ਮਿਰਤਕ ਡਰਾਈਵਰ ਦੀ ਫਾਈਲ ਫੋਟੋ
ਵੈਨਕੂਵਰ ‘ਚ ਸੜਕ ਹਾਦਸੇ ਵਿਚ ਪੰਜਾਬੀ ਟੈਕਸੀ ਡਰਾਈਵਰ ਸਹਿਜਪਾਲ ਰੰਧਾਵਾ ਦੀ ਮੌਤ-3 ਹੋਰ ਗੰਭੀਰ ਜ਼ਖ਼ਮੀ
ਹਰਦਮ ਮਾਨ
ਸਰੀ, 30 ਦਸੰਬਰ-ਬੀਤੀ ਰਾਤ ਵੈਨਕੂਵਰ ਵਿਚ ਵਾਪਰੇ ਦੁਖਦਾਈ ਹਾਦਸੇ ਕਾਰਨ ਇੱਕ ਟੈਕਸੀ ਡਰਾਈਵਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ।
ਇਹ ਹਾਦਸਾ ਫਸਟ ਐਵੀਨਿਊ ਅਤੇ ਗੇਨਫਰਿਊ ਸਟਰੀਟ ਦੇ ਇੰਟਰ ਸੈਕਸ਼ਨ ਤੇ ਵਾਪਰਿਆ ਜਦੋਂ ਇਕ ਸਮਾਰਟ ਕਾਰ ਇਕ ਯੈਲੋ ਕੈਬ ਨਾਲ ਜਾ ਟਕਰਾਈ।
ਟੱਕਰ ਏਨੀ ਜ਼ੋਰਦਾਰ ਸੀ ਕਿ ਸਮਾਰਟ ਕਾਰ ਨੇ ਟੈਕਸੀ ਨੂੰ ਧੱਕ ਕੇ ਨੇੜਲੇ ਰਾਇਲ ਬੈਂਕ ਦੀ ਇਮਾਰਤ ਵਿਚ ਜਾ ਠੋਕਿਆ।
ਬੀ ਸੀ ਐਂਬੂਲੈਂਸ ਸਰਵਿਸ ਦੇ ਵੀਪੀਡੀ ਅਧਿਕਾਰੀ ਅਤੇ ਪੈਰਾ ਮੈਡੀਕਲ ਕੁਝ ਪਲਾਂ ਬਾਅਦ ਘਟਨਾ ਸਥਾਨ ਤੇ ਪਹੁੰਚੇ ਅਤੇ
ਮੁੱਢਲੀ ਸਹਾਇਤਾ ਪ੍ਰਦਾਨ ਕੀਤੀ, ਦੋਵਾਂ ਡਰਾਈਵਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ 28 ਸਾਲਾ ਟੈਕਸੀ ਡਰਾਈਵਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਸਮਾਰਟ ਕਾਰ ਦੇ ਡਰਾਈਵਰ ਅਤੇ ਟੈਕਸੀ ਵਿੱਚ ਸਵਾਰ ਦੋ ਯਾਤਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮ੍ਰਿਤਕ ਡਰਾਈਵਰ ਦੀ ਪਛਾਣ ਸਨੇਹਪਾਲ ਰੰਧਾਵਾ ਵਜੋਂ ਹੋਈ। ਯੈਲੋ ਕੈਬ ਦੇ ਪ੍ਰਧਾਨ ਕੁਲਵੰਤ ਸਹੋਤਾ ਨੇ ਮੀਡੀਆ ਨੂੰ ਦੱਸਿਆ ਕਿ ਉਹ
ਪਿਛਲੇ ਤਿੰਨ ਸਾਲਾਂ ਤੋਂ ਟੈਕਸੀ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਹ ਪੰਜਾਬ ਦੇ ਧੂਰੀ ਇਲਾਕੇ ਤੋਂ ਕੁਝ ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ
ਕੈਨੇਡਾ ਆਇਆ ਸੀ ਅਤੇ ਥੋੜ੍ਹਾ ਚਿਰ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸਨੇ ਸਰੀ ਵਿੱਚ ਇੱਕ ਨਵਾਂ ਘਰ ਖਰੀਦਿਆ ਸੀ
ਅਤੇ ਨਵੇਂ ਸਾਲ ਵਿੱਚ ਉਥੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ।
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਸਮਾਰਟ ਕਾਰ ਦਾ ਡਰਾਈਵਰ ਸ਼ਰਾਬੀ ਹੋਣ ਕਰਕੇ ਤੇਜ਼ ਸਪੀਡ ਤੇ ਆ ਰਿਹਾ ਸੀ ਅਤੇ ਉਸ ਨੇ ਲਾਲ ਬੱਤੀ ਕਰਾਸ
ਕਰਕੇ ਟੈਕਸੀ ਵਿਚ ਜਾ ਟੱਕਰ ਮਾਰੀ। ਇਹ ਕਾਰ ਡਰਾਈਵਰ ਪਿਛਲੇ ਪੁਲਿਸ ਨਾਕੇ ਤੋਂ ਵੀ ਕਾਰ ਭਜਾ ਕੇ ਲੈ ਆਇਆ ਸੀ।