ਕੈਨੇਡਾ : ਟਰੂਡੋ ਵੱਲੋਂ ਸਿੱਖ ਪੁਲਿਸ ਅਫਸਰਾਂ ਨਾਲ ਵਿਤਕਰੇ ਦਾ ਫੈਸਲਾ ਗਲਤ ਕਰਾਰ, ਕਿਹਾ ਅਫਸੋਸ ਹੋਇਆ
ਹਰਦਮ ਮਾਨ
ਸਰੀ, 26 ਸਤੰਬਰ 2020-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਰਸੀਐਮਪੀ ਵੱਲੋਂ ਸਿੱਖ ਅਤੇ ਮੁਸਲਿਮ ਪੁਲਿਸ ਅਫਸਰਾਂ ਨੂੰ ਦਾੜ੍ਹੀ ਕਾਰਨ ਫਰੰਟ ਲਾਈਨ ਤੋਂ ਹਟਾਉਣ ਦੀ ਕਾਰਵਾਈ ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਆਰ.ਸੀ.ਐੱਮ.ਪੀ. ਵੱਲੋਂ ਅਜਿਹਾ ਫੈਸਲਾ ਨਹੀਂ ਸੀ ਲਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਦਾ ਬੜਾ ਦੁੱਖ ਹੋਇਆ ਹੈ ਅਤੇ ਆਸ ਹੈ ਕਿ ਆਰ.ਸੀ.ਐੱਮ.ਪੀ. ਇਸ ਵਿਚ ਸੋਧ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਸੁਰੱਖਿਆ ਸਬੰਧੀ ਰੈਗੂਲੇਸ਼ਨ ਬੇਹੱਦ ਜ਼ਰੂਰੀ ਹਨ ਅਤੇ ਦੇਸ਼ ਦੀਆਂ ਸਾਰੀਆਂ ਕੰਮ ਵਾਲੀਆਂ ਥਾਵਾਂ 'ਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਕਰਮਚਾਰੀ ਨਾਲ ਬਿਨਾਂ ਕੋਈ ਪੱਖਪਾਤ ਕੀਤੇ ਸਿਹਤ ਨਿਰਦੇਸ਼ਾਂ ਦੀ ਪਾਲਣਾ ਸਫਲਤਾ ਨਾਲ ਕਰ ਰਹੀਆਂ ਹਨ। ਪਰ ਆਰਸੀਐਮਪੀ ਦੇ ਇਸ ਫੈਸਲੇ ਬਾਰੇ ਸੁਣ ਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਕਿਉਂਕਿ ਕਈ ਹੋਰ ਪੁਲਿਸ ਫੋਰਸਿਜ਼ ਅਤੇ ਸੰਗਠਨਾਂ ਵਿਚ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜ਼ਰੂਰਤ ਇਹ ਹੈ ਕਿ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਸਮੇਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਉਸ ਦੇ ਧਰਮ ਕਾਰਨ ਵਿਤਕਰਾ ਨਾ ਹੋਵੇ।
ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਨੇ ਵੀ ਇਸ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਨੂੰ ਆਪਣੀ ਨਿਹਚਾ ਦੀ ਪਾਲਣਾ ਕਰਦਿਆਂ ਭਾਈਚਾਰੇ ਦੀ ਸੇਵਾ ਕਰਨ ਲਈ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਧਰਮ ਦੇ ਆਧਾਰ ਤੇ ਵਿਤਕਰੇ ਦਾ ਅਨੁਭਵ ਨਹੀਂ ਹੋਣਾ ਚਾਹੀਦਾ। ਆਰਸੀਐਮਪੀ ਨੂੰ ਚਾਹੀਦਾ ਹੈ ਕਿ ਸਿੱਖ ਅਧਿਕਾਰੀਆਂ ਨੂੰ ਸਮੇਂ ਸਿਰ ਲੋੜੀਂਦੇ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾਏ ਜਾਣ। ਉਨ੍ਹਾਂ ਇਹ ਮਾਮਲਾ ਆਰਸੀਐਮਪੀ ਕੋਲ ਉਠਾਇਆ ਹੈ ਅਤੇ ਉਮੀਦ ਕੀਤੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇਗਾ।
ਬੀ.ਸੀ. ਦੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਜ਼ਿਆਦਾਤਰ ਲਾਅ ਇਨਫੋਰਸਮੈਂਟ ਅਫਸਰਾਂ ਲਈ ਐਨ 95 ਕਿਸਮ ਦੇ ਮਾਸਕ ਪਹਿਨਣ ਦੀ ਲੋੜ ਨਹੀਂ। ਵੈਨਕੂਵਰ ਪੁਲਿਸ ਵਿਭਾਗ ਅਜਿਹਾ ਨਹੀਂ ਹੈ ਅਤੇ ਨਾ ਹੀ ਟੋਰਾਂਟੋ, ਕੈਲਗਰੀ ਅਤੇ ਮਾਂਟਰੀਅਲ ਵਿਚ ਪੁਲਿਸ ਫੋਰਸਿਜ਼ ਦੀ ਅਜਿਹੀਆਂ ਨੀਤੀਆਂ ਹਨ।
ਪਰ ਆਰਸੀਐਮਪੀ ਦਾ ਕਹਿਣਾ ਹੈ ਕਿ ਇਹ ਹੋਰ ਪੁਲਿਸ ਬਲਾਂ ਨਾਲੋਂ ਵੱਖਰਾ ਹੈ ਕਿਉਂਕਿ ਇਹ ਕੈਨੇਡਾ ਲੇਬਰ ਕੋਡ ਅਤੇ ਕੈਨੇਡਾ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਰੈਗੂਲੇਸ਼ਨਜ਼ ਦੀ ਪਾਲਣਾ ਕਰਨ ਲਈ ਪਾਬੰਦ ਹੈ, ਜਿਸ ਨੂੰ ਐਨ 95 ਦੇ ਮਾਸਕ ਦੀ ਸਹੀ ਵਰਤੋਂ ਲਈ ਸਾਫ਼ ਚਿਹਰੇ ਦੀ ਜ਼ਰੂਰਤ ਹੈ।
ਆਰਸੀਐਮਪੀ ਦੇ ਬੁਲਾਰੇ ਸੀ.ਪੀ.ਐਲ. ਕੈਰੋਲੀਨ ਦੁਵਾਲ ਨੇ ਕਿਹਾ ਹੈ ਕਿ ਮੌਜੂਦਾ ਕਾਨੂੰਨ ਅਧੀਨ ਨਿੱਜੀ ਸੁਰੱਖਿਆ ਉਪਕਰਣਾਂ ਸਬੰਧੀ ਨਿਯਮਾਂ ਨੂੰ ਬਦਲਣ ਲਈ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹੈ।