ਦੋਸਤੋ ਜਿਵੇਂ ਕਿ ਮੈਂ ਪਹਿਲੇ ਕਈ ਵਾਰ ਲਿਖ ਚੁੱਕਾ ਹਾਂ ਕਿ ਮੈਂ 1973 ਤੋਂ 1980 ਤੱਕ ਸੱਤ ਸਾਲ ਪੰਜਾਬ ਦੇ ਆਖਰੀ ਸਟੇਸ਼ਨ ਬਰੇਟੇ ਵਿਖੇ ਰਿਹਾ ਹਾਂ। ਨੌਕਰੀ ਨੇੜੇ ਦੇ ਪਿੰਡ ਕੁਲਰੀਆਂ ਕਰਦਾ ਸੀ। ਉਸ ਇਲਾਕੇ ਵਿੱਚ ਬਠਿੰਡੇ ਜਿਲ੍ਹੇ ਦੇ ਕਈ ਪਿੰਡਾ ਦੇ ਨਾਵਾਂ ਨਾਲ ਜੁੜੇ ਹੋਏੇ ਕੁਝ ਮੁਹਾਵਰੇ /ਅਖਾਣ ਬਣੇ ਹੋਏ ਸਨ ਜੋ ਕਿ ਇਸ ਇਲਾਕੇ ਦੇ ਲੋਕਾਂ ਨੂੰ ਹੀ ਸਮਝ ਆ ਸਕਦੇ ਸੀ ਪਰ ਮੇਰੇ ਅਧਿਆਪਕ ਸਾਥੀ ਇਨ੍ਹਾਂ ਦੀ ਆਮ ਵਰਤੋਂ ਕਰਦੇ ਰਹਿੰਦੇ ਸੀ। ਇਨ੍ਹਾਂ ਵਿੱਚੋਂ ਜੋ ਮੈਂਨੂੰ ਯਾਦ ਰਹੇ ਉਹ ਇਹ ਹਨ:
1. ਮੰਗ 'ਤਾ ਪੂਹਲੇ: ਇਹ ਉਦੋਂ ਕਿਹਾ ਜਾਂਦਾ ਸੀ ਜਦ ਕਿਸੇ ਨੂੰ ਅਜੇਹੀ ਮੁਸੀਬਤ ਪੈ ਜਾਂਦੀ ਜੋ ਲੰਮਾ ਅਰਸਾ ਚੱਲਣ ਵਾਲੀ ਹੁੰਦੀ। ਫੇਰ ਕਹਿੰਦੇ - ਫਲਾਣਾ ਤਾਂ ਮੰਗ 'ਤਾ ਪੂਹਲੇ। ਇਸ ਅਖਾਣ ਦਾ ਅਧਾਰ ਇਹ ਸੀ ਕਿ ਕਿਸੇ ਸਮੇਂ ਪਿੰਡ ਪੂਹਲੇ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ ਸੀ ਅਤੇ ਜੇਕਰ ਕਿਸੇ ਦਾ ਸਾਕ ਪੂਹਲੇ ਹੋ ਜਾਂਦਾ ਤਾਂ ਸੋਹਰੇ ਆਣ-ਜਾਣ ਲੱਗੇ 8-10 ਮੀਲ ਕੱਚੇ ਰਾਹ ਪੈਦਲ ਜਾਣਾ ਪੈਂਦਾ ਸੀ।
2. ਇਹ ਸਾਰੀਆਂ ਹਨੇਰੀਆਂ ਕਲਿਆਣਾਂ ਵਾਲੇ ਟਿੱਬਿਆਂ ਤੋਂ ਉਠਦੀਆਂ ਐ - ਜਦ ਪਤਾ ਹੁੰਦਾ ਕਿ ਸਾਰੀ ਸ਼ਰਾਰਤ ਦੀ ਜੜ੍ਹ ਫਲਾਣਾ ਬੰਦਾ ਹੀ ਹੈ। ਪਹਿਲੇ ਪਿੰਡ ਕਲਿਆਣ ਕੋਲ ਅਨੇਕਾਂ ਟਿੱਬੇ ਸੀ ਅਤੇ ਜਦ ਵੀ ਕਾਲੀ-ਬੋਲੀ ਹਨੇਰੀ ਆਉਂਦੀ ਤਾਂ ਸਾਰੇ ਇਹੋ ਸੋਚਦੇ ਸੀ ਬਈ ਇਹ ਹਨੇਰੀ ਦੀ ਸਾਰੀ ਰੇਤ ਉਨ੍ਹਾਂ ਟਿੱਬਿਆਂ ਤੋਂ ਹੀ ਆਉਂਦੀ ਹੈ।
3. ਜੋਗੇ ਵਿਆਹੇ ਹੋਣਾ - ਜੇਕਰ ਕੋਈ ਬਾਹਲੀ ਫੂੰ-ਫਾਂ ਵਿਖਾਉਂਦਾ ਤਾਂ ਉਸ ਨੂੰ ਕਹਿੰਦੇ - ਨਾਂ ਤੂੰ ਜੋੱਗੇ ਵਿਆਹਿਆ ਐਂ? ਦਰਅਸਲ ਇਹ ਮੰਨਿਆ ਜਾਂਦਾ ਸੀ ਮਾਨਸਾ ਨੇੜੇ ਦੇ ਪਿੰਡ ਜੋਗੇ-ਰੱਲੇ ਦੀਆਂ ਔਰਤਾਂ ਬਹੁਤ ਖੂਬਸੂਰਤ ਹੁੰਦੀਆਂ ਸਨ। ਮਾਲਵੇ ਦੇ ਕਈ ਰਾਜਿਆਂ ਦੀਆਂ ਰਾਣੀਆਂ ਇਨ੍ਹਾਂ ਪਿੰਡਾਂ ਦੀਆਂ ਸਨ।
4. ਬੰਦਾ ਐਂ ਕਿ ਚੰਦਭਾਨ ਦਾ ਟੇਸ਼ਣ - ਜਦੋਂ ਕੋਈ ਮੂਰਖਤਾ ਵਿਖਾਵੇ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਤੂੰਂ ਬੰਦਾ ਐਂ ਕਿ ਚੰਦਭਾਨ ਦਾ ਟੇਸ਼ਣ? ਇਸ ਬਾਰੇ ਚੰਦਭਾਨ ਦੇ ਬਾਸ਼ਿੰਦੇ ਨੇ ਦੱਸਿਆ ਕਿ ਜਦ ਫਿਰੋਜਪੁਰ-ਕੋਟ ਕਪੂਰਾ-ਬਠਿੰਡਾ ਰੇਲਵੇ ਲਾਈਨ ਬਣੀ ਤਾਂ ਆਮਤੌਰ ਤੇ ਸਟੇਸ਼ਨਾਂ ਦਾ ਘੱਟੋਂ-ਘੱਟ ਫਾਸਲਾ 10 ਮੀਲ/15 ਕਿਲੋਮੀਟਰ ਰੱਖਿਆ ਗਿਆ ਸੀ। ਕੋਟ ਕਪੂਰੇ ਤੋਂ ਅਗਲਾ ਸਟੇਸ਼ਨ ਸੀ ਜੈਤੋ, ਫੇਰ ਗੋਨਿਆਨਾ ਅਤੇ ਫੇਰ ਬਠਿੰਡਾ। ਕਹਿੰਦੇ ਚੰਦਭਾਨ ਦੇ ਕਿਸੇ ਬੰਦੇ ਨੇ ਰੇਲਵੇ ਦੇ ਕਿਸੇ ਅਫਸਰ ਦੀ ਬਹੁਤ ਸੇਵਾ ਕੀਤੀ ਤਾਂ ਅਫਸਰ ਨੇ ਖੁਸ਼ ਹੋਕੇ ਪੁੱਛਿਆ ਮੰਗ ਕੀ ਮੰਗਦਾ ਐਂ। ਉਹ ਕਹਿੰਦਾ- ਜੀ ਚੰਦਭਾਨ ਵਿਖੇ ਗੱਡੀ ਖੜ੍ਹਨ ਲਾ ਦਿਓ। ਇੱਥੇ ਸਟੇਸ਼ਨ ਤਾਂ ਬਣਿਆ ਹੋਇਆ ਨਹੀਂ ਸੀ। ਸੋ ਅਫਸਰ ਕਹਿੰਦਾ ਤੂੰ ਇੱਥੇ ਛੋਟਾ ਜਿਹਾ ਤੰਬੂ ਲਾ ਲੈ, ਗੱਡੀ ਰੋਕਣ ਲਈ ਮੈਂ ਹੁਕਮ ਕਰ ਦੇਉਂ। ਜਦ ਗੱਡੀ ਇੱਥੇ ਖੜ੍ਹਦੀ ਲੋਕ ਬਾਹਰ ਝਾਕ ਕੇ ਵੇਖਦੇ ਤਾਂ ਸਟੇਸ਼ਨ ਦੀ ਇਮਾਰਤ ਦੀ ਥਾਂ ਤੰਬੂ ਲੱਗਿਆ ਵੇਖ ਕੇ ਮਜਾਕ ਨਾਲ ਕਹਿੰਦੇ- ਉਏ, ਆਹ ਚੰਦਭਾਨ ਦਾ ਟੇਸ਼ਣ ਐ.ਫੇਰ ਹੋਲੇ ਹੋਲੇ ਇਹੋ ਸ਼ਬਦ ਮੂਰਖ ਬੰਦਿਆਂ ਲਈ ਵੀ ਵਰਤੇ ਜਾਣ ਲੱਗੇ।
5. ਮੁੜ ਭੂੰਦੜ ਨਹੀਂ ਜਾਣਾ- ਕਿਸੇ ਕੰਮ ਤੋਂ ਕੰਨਾਂ ਨੂੰ ਹੱਥ ਲਾਏ ਕਿ ਫੇਰ ਨਹੀਂ ਕਦੇ ਕਰਨਾ। ਇਸ ਪਿੱਛੇ ਕਹਾਣੀ ਨਹੀਂ ਪਤਾ ਕੀ ਐ।
ਇਸੇ ਤਰਾਂ ਪੰਜਾਬ ਦੇ ਹੋਰ ਪਿੰਡਾਂ ਦੇ ਨਾਂ ਤੇ ਵੀ ਕੁਝ ਅਖਾਣ ਜਰੂਰ ਹੋਣਗੇ, ਜੇਕਰ ਤੁਹਾਨੂੰ ਕੋਈ ਪਤਾ ਹੈ ਤਾਂ ਸਾਂਝੇ ਕਰਨ ਦੀ ਖੇਚਲ ਕਰੋ ਜੀ।
-
Subhash Parihar, ਲੇਖਕ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.