਾਬੀ ਸ਼ਖ਼ਸੀਅਤ ਦਾ ਇਹੋ ਵਰਤਾਰਾ ਮੈਨੂੰ ਆਮ ਆਦਮੀ ਪਾਰਟੀ ਵਿਚ ਵੀ ਸ਼ੁਰੂ ਹੋਇਆ ਲਗਦਾ ਹੈ . ਹਰੇਕ ਇੱਕ ਦੂਜੇ ਨੂੰ " ਸਬਕ ਸਿਖਾਉਣ " ਅਤੇ " ਨੰਗਾ ਕਰਨ " ਅਤੇ ਨੀਵਾਂ ਦਿਖਾਉਣ ਤੇ ਸਾਰਾ ਜ਼ੋਰ ਲੱਗਿਆ ਹੋਇਆ ਐ ਅਤੇ ਇਸ ਦੇ ਕਥਿਤ ਇਨਕਲਾਬੀ ਆਦਰਸ਼ ਅਤੇ ਉਦੇਸ਼ ਰੁਲਣ ਲੱਗੇ ਨੇ .
ਇਹ ਤਾਂ ਅਗਲਾ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ , ਆਪਣੇ ਘਰ ਵਿਚ ਲੱਗੀ ਅੱਗ ਨੂੰ ਬੁਝਾ ਕੇ ,ਅੰਦਰੂਨੀ -ਕਲ੍ਹਾ ਕਲੇਸ਼ ਤੇ ਕਾਬੂ ਪਾ ਸਕੇਗੀ ਜਾਂ ਨਹੀਂ. ਦੂਜੇ ਪਾਸੇ ਸਿਰੇ ਐਂਟੀ- ਇਨਕਮਬੈਨਸੀ ਦਾ ਸ਼ਿਕਾਰ ਅਕਾਲੀ ਅਤੇ ਬੀਜੇ ਪੀ ਗੱਠਜੋੜ ਇਸ ਹਾਲਤ ਦਾ ਲਾਭ ਕਿੰਨਾ ਕੁ ਲੈ ਸਕੇਗਾ .
----------
27 ਅਗਸਤ , 2016
ਬਲਜੀਤ ਬੱਲੀ
ਸੰਪਾਦਕ ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ +9--9915177722
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.