ਸਾਕਾ ਦਰਬਾਰ ਸਾਹਿਬ ਜੂਨ1984
ਦਰਬਾਰ ਸਾਹਿਬ ਤੇ ਹਮਲੇ ਦੀ ਸਚਾਈ ਕਿਸਨੇ ਲਿਖੀ ? ਮਾਰਕ ਟੱਲੀ ਨੇ ਜਾਂ ਜਨਰਲ ਬਰਾੜ ਨੇ ?
ਦਰਬਾਰ ਸਾਹਿਬ ਵੱਲ ਗੋਲੀ ਨਾ ਚਲਾਉਣ ਬਾਰੇ ਜਨਰਲ ਬਰਾੜ ਦਾ ਬਿਆਨ ਕਿੰਨਾ ਕੁ ਸੱਚਾ..?
ਗੁਰਪ੍ਰੀਤ ਸਿੰਘ ਮੰਡਿਆਣੀ-
ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ 'ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫ਼ੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫ਼ੌਜ ਨੂੰ ਦਰਬਾਰ ਸਾਹਿਬ ਵੱਲ ਗੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ 'ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ ਆਉਂਦੀ ਸੀ। ਬਲਿਊ ਸਟਾਰ ਤੋਂ ਬਾਅਦ ਇਸ ਸਾਕੇ ਬਾਰੇ ਸਭ ਤੋਂ ਪਹਿਲੀ ਕਿਤਾਬ ਮਾਰਕ ਟੱਲੀ ਅਤੇ ਸਤੀਸ਼ ਜੈਕਬ ਵੱਲੋਂ ਲਿਖੀ ਗਈ ਸੀ। ਇਹ ਕਿਤਾਬ ਨਵੰਬਰ 1985 ਵਿੱਚ ਛਪ ਕੇ ਸਾਹਮਣੇ ਆਈ। ਮਾਰਕ ਟੱਲੀ ਅਤੇ
ਸਤੀਸ਼ ਜੈਕਬ ਬੀ.ਬੀ.ਸੀ. ਰੇਡੀਉ ਦੇ ਨਵੀਂ ਦਿੱਲੀ 'ਚ ਪੱਤਰਕਾਰ ਸਨ। ਉਨ੍ਹਾਂ ਦਿਨਾਂ 'ਚ ਟੈਲੀਵਿਜ਼ਨ ਦਾ ਇੱਕੋ ਇੱਕ ਚੈਨਲ ਦੂਰਦਰਸ਼ਨ ਸੀ, ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਹੇਠ ਸੀ। ਇਸ ਕਰਕੇ ਸਰਕਾਰ ਨੂੰ ਨਾ ਭਾਉਣ ਵਾਲੀ ਕੋਈ ਵੀ ਖ਼ਬਰ ਟੀ.ਵੀ. 'ਤੇ ਨਸ਼ਰ ਨਹੀਂ ਸੀ ਹੋ ਸਕਦੀ। ਅਖ਼ਬਾਰਾਂ ਦਾ ਕੰਮ ਬੜਾ ਢਿੱਲਾ ਸੀ ਅਤੇ ਉਹ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਸਨ। ਬੀ.ਬੀ.ਸੀ. ਦੀ ਹਿੰਦੀ ਸਰਵਿਸ ਸ਼ਾਮ ਦੇ 8 ਵਜੇ ਨਸ਼ਰ ਹੁੰਦੀ ਸੀ, ਜਿਸ ਵਿੱਚ ਹਿੰਦੁਸਤਾਨ ਦੀ ਖ਼ਬਰਾਂ ਤੋਂ ਇਲਾਵਾ ਇਨ੍ਹਾਂ ਤੇ ਤਬਸਰੇ ਵੀ ਕੀਤੇ ਜਾਂਦੇ ਸਨ। ਆਪ੍ਰੇਸ਼ਨ ਬਲਿਊ ਸਟਾਰ ਵੇਲੇ ਅਖ਼ਬਾਰਾਂ ਬੰਦ ਸਨ, ਸੋ ਬੀ.ਬੀ.ਸੀ. 'ਤੇ ਹੀ ਸਾਰਿਆਂ ਦੀ ਟੇਕ ਸੀ। ਉਨ੍ਹਾਂ ਦਿਨਾਂ 'ਚ ਬਿਜਲੀ ਸੀ, ਬਹੁਤ ਮਸ਼ਹੂਰ ਸੀ ਅਤੇ ਨਿਰਪੱਖ ਖ਼ਬਰਾਂ ਦਾ ਇੱਕੋ ਇਕ ਸਾਧਨ ਮੰਨਿਆ ਜਾਂਦਾ ਸੀ। ਬੀ.ਬੀ.ਸੀ. ਦੇ ਦੋਵੇਂ ਪੱਤਰਕਾਰ ਅਕਸਰ
ਹੀ ਪੰਜਾਬ ਖ਼ਾਸਕਰ ਅੰਮ੍ਰਿਤਸਰ ਆਉਂਦੇ ਰਹਿੰਦੇ ਅਤੇ ਖ਼ਬਰਾਂ ਭੇਜਦੇ ਰਹਿੰਦੇ। ਜਦੋਂ 1 ਜੂਨ 1984 ਨੂੰ ਬੀ.ਬੀ.ਸੀ. ਦਾ ਪੱਤਰਕਾਰ ਮਾਰਕ ਟੱਲੀ ਅੰਮ੍ਰਿਤਸਰ ਆਇਆ ਤਾਂ ਹਾਲਾਤ ਇੰਨੇ ਤੇਜ਼ੀ ਨਾਲ
ਮੋੜਾਂ ਕੱਟ ਰਹੇ ਸਨ ਕਿ ਉਹ ਉਦੋਂ ਤੱਕ ਦਿੱਲੀ ਵਾਪਸ ਨਾ ਮੁੜਿਆ, ਜਦੋਂ ਤੱਕ ਫ਼ੌਜ ਨੇ ਸਾਰੇ ਬਾਹਰਲੇ ਪੱਤਰਕਾਰਾਂ ਨੂੰ ਜ਼ਬਰਦਸਤੀ ਪੰਜਾਬੋਂ ਬਾਹਰ ਨਹੀਂ ਕੱਢਿਆ। ਸੋ,ਅਜਿਹੇ ਮੌਕੇ ਦੇ ਗਵਾਹ ਅਤੇ ਬੀਬੀਸੀ ਦਾ ਪੱਤਰਕਾਰ ਹੋਣ ਕਰਕੇ ਮਾਰਕ ਟੱਲੀ ਵੱਲੋਂ ਲਿਖੀ ਗਈ ਕਿਤਾਬ ਬਹੁਤ ਮਕਬੂਲ ਹੋਈ ਅਤੇ ਇਸ ਨੂੰ ਨਿਰਪੱਖ ਵੀ ਮੰਨਿਆ ਗਿਆ। ਕਿਉਂਕਿ ਵਿਦੇਸ਼ੀਆਂ ਦੇ ਪੰਜਾਬ ਵਿੱਚ ਦਾਖ਼ਲੇ 'ਤੇ ਪਾਬੰਦੀ ਹੋਣ ਕਰਕੇ ਉਸੇ ਇਸ ਕੰਮ ਵਿੱਚ ਆਪਣੇ ਸਾਥੀ ਅਤੇ ਹਿੰਦੁਸਤਾਨੀ ਨਾਗਰਿਕ ਸਤੀਸ਼ ਜੈਕਬ ਨੂੰ ਕਿਤਾਬ ਦੇ ਲਿਖਾਰੀ ਵਜੋਂ ਹਿੱਸੇਦਾਰ ਬਣਾਇਆ। ਅੰਗਰੇਜ਼ੀ ਚ ਛਪੀ ਇਸ ਕਿਤਾਬ ਦਾ ਨਾ ਹੈ 'ਅੰਮ੍ਰਿਤਸਰ, ਮਿਸਿਜ਼ ਗਾਂਧੀ ਲਾਸਟ ਬੈਟਲ' ਲੋਕਾਂ ਨੂੰ ਆਪ੍ਰੇਸ਼ਨ ਬਲਿਊ ਸਟਾਰ ਬਾਰੇ ਵਧੇਰੇ ਜਾਣਕਾਰੀ ਸਭ ਤੋਂ ਪਹਿਲਾਂ ਇਸ ਕਿਤਾਬ ਤੋਂ ਹੀ ਮਿਲੀ। ਇਸ ਕਿਤਾਬ ਦੇ ਸਫ਼ਾ 180 'ਤੇ ਮਾਰਕ ਟੱਲੀ ਲਿਖਦੇ ਹਨ ਕਿ, 'ਸਭ ਤੋਂ ਖ਼ਾਸ ਗੱਲ, ਇਹ ਹੈ ਕਿ ਗੋਲਡਨ ਟੈਂਪਲ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ, ਅਕਾਲ ਤਖ਼ਤ, ਦਰਸ਼ਨੀ ਡਿਉੜੀ ਅਤੇ ਲਾਇਬ੍ਰੇਰੀ ਦੇ ਮੁਕਾਬਲੇ। ਇਸ ਸਫ਼ਲਤਾ ਦਾ ਸਿਹਰਾ ਅਨੁਸ਼ਾਸਨ ਵਿੱਚ ਰਹਿਣ ਵਾਲੀ ਭਾਰਤੀ ਫ਼ੌਜ ਨੂੰ ਜਾਂਦਾ ਹੈ। 400 ਵਰਗ ਫੁੱਟ ਦੀ ਇਹ ਇਮਾਰਤ ਯੁੱਧ ਮੈਦਾਨ ਦੇ ਵਿਚਕਾਰ ਖੜ੍ਹੀ ਸੀ।
ਜੇ ਫ਼ੌਜੀਆਂ ਨੇ ਆਪਣੇ ਮੇਜਰ ਜਰਨਲ ਬਰਾੜ ਦਾ ਹੁਕਮ ਨਾ ਮੰਨਿਆ ਹੁੰਦਾ ਤਾਂ ਹਰਮਿੰਦਰ ਸਾਹਿਬ ਦੀ ਇਮਾਰਤ ਨੂੰ ਯਕੀਨਨ ਬਹੁਤ ਨੁਕਸਾਨ ਪੁੱਜਣਾ ਸੀ। ਹੁਣ ਸੁਣੋ ਜਨਰਲ ਬਰਾੜ ਦੀ ਆਪਣੇ ਹੱਥੀ ਲਿਖੀ ਕਿਤਾਬ ਵਿਚਲੀ ਕਹਾਣੀ- 2012 ਵਿੱਚ 14ਵੀਂ ਵਾਰ ਛਪੀ 'ਓਪਰੇਸ਼ਨ ਬਲਿਊ ਸਟਾਰ ਅਸਲ ਕਹਾਣੀ'। ਇਸ ਕਿਤਾਬ ਸਫ਼ਾ 105 'ਤੇ ਜਨਰਲ ਬਰਾੜ ਆਖਦੇ ਹਨ ਕਿ, "ਮੈਂ ਗਾਰਦ, ਪੈਰਾਂ ਕਮਾਂਡੋਆਂ ਤੇ ਐਸ.ਐਫ਼.ਐਫ਼ ਦੇ ਕਮਾਂਡਿੰਗ ਅਫ਼ਸਰਾਂ ਨੂੰ ਸਪਸ਼ਟ ਤੇ ਦੋ ਟੁੱਕ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਹਾਲਤ ਵਿੱਚ ਹਰਿਮੰਦਰ ਸਾਹਿਬ ਵਾਲੇ ਪਾਸੇ ਜਵਾਬੀ ਗੋਲੀ ਨਹੀਂ ਚਲਾਉਣੀ। ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਇਸ ਘੜੀ ਜੋ ਹਾਲਾਤ ਸਨ ਉਨ੍ਹਾਂ ਵਿੱਚ ਫੱਟੜਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਜਿਵੇਂ ਕਿ ਮੋਰਚਿਆਂ ਤੋਂ ਦੇਖਿਆ ਜਾ ਸਕਦਾ ਸੀ, ਇਹ ਇਸ ਹਿਸਾਬ ਨਾਲ ਖੜ੍ਹੇ ਕੀਤੇ ਗਏ ਸਨ ਕਿ ਹਰਿਮੰਦਰ ਦੀ ਕਿਸੇ ਵੀ ਬਾਹੀ ਵੱਲੋਂ ਕਾਰਵਾਈ ਕਰਨ ਵਾਲੇ ਜਵਾਨ ਸਾਹਮਣੇ ਪਾਸੇ ਹੀ ਬਾਹੀ ਤੋਂ ਕਾਰਗਰ ਗੋਲਾਬਾਰੀ ਦੀ ਮਾਰ ਹੇਠ ਆਉਂਦੇ ਸਨ ਅਤੇ ਬਹੁਤੀਆਂ ਹਾਲਤਾਂ ਵਿੱਚ ਜੇ ਜਵਾਬ ਵਿੱਚ ਗੋਲੀ ਚਲਾਈ ਜਾਂਦੀ ਤਾਂ ਹਰਿਮੰਦਰ ਸਾਹਿਬ ਸਿੱਧਾ ਗੋਲੀ ਦੀ ਮਾਰ ਦੀ ਰੇਖਾ ਵਿੱਚ ਆਉਂਦਾ ਸੀ।
ਭਾਰੀ ਭੜਕਾਹਟ, ਫੱਟੜਾਂ ਤੇ ਮਰਨ ਵਾਲਿਆਂ ਦੀ ਵੱਡੀ ਗਿਣਤੀ ਅਤੇ ਅਜਿਹਾ ਜਾਨੀ ਨੁਕਸਾਨ ਉਠਾ ਰਹੇ ਜਵਾਨਾਂ ਦੇ ਤਤਕਾਲੀ ਰੋਹ ਦੇ ਬਾਵਜੂਦ ਸਾਡੇ ਲਈ ਜ਼ਰੂਰੀ ਸੀ ਕਿ ਆਪਣੇ ਖ਼ਿਲਾਫ਼ ਖੜੀ ਮੁਸੀਬਤ ਨੂੰ ਬਰਦਾਸ਼ਤ ਕਰਦੇ ਅਤੇ ਆਪਣੇ ਇਸ ਕਠਨ ਫ਼ੈਸਲੇ 'ਤੇ ਡਟੇ ਰਹਿੰਦੇ ਕਿ ਹਰਿਮੰਦਰ ਸਾਹਿਬ ਦੀ ਸੇਧ ਵਿੱਚ ਇੱਕ ਵੀ ਗੋਲੀ ਨਹੀਂ ਚਲਾਈ ਜਾਏਗੀ। ਬੰਦਾ ਹੈਰਾਨੀ ਨਾਲ ਸੋਚਦਾ ਹੈ ਕਿ ਦੁਨੀਆ ਦੀ ਕੋਈ ਹੋਰ ਸੈਨਾ ਲੜਾਈ ਸਮੇਂ ਅਜਿਹੇ ਹੁਕਮਾਂ ਦਾ ਪਾਲਣ ਕਰਦੀ। ਮੇਰਾ ਖ਼ਿਆਲ ਹੈ ਕਿ ਇਹ ਸਭ ਤੋਂ ਸਖ਼ਤ ਹੁਕਮ ਸਨ, ਜਿਹੜੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦਿੱਤੇ।" ਮਾਰਕ ਟੱਲੀ ਅਤੇ ਜਨਰਲ ਬਰਾੜ ਦੀ ਇੱਕ ਗੱਲ ਸਾਂਝੀ ਹੈ ਕਿ ਫ਼ੌਜ ਨੂੰ ਜਿਹੜਾ ਹੁਕਮ ਦਰਬਾਰ ਸਾਹਿਬ ਵੱਲ ਗੋਲੀ ਨਾ ਚਲਾਉਣ ਦਾ ਮਿਲਿਆ, ਉਸ ਕਰਕੇ ਫ਼ੌਜ ਨੇ ਆਪ ਤਾਂ ਜਾਨੀ ਨੁਕਸਾਨ ਉਠਾ ਲਿਆ, ਪਰ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ।ਆਓ ! ਦੇਖਦੇ ਹਾਂ ਉਨ੍ਹਾਂ ਦੀ ਇਸ ਦਲੀਲ 'ਚ ਕਿੰਨਾ ਕੁ ਵਜ਼ਨ ਹੈ। ਪਹਿਲੀ ਗੱਲ ਇਹ ਜਿਹੜੇ ਬੰਦਿਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਕੋਈ ਅਜਿਹੀ ਥਾਂ ਨਹੀਂ, ਜਿੱਥੇ ਗੋਲੀ ਚਲਾਉਣ ਲਈ ਦਰਬਾਰ ਸਾਹਿਬ ਅੜਿੱਕਾ ਬਣਦਾ ਹੋਵੇ। ਜਿਹੜੇ ਬੰਦੇ ਕਦੇ ਦਰਬਾਰ ਸਾਹਿਬ ਨਹੀਂ ਗਏ, ਉਨ੍ਹਾਂ ਦੀ ਜਾਣਕਾਰੀ ਲਈ ਜਨਰਲ ਬਰਾੜ ਵੱਲੋਂ ਆਪਣੀ ਕਿਤਾਬ 'ਚ ਦਿੱਤਾ ਗਿਆ ਉਹ ਨਕਸ਼ਾ ਪੇਸ਼ ਹੈ, ਜਿਸ ਵਿੱਚ ਉਨ੍ਹਾਂ ਨੇ ਕੰਪਲੈਕਸ ਦੀ ਮੋਰਚਾਬੰਦੀ ਦਰਸਾਈ ਗਈ ਹੈ।
ਦਰਬਾਰ ਸਾਹਿਬ ਦੀ ਚਾਰੇ ਬਾਹੀਆਂ ਦੀ ਲੰਬਾਈ-ਚੌੜਾਈ 20-20 ਫੁੱਟ ਹੈ। ਜੇ ਕਿਸੇ ਬਾਹੀ ਵੱਲੋਂ ਦਰਬਾਰ ਸਾਹਿਬ ਨੂੰ ਸੇਧ 'ਚ ਰੱਖ ਕੇ ਸ਼ਿਸਤ ਲੈਣੀ ਹੋਵੇ ਤਾਂ ਸਿਰਫ਼ 20 ਫੁੱਟ ਦਾ ਥਾਂ ਹੀ ਪਰਲੇ ਪਾਸੇ ਰੁਕਦਾ ਹੈ। ਨਾਲੇ ਜੇ ਦਰਬਾਰ ਸਾਹਿਬ ਦੀ ਬਿਲਡਿੰਗ ਗੋਲੀ ਦੇ ਵਿਚਕਾਰ ਆਉਂਦੀ ਹੋਵੇ ਤਾਂ ਦੂਜੇ ਪਾਸੇ ਗੋਲੀ ਮਾਰਨ ਦਾ ਕੋਈ ਫ਼ਾਇਦਾ ਹੀ ਨਹੀਂ, ਜਦੋਂ ਇਹ ਗੋਲੀ ਦਰਬਾਰ ਸਾਹਿਬ ਦੀ ਬਿਲਡਿੰਗ ਨੇ ਹੀ ਰੋਕ ਲੈਣੀ ਹੋਵੇ। ਜਨਰਲ ਬਰਾੜ ਦੇ ਨਕਸ਼ੇ ਤੋਂ ਸਪਸ਼ਟ ਹੈ ਕਿ ਖਾੜਕੂਆਂ ਦਾ ਕੋਈ ਅਜਿਹਾ ਮੋਰਚਾ ਨਹੀਂ ਸੀ, ਜਿਸਦੇ ਵਿਚਕਾਰ 'ਚ ਦਰਬਾਰ ਸਾਹਿਬ ਆਉਂਦਾ ਹੋਵੇ। 20 ਜ਼ਰਬ 20 ਫੁੱਟ ਨੂੰ ਛੱਡ ਕੇ ਬਾਕੀ ਸਾਰਾ ਕੰਪਲੈਕਸ ਤਾਂ ਖੁੱਲ੍ਹਾ ਹੀ ਸੀ,ਜਿੱਧਰੋਂ ਮਰਜ਼ੀ ਗੋਲੀ ਚਲਾਈ ਜਾਂਦੈ ਅਤੇ ਚਲਾਈ ਵੀ। ਨਾਂ ਹੀ ਬਰਾੜ ਨੇ ਇਹ ਸਪਸ਼ਟ ਕੀਤਾ ਹੈ ਕਿ ਖਾੜਕੂਆਂ ਦੇ ਕਿਹੜੇ ਮੋਰਚੇ 'ਤੇ ਗੋਲੀ ਚਲਾਉਣ ਦੇ ਰਾਹ ਵਿੱਚ ਦਰਬਾਰ ਸਾਹਿਬ ਅੜਿੱਕਾ ਬਣਦਾ ਸੀ। ਨਾਲ ਹੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਵਿਚਕਾਰ ਪੈਂਦੀ ਦਰਸ਼ਨੀ ਡਿਉੜੀ 'ਤੇ ਹਜ਼ਾਰਾਂ ਗੋਲੀਆਂ ਦੀ ਬੁਛਾੜ ਕਰਨ ਲਈ ਦਰਬਾਰ ਸਾਹਿਬ ਅੜਿੱਕਾ ਨਹੀਂ ਬਣਿਆ। ਡਿਉੜੀ 'ਤੇ ਤੋਪ ਦੇ ਗੋਲੇ ਮਾਰ ਕੇ ਮਘੋਰੇ ਕਰਨ ਤੱਕ ਦਰਬਾਰ ਸਾਹਿਬ ਦੀ ਬਿਲਡਿੰਗ ਜੇ ਅੜਿੱਕਾ ਨਹੀਂ ਬਣੀ ਤਾਂ ਹੋਰ ਕਿਹੜੇ ਮੋਰਚੇ 'ਤੇ ਫਾਇਰਿੰਗ ਕਰਨ ਲਈ ਇਸਨੇ ਅੜਿੱਕਾ ਬਣਨਾ ਸੀ।
ਸ਼੍ਰੀ ਦਰਬਾਰ ਸਾਹਿਬ ਵਿੱਚ ਕੋਈ ਖਾੜਕੂ ਮੋਰਚਾ ਹੋਣ ਦੀ ਤਸਦੀਕ ਕਿਸੇ ਨਿਰਪੱਖ ਬੰਦੇ ਨੇ ਹਾਲੇ ਤੱਕ ਨਹੀਂ ਕੀਤੀ। ਇਸ ਕਰਕੇ ਦਰਬਾਰ ਸਾਹਿਬ ਵੱਲ ਗੋਲੀ ਚਲਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ, ਪਰ ਫਿਰ ਵੀ ਗੋਲੀ ਲੱਗਣ ਕਰਕੇ ਤਾਬਿਆ 'ਤੇ ਬੈਠਾ ਇੱਕ ਗ੍ਰੰਥੀ ਸਿੰਘ ਸ਼ਹੀਦ ਹੋਇਆ ਅਤੇ ਗੋਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੀ ਲੰਘੀ। ਫ਼ੌਜ ਵੱਲੋਂ ਇਸ ਗੋਲੀ ਦਾ ਜ਼ੁੰਮਾ ਖਾੜਕੂਆਂ 'ਤੇ ਸੁੱਟਣ ਨੂੰ ਕਿਸੇ ਨੇ ਵੀ ਸਹੀ ਨਹੀਂ ਮੰਨਿਆ।
4 ਜੂਨ ਨੂੰ ਫ਼ੌਜੀ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਪਹਿਲਾ ਇੱਕ ਜੂਨ ਨੂੰ ਦਰਬਾਰ ਸਾਹਿਬ 'ਤੇ ਸੀ.ਆਰ.ਪੀ. ਨੇ ਸੈਂਕੜੇ ਗੋਲੀਆਂ ਚਲਾਈਆਂ। ਜਿਸ ਵਿੱਚ ਇੱਕ ਸਿੰਘ ਸ਼ਹੀਦ ਅਤੇ ਦਰਜਨਾਂ ਫੱਟੜ ਹੋਏ। ਉਸ ਦਿਨ ਬੀ.ਬੀ.ਸੀ. ਲੰਡਨ ਰੇਡੀਉ ਨੇ ਆਪਣੇ ਇਸੇ ਪੱਤਰਕਾਰ ਮਾਰਕ ਟੱਲੀ ਦੇ ਹਵਾਲੇ ਨਾਲ ਖ਼ਬਰ ਦਿੱਤੀ ਕਿ ਉਸਨੇ ਦਰਬਾਰ ਸਾਹਿਬ ਇਮਾਰਤ 'ਤੇ ਸੈਂਕੜੇ ਗੋਲੀਆਂ ਦੇ ਨਿਸ਼ਾਨ ਦੇਖੇ ਹਨ, ਜੋ ਕਿ ਸੀ.ਆਰ.ਪੀ. ਵੱਲੋਂ ਚਲਾਈਆਂ ਗਈਆਂ। ਮਾਰਕ ਟੱਲੀ ਆਪਣੀ ਕਿਤਾਬ ਦੇ ਸਫ਼ਾ 180 'ਤੇ ਲਿਖਦੇ ਹਨ ਕਿ ਇਹ ਗੱਲ ਪੱਕੀ ਹੈ ਕਿ ਦਰਬਾਰ ਸਾਹਿਬ 'ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ, ਜਿਨ੍ਹਾਂ ਦੀ ਗਿਣਤੀ 300 ਹੈ, ਜਿਨ੍ਹਾਂ ਵਿੱਚੋਂ ਬਹੁਤੇ ਆਪ੍ਰੇਸ਼ਨ ਤੋਂ ਪਹਿਲਾਂ ਇਨ੍ਹਾਂ ਸੀ.ਆਰ.ਪੀ. ਵੱਲੋਂ ਚਲਾਈਆਂ ਗੋਲੀਆਂ ਦੇ ਹਨ। 1 ਜੂਨ ਵਾਲੀ ਫਾਇਰਿੰਗ ਦਾ ਸਰਕਾਰ ਨੇ ਨਾ ਤਾਂ ਖੰਡਨ ਕੀਤਾ ਹੈ ਅਤੇ ਨਾ ਹੀ ਕੋਈ ਅਫ਼ਸੋਸ ਜ਼ਾਹਿਰ ਕੀਤਾ ਹੈ।
ਚਲੋ ਜੇ ਮਾਰਕ ਟਲੀ ਦੀ ਇਹ ਗੱਲ ਸਹੀ ਵੀ ਮੰਨ ਲਈ ਜਾਵੇ ਕੇ ਦਰਬਾਰ ਸਾਹਿਬ ਤੇ 300 ਗੋਲ਼ੀਆਂ ਦੇ ਨਿਸ਼ਾਨ ਫ਼ੌਜੀ ਹਮਲੇ ਤੋਂ ਪਹਿਲਾਂ 1 ਜੂਨ ਦੀ ਫਾਇਰੰਗ ਵਾਲੇ ਸਨ ਤਾਂ ਸਵਾਲ ਪੈਦਾ ਹੁੰਦਾ ਹੈ ਕੇ ਜੇ ਸਰਕਾਰ ਨੇ ਬਿਨਾ ਵਜਾ ਦਰਬਾਰ ਤੇ ਸੈਂਕੜੇ ਫ਼ਾਇਰ ਕਰਨ ਚ ਪਹਿਲੀ ਜੂਨ ਵਾਲੇ ਦਿਨ ਕੋਈ ਕਿਰਕ ਨਹੀਂ ਕੀਤੀ ਤਾਂ ਉਹਨੂੰ ਇਹਤੋਂ ਤਿੰਨ ਬਾਅਦ ਫ਼ਾਇਰ ਕਰਨ ਚ ਕਾਹਦੀ ਸੰਗ ਸੀ ? ਇੱਥੋ ਇਹ ਗੱਲ ਸਾਫ਼ ਹੁੰਦੀ ਹੈ ਕਿ ਕੇ ਜਨਰਲ ਬਰਾੜ ਦਾ ਦਰਬਾਰ ਸਾਹਿਬ ਨੰੂ ਫਾਇਰੰਗ ਤੋਂ ਬਚਾਉਣ ਖ਼ਾਤਰ ਆਪਣਾ ਨੁਕਸਾਨ ਕਰਾਉਣ ਦੀ ਗੱਲ ਬਿਲਕੁਲ ਬੇਮਾਇਨੀ ਹੈ।1935 ਚ ਜੰਮਿਆ ਪੱਤਰਕਾਰ ਮਾਰਕ ਟਲੀ ਵੀ ਅਜੇ ਵੀ ਜਿਉਂਦਾ ਜਾਗਦਾ ਹੈ, ਉਹਤੋਂ ਵੀ ਉਹਦੀ ਜਨਰਲ ਬਰਾੜ ਦੇ ਕੀਤੇ ਦਾਅਵੇ ਨੂੰ ਤਸਦੀਕ ਕਰਨ ਵਾਲੀ ਲਿਖਤ ਦੀ ਕਲੈਰੀਫਿਕੇਸ਼ਨ ਮੰਗਣ ਦਾ ਵੱਡਾ ਫਰਜ ਸ਼ਰੋਮਣੀ ਕਮੇਟੀ ਦਾ ਹੈ।ਨਹੀਂ ਤਾਂ ਮਾਰਕ ਟਲੀ ਦੇ ਟੁਰ ਜਾਣ ਤੋਂ ਬਾਅਦ ਉਹਦੀ ਕਿਤਾਬ ਚ ਸੋਧ ਕਰਨ ਦਾ ਹੱਕ ਕਿਸੇ ਕੋਲ ਨਹੀਂ ਹੋਵੇਗਾ।
------
gurpreetmandiani@gmail.com
+91-8872664000