ਸਰੀ ਸਿਟੀ ਪੁਲਿਸ ਰੇੜਕਾ : ਵਿਰੋਧੀ ਤੇ ਹਮਾਇਤੀ16 ਦਸੰਬਰ ਨੂੰ ਕਰਨਗੇ ਆਪੋ ਆਪਣੀ ਤਾਕਤ ਦਾ ਮੁਜ਼ਾਹਰਾ
ਹਰਦਮ ਮਾਨ
ਸਰੀ, 16 ਦਸੰਬਰ-ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਸਰੀ ਦੇ ਲੋਕਾਂ ਦੀ ਮੰਗ ਸੀ ਕਿ ਸਰੀ ਦੀ ਆਪਣੀ ਲੋਕਲ ਪੁਲਿਸ ਹੋਵੇ ਅਤੇ ਇਸ ਨੂੰ ਆਧਾਰ ਬਣਾ ਕੇ ਹੀ ਮੌਜੂਦਾ ਕੌਂਸਲਰਾਂ ਨੇ ਚੋਣ ਜਿੱਤੀ ਸੀ। ਲੋਕਾਂ ਨੇ ਸਿਟੀ ਪੁਲਿਸ ਦੇ ਹੱਕ ‘ਚ ਫਤਵਾ ਦਿੱਤਾ। ਸਿਟੀ ਪੁਲਿਸ ਬਣਾਉਣ ਲਈ ਕੌਂਸਲ, ਸੂਬਾ ਸਰਕਾਰ, ਕੈਨੇਡਾ ਸਰਕਾਰ ਕੰਮ ਕਰ ਰਹੀਆਂ ਹਨ ਪਰ ਕੁਝ ਸਿਆਸੀ ਲੋਕ ਪਰਦੇ ਪਿੱਛੇ ਰਹਿ ਕੇ ਇਸਦਾ ਵਿਰੋਧ ਕਰ ਰਹੇ ਹਨ ਕਿ ਸਾਨੂੰ ਲੋਕਲ ਪੁਲਿਸ ਨਹੀਂ ਚਾਹੀਦੀ, ਆਰ. ਸੀ. ਐਮ. ਪੀ. ਹੀ ਰੱਖਣੀ ਹੈ।
ਕੁਝ ਹਾਰੇ ਹੋਏ ਕੌਂਸਲਰਾਂ ਦੇ ਸੱਦੇ ਤੇ ਅੱਜ 16 ਦਸੰਬਰ ਸ਼ਾਮ ਨੂੰ ਕੁਝ ਲੋਕ ਸਿਟੀ ਹਾਲ ਦੇ ਬਾਹਰ ਰੈਲੀ ਕਰ ਰਹੇ ਹਨ ਤਾਂ ਕਿ ਕੌਂਸਲ ਵੱਲੋਂ ਲਏ ਜਾਣ ਵਾਲੇ ਅੰਤਿਮ ਫ਼ੈਸਲੇ ‘ਤੇ ਦਬਾਅ ਪਾਇਆ ਜਾ ਸਕੇ। ਸ਼ਹਿਰ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਸਿਟੀ ਪੁਲਿਸ ਦੇ ਹੱਕ ‘ਚ ਚੋਣਾਂ ਦੌਰਾਨ ਹੀ ਫ਼ਤਵਾ ਦੇ ਦਿੱਤਾ ਸੀ, ਹੁਣ ਉਸ ਫ਼ਤਵੇ ਵਿਰੁੱਧ ਰੈਲੀਆਂ ਕਰਨੀਆਂ ਲੋਕਤੰਤਰ ਦਾ ਵਿਰੋਧ ਹੈ।
ਜੋ ਲੋਕ ਵੀ ਸਰੀ ਪੁਲਿਸ ਬਣਾਉਣ ਦੇ ਹੱਕ ਵਿੱਚ ਹਨ, ਉਨ੍ਹਾਂ ਨੇ ਵੀ ਇਸ ਰੈਲੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਮੂਹ ਸ਼ਹਿਰੀਆਂ ਨੂੰ 16 ਦਸੰਬਰ ਨੂੰ ਸ਼ਾਮ 5:30 ਵਜੇ ਆਪਣੇ ਸਾਥੀਆਂ ਅਤੇ ਪਰਿਵਾਰਾਂ ਸਮੇਤ ਸਰੀ ਸਿਟੀ ਹਾਲ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ ਤਾਂ ਕਿ ਕੌਂਸਲ ਨੂੰ ਦਿਖਾਇਆ ਜਾ ਸਕੇ ਕਿ ਸ਼ਹਿਰ ‘ਚ ਲੋਕਲ ਪੁਲਿਸ ਲਿਆਉਣ ਦੇ ਹਮਾਇਤੀਆਂ ਦੀ ਗਿਣਤੀ ਜ਼ਿਆਦਾ ਹੈ।