ਪੰਥ 'ਚ ਇੱਕ ਅਸੂਲੀ ਲਕੀਰ ਖਿੱਚ ਗਈ ਸੀ 1978 ਵਾਲੀ ਅਕਾਲੀ ਕਾਨਫ਼ਰੰਸ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 28 ਅਕਤੂਬਰ , 2017 :
29 ਅਕਤੂਬਰ 1978 ਨੂੰ ਲੁਧਿਆਣੇ ਵਾਲੀ ਸਰਬ ਹਿੰਦ ਅਕਾਲੀ ਕਾਨਫ਼ਰੰਸ ਦੀ ਪ੍ਰਮੁੱਖ ਘਟਨਾ ਇਹ ਸੀ ਕਿ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਮਿਆਨ ਵਿਚਾਰਧਾਰਕ ਟਕਰਾਅ-ਖੁੱਲ ਕੇ ਸਾਹਮਣੇ ਆਇਆ ਸੀ, ਇਹ ਟਕਰਾਅ ਨਿਰੰਕਾਰੀਆਂ ਨਾਲ ਪੰਜਾਬ ਸਰਕਾਰ ਅਤੇ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ਨੀਤੀ ਦੇ ਮਾਮਲੇ ਤੇ ਸੀ। ਕਾਨਫ਼ਰੰਸ ਮੌਕੇ ਅਕਾਲੀਆਂ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਟਾਈਮ ਨਾ ਦੇਣਾ, ਲੋਕਾਂ ਵੱਲੋਂ ਸੰਤ ਦੇ ਹੱਕ 'ਚ ਉੱਠ ਖੜੇ ਹੋਣ ਤੋਂ ਬਾਅਦ ਮਜਬੂਰੀ ਵੱਸ ਟਾਈਮ ਦੇਣਾ, ਸੰਤਾਂ ਵੱਲੋਂ ਨਿਰੰਕਾਰੀ ਮਾਮਲੇ 'ਤੇ ਸਪਸ਼ਟ ਸਟੈਂਡ ਲੈਣ ਵਾਲੀ ਤਾੜਨਾ ਕਰਨੀ, ਸੰਗਤਾਂ ਵੱਲੋਂ ਸੰਤਾ ਦੀ ਤਕਰੀਰ ਦਾ ਜੋਸ਼ੀਲੇ ਜੈਕਾਰਿਆਂ ਨਾਲ ਸੁਆਗਤ ਕਰਨਾ, ਤਕਰੀਰ ਤੋਂ ਬਾਅਦ ਸੰਤ ਭਿੰਡਰਾਂਵਾਲੇ ਜਦੋਂ ਆਪਣੇ ਸਾਥੀਆਂ ਸਮੇਤ ਕਾਨਫ਼ਰੰਸ ਵਿਚ ਗ਼ੁੱਸੇ ਦੇ ਰੌਂਅ ਵਿਚ ਜਾ ਰਹੇ ਸਨ ਤਾਂ ਉਸ ਮੌਕੇ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵੱਲੋਂ ਉਨ੍ਹਾਂ ਨੂੰ ਢਾਈ ਟੋਟਰੂ ਦਾ ਨਾਮ (ਬਦ-ਨਾਮ ) ਦੇਣਾ, ਇਹ ਸਪਸ਼ਟ ਇਸ਼ਾਰਾ ਕਰ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁਣ ਚੁੱਪ ਕਰ ਕੇ ਨਹੀਂ ਬੈਠਣਗੇ।
28-29 ਅਕਤੂਬਰ ਨੂੰ ਹੋਈ ਉਹ ਸਰਬ ਹਿੰਦ ਅਕਾਲੀ ਕਾਨਫ਼ਰੰਸ ਅਕਾਲੀ ਦਲ ਦੀ ਪੂਰੀ ਸਿਆਸੀ ਚੜ੍ਹਤ ਦੇ ਦੌਰ ਵਿਚ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਅਕਾਲੀ-ਜਨਤਾ ਪਾਰਟੀ ਕੁਲੀਸਨ ਸਰਕਾਰ ਦੇ ਮੁੱਖ ਮੰਤਰੀ ਸਨ ਤੇ ਅਕਾਲੀ ਦਲ ਪਹਿਲੀ ਵਾਰ ਕੇਂਦਰੀ ਵਜ਼ਾਰਤ ਵਿਚ ਹਿੱਸੇਦਾਰ ਬਣਿਆ ਸੀ। ਸੁਰਜੀਤ ਬਰਨਾਲਾ ਕੇਂਦਰ ਵਿਚ ਖੇਤੀਬਾੜੀ ਕੈਬਨਿਟ ਮੰਤਰੀ ਤੇ ਧੰਨਾ ਸਿੰਘ ਗੁਲਸ਼ਨ ਸਿੱਖਿਆ ਰਾਜ ਮੰਤਰੀ ਵਜੋਂ ਕੇਂਦਰ ਵਿਚ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਸੀ। ਪਹਿਲੀ ਵਾਰ ਅਕਾਲੀ ਦਲ ਦੇ 9 ਐਮ.ਪੀ ਬਣੇ ਸੀ। ਅਕਾਲੀ ਦਲ ਹੀ ਸਾਰੇ ਮੁਲਕ ਵਿਚ ਸਿੱਖਾਂ ਦੀ ਇੱਕੋ-ਇੱਕ ਨੁਮਾਇੰਦਾ ਜਮਾਤ ਸੀ। ਅਕਾਲੀ ਦਲ ਨੂੰ ਸਿੱਖਾਂ ਵਿਚੋਂ ਕੋਈ ਚੈਲੰਜ ਨਹੀਂ ਸੀ। 28 ਅਕਤੂਬਰ ਦਾ ਦਿਨ ਤਾਂ ਅਕਾਲੀ ਵੱਲੋਂ ਲੁਧਿਆਣਾ ਸ਼ਹਿਰ ਵਿਚ ਅਕਾਲੀ ਦਲ ਵੱਲੋਂ ਕੱਢੇ ਗਏ ਜਲੂਸ ਵਿਚ ਹੀ ਨਿਕਲ ਗਿਆ।
ਮੀਲਾਂ ਲੰਮੇ ਜਲੂਸ ਦੀ ਅਗਵਾਈ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਹਾਥੀ ਤੇ ਬੈਠ ਕੇ ਕੀਤੀ ਸੀ। ਉਨ੍ਹਾਂ ਦੇ ਨਾਲ ਲੁਧਿਆਣਾ (ਸ਼ਹਿਰੀ) ਅਕਾਲੀ ਜ਼ਿਲ੍ਹਾ ਜਥਾ ਦੇ ਜਥੇਦਾਰ ਅਤੇ ਕਾਨਫ਼ਰੰਸ ਸੁਆਗਤੀ ਕਮੇਟੀ ਦੇ ਪ੍ਰਧਾਨ ਜਥੇਦਾਰ ਸੁਰਜਣ ਸਿੰਘ ਠੇਕੇਦਾਰ ਤਲਵੰਡੀ ਸਾਹਿਬ ਦੇ ਨਾਲ ਹੀ ਹਾਥੀ ਤੇ ਬੈਠੇ ਸਨ। ਉਨ੍ਹੀਂ ਦਿਨੀਂ ਮੈਂ ਗੌਰਮਿੰਟ ਕਾਲਜ ਲੁਧਿਆਣੇ ਪੜਦਾ ਸੀ ਤੇ ਮੈਂ ਇਹ ਸਾਰਾ ਜਲੂਸ ਆਪਣੇ ਅੱਖੀਂ ਦੇਖਿਆ ਤੇ ਇਹ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਿਆਸੀ ਚੜ੍ਹਤ ਦਾ ਸਿਖਰ ਦੁਪਹਿਰ ਹੋ ਨਿੱਬੜਿਆ। ਇਹ ਜਲੂਸ ਪੁਰਾਣੇ ਸ਼ਹਿਰ ਤੋਂ ਹੋਕੇ ਫ਼ਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਕਾਨਫ਼ਰੰਸ ਵਾਲੀ ਥਾਂ ਤੇ ਜਾ ਕੇ ਮੁੱਕਿਆ। ਉਨ੍ਹੀਂ ਦਿਨੀਂ ਇਸ ਥਾਂ ਤੇ ਅਜੇ ਆਬਾਦੀ ਨਹੀਂ ਸੀ। ਸੁਨੇਤ ਪਿੰਡ ਦੀ ਜ਼ਮੀਨ ਵਿਚ ਕਾਨਫ਼ਰੰਸ ਵਾਲੀ ਥਾਂ ਨੂੰ ਭਾਈ ਰਣਧੀਰ ਸਿੰਘ ਨਗਰ ਦਾ ਨਾਂਅ ਦਿੱਤਾ ਗਿਆ। ਬਾਅਦ ਇੰਪਰੂਵਮੈਂਟ ਟਰੱਸਟ ਵੱਲੋਂ ਇੱਥੇ ਪੱਕੀ ਵਸਾਈ ਪੱਕੀ ਰਿਹਾਇਸ਼ੀ ਕਾਲੋਨੀ ਦਾ ਵੀ ਭਾਈ ਰਣਧੀਰ ਸਿੰਘ ਨਗਰ ਹੀ ਰੱਖਿਆ ਗਿਆ।
ਸਹੀ ਮਾਅਨਿਆਂ ਵਿਚ ਕਾਨਫ਼ਰੰਸ ਦੀ ਕਾਰਵਾਈ 29 ਅਕਤੂਬਰ ਨੂੰ ਹੀ ਸ਼ੁਰੂ ਹੋਈ ਦਿਨ ਐਤਵਾਰ ਸੀ। ਮੇਰੀ ਉਮਰ 18 ਸਾਲ ਦੀ ਸੀ। ਸਾਢੇ ਘਰ ਵਿਚ ਮੇਰੇ ਜਨਮ ਤੋਂ ਪਹਿਲਾ ਦਾ ਹੀ ਅਖ਼ਬਾਰ ਆਉਂਦਾ ਸੀ। ਵੱਡਿਆਂ ਵੱਲੋਂ ਅਖ਼ਬਾਰ ਪੜ੍ਹਨ ਕਰ ਕੇ ਸਿਆਸੀ ਘਟਨਾਵਾਂ ਵਿਚ ਦਿਲਚਸਪੀ ਸੀ। ਛੁੱਟੀ ਵਾਲਾ ਦਿਨ ਹੋਣ ਕਰ ਕੇ ਵੀ ਮੈਂ ਕਾਨਫ਼ਰੰਸ ਵਿਚ ਗਿਆ। ਮੇਰੇ ਪੁੱਜਣ ਤੱਕ ਲੀਡਰਾਂ ਦੀਆਂ ਤਕਰੀਰਾਂ ਲਗਭਗ ਮੁੱਕ ਕੱਚੀਆਂ ਸਨ। ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਸਟੇਜ ਤੇ ਬੈਠੇ ਸਨ ਅਜੇ ਉਨ੍ਹਾਂ ਦੀ ਤਕਰੀਰ ਹੋਣੀ ਬਾਕੀ ਸੀ। 39 ਵਰ੍ਹੇ ਪੁਰਾਣਾ ਵਾਕਿਆ ਹੋਣ ਕਰ ਕੇ ਸਾਰੇ ਹਾਲਾਤ ਤਰਤੀਬਵਾਰ ਯਾਦ ਵੀ ਨਹੀਂ। ਪਰ ਕਈ ਗੱਲਾਂ ਅੱਜ ਤੱਕ ਵੀ ਚੰਗੀ ਤਰ੍ਹਾਂ ਯਾਦ ਨੇ। ਕਾਨਫ਼ਰੰਸ ਵਿਚ ਅਚਾਨਕ ਹਲਚਲ ਹੋਈ ਬਹੁਤ ਲੋਕ ਖੜੇ ਹੋ ਕੇ ਰੌਲਾ ਪਾਉਣ ਲੱਗੇ। ਬਾਅਦ 'ਚ ਪਤਾ ਲੱਗਿਆ ਕਿ ਰੌਲਾ ਪਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਸਮਾਂ ਨਾ ਦੇਣ ਕਰ ਕੇ ਔਖੇ ਸਨ ਤੇ ਸੰਤਾਂ ਨੂੰ ਸਮਾ ਦਿਵਾਉਣਾ ਚਾਹੁੰਦੇ ਸੀ। ਕੁੱਝ ਮਿੰਟਾਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਾਈਕ ਤੇ ਆਏ। ਉਨ੍ਹਾਂ ਦੀ ਕੋਈ ਹੋਰ ਗੱਲ ਤਾਂ ਬਹੁਤ ਯਾਦ ਨਹੀਂ ਪਰ ਇੱਕ ਮੁੱਦਾ ਪੂਰੀ ਤਰ੍ਹਾਂ ਯਾਦ ਹੈ। ਉਨ੍ਹਾਂ ਕਿਹਾ ਕਿ, '' ਕੱਲ੍ਹ ਕੁੱਝ ਸੱਜਣ ਮੇਰੇ ਕੋਲ ਆਏ ਤੇ ਆਖਣ ਲੱਗੇ ਕਿ ਸੰਤ ਜੀ ਮੱਥਾ ਕੀਹਨੂੰ ਟੇਕੀਏ, ਮੈਂ ਕਿਹਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ। ਸੱਜਣ ਕਹਿੰਦੇ, ਸੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਜਲੂਸ ਮੂਹਰੇ ਹੈ ਨੀਂ, (ਉਹ ਇੱਕ ਦਿਨ ਪਹਿਲਾ ਨਿਕਲੇ ਅਕਾਲੀ ਜਲੂਸ ਦੀ ਕਰ ਰਹੇ ਸਨ) ਮੇਰਾ ਸਰੀਰ ਤਾਂ ਭਾਵੇਂ ਢਿੱਲਾਂ ਸੀ ਪਰ ਮੈਂ ਖ਼ੁਦ ਜਾ ਕੇ ਪੜਤਾਲ ਕਰਨੀ ਚਾਹੀ। ਮੈਂ ਕੀ ਦੇਖਦਾ ਹਾਂ ਜਲੂਸ ਮੂਹਰੇ ਇੱਕ ਹਾਥੀ ਸੀ, ਜਿਸ ਤੇ ਦੋ ਮਨੁੱਖ ਬੈਠੇ ਹੋਏ ਸਨ।'' ਸੰਤਾਂ ਵੱਲੋਂ ਦੋ ਮਨੁੱਖ ਕਹੇ ਜਾਣਾ ਮੈਨੂੰ ਅੱਜ ਤੱਕ ਵੀ ਸਪਸ਼ਟ ਤੌਰ ਤੇ ਯਾਦ ਹੈ। ਹਾਥੀ ਤੇ ਬੈਠੇ ਦੋ ਮਨੁੱਖਾਂ ਵਿਚ ਇੱਕ ਰਾਜ ਭਾਗ ਦੀ ਮਾਲਕ ਪਾਰਟੀ ਅਕਾਲੀ ਦਲ ਦਾ ਪ੍ਰਧਾਨ ਅਤੇ ਲੋਹ ਪੁਰਸ਼ ਆਖੀ ਜਾਣ ਵਾਲੀ ਅਹਿਮ ਸ਼ਖ਼ਸੀਅਤ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀ। ਇਸ ਸ਼ਖ਼ਸੀਅਤ ਨੂੰ ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ ਜਾਂ ਤਲਵੰਡੀ ਸਾਹਿਬ ਵਰਗਾ ਨਾਮ ਨਾ ਵਰਤ ਕੇ ਸਿਰਫ਼ ਮਨੁੱਖ ਸ਼ਬਦ ਨਾਲ ਮੁਖ਼ਾਤਬ ਹੋਣ ਵਾਲੀ ਗੱਲ ਨੇ ਤਲਵੰਡੀ ਸਾਹਿਬ ਦੇ ਗ਼ੁੱਸੇ ਦਾ ਪਾਰਾ ਜ਼ਰੂਰ ਝੜਾਇਆ ਹੋਣਾ ਹੈ। ਤਲਵੰਡੀ ਸਾਹਿਬ ਇੱਕ ਗ਼ੁੱਸੇਖ਼ੋਰੀ ਸ਼ਖ਼ਸੀਅਤ ਵਜੋਂ ਮਸ਼ਹੂਰ ਸਨ ਨਾਲੇ ਉਦੋਂ ਤਾਂ ਤਲਵੰਡੀ ਸਾਹਿਬ ਦਾ ਸਿਤਾਰਾ ਪੂਰੀ ਬੁਲੰਦੀ ਤੇ ਸੀ। 30 ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਿਕ 'ਸੰਤ ਜਰਨੈਲ ਸਿੰਘ ਨੇ ਬਹੁਤ ਹੀ ਸ਼ਾਂਤ ਪ੍ਰੰਤੂ ਸਪਸ਼ਟ ਸ਼ਬਦਾਂ ਵਿਚ ਨਿਰੰਕਾਰੀ ਮਸਲੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦੇ ਆਗੂਆਂ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੌਮ ਦੇ 21 ਸਿੰਘ ਸ਼ਹੀਦ ਹੋ ਗਏ ਨੇ ਤਾਂ ਉਸ ਸਮੇਂ ਦਲ ਦੇ ਪ੍ਰਧਾਨ ਵੱਲੋਂ ਹਾਥੀ ਤੇ ਬੈਠ ਕੇ ਜਲੂਸ ਕਢਾਉਣਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲੂਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਕਿਧਰੇ ਵੀ ਥਾਂ ਨਹੀਂ ਦਿੱਤੀ ਗਈ। ਉਨ੍ਹਾਂ ਅਕਾਲੀ ਨੇਤਾਵਾਂ ਤੋਂ ਨਿਰੰਕਾਰੀਆਂ ਦੀਆਂ ਪੁਸਤਕਾਂ ਜ਼ਬਤ ਕਰਨ ਦੀ ਸਪਸ਼ਟ ਤਾਰੀਖ਼ ਦੀ ਮੰਗ ਕੀਤੀ। ਉਨ੍ਹਾਂ ਨੇ ਕਾਨਫ਼ਰੰਸ ਵੱਲੋਂ ਪਾਸ ਕੀਤੇ ਇਸ ਮਤੇ ਨੂੰ ਟਾਲ ਮਟੋਲ ਦੱਸਿਆ। ਜਿਸ ਵਿਚ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਉਹ ਨਿਰੰਕਾਰੀ ਪੁਸਤਕਾਂ ਤੇ ਪਾਬੰਦੀ ਲਾਵੇ। ਉਨ੍ਹਾਂ ਨੇ ਇੱਕ ਪੱਕੀ ਤਾਰੀਖ਼ ਤੇ ਕੇਂਦਰ ਸਰਕਾਰ ਵੱਲੋਂ ਪੁਸਤਕਾਂ ਜ਼ਬਤ ਨਾ ਕੀਤੇ ਜਾਣ ਤੇ ਅਕਾਲੀ ਦਲ ਨੂੰ ਮੋਰਚਾ ਲਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਆਪ ਇਸ ਵਿਚ ਸਭ ਤੋਂ ਪਹਿਲਾ ਕੁਰਬਾਨੀ ਦੇਣਗੇ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ 15 ਕੁ ਮਿੰਟ ਦੇ ਲਗਭਗ ਕੀਤੀ ਇਸ ਤਕਰੀਰ ਨੂੰ ਕਰੀਬ ਇੱਕ ਲੱਖ ਸਰੋਤਿਆ ਦੇ ਇਕੱਠ ਨੇ ਬੜੀ ਸ਼ਾਂਤੀ ਨਾਲ ਸੁਣਿਆ ਅਤੇ ਇਸ ਸਾਰੇ ਸਮੇਂ ਵਿਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਗੂੰਜਦੇ ਰਹੇ। ਇਸ ਸਾਰੇ ਸਮੇਂ ਵਿਚ ਸਟੇਜ ਤੇ ਬੈਠੇ ਅਕਾਲੀ ਆਗੂ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਅਤੇ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਚੰਦਰ ਸ਼ੇਖਰ ਵੀ ਇਸ ਸਮੇਂ ਕਾਫ਼ੀ ਤਣਾਅ ਵਿਚ ਵਿਖਾਈ ਦੇ ਰਹੇ ਸਨ। ਇੰਜ ਲੱਗਦਾ ਸੀ ਕਿ ਜਿਵੇਂ ਅਕਾਲੀ ਆਗੂਆਂ ਨੂੰ ਇਸ ਅਣ ਕਿਆਸੀ ਗੱਲ ਹੋਣ ਦੀ ਆਸ ਨਹੀਂ ਸੀ। ਪ੍ਰੰਤੂ ਦੂਜੇ ਪਾਸੇ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਹ ਸਾਰੀ ਕਾਰਵਾਈ ਇੱਕ ਮਿਥੀ ਹੋਈ ਸਕੀਮ ਅਨੁਸਾਰ ਸਮੇਂ ਨੂੰ ਵੇਖ ਕੇ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਠੀਕ ਨਿਸ਼ਾਨਾ ਬੈਠਣ ਕਰ ਕੇ ਅਤੇ ਮੌਕੇ ਅਨੁਸਾਰ ਸੰਤ ਜਰਨੈਲ ਸਿੰਘ ਨੇ ਸਿੱਖਾਂ ਦੇ ਬਹੁਤ ਸਾਰੇ ਜਜ਼ਬਾਤ ਨੂੰ ਆਪਣੇ ਨਾਲ ਲੈ ਲਿਆ ਸੀ।
'' ਪੰਜਾਬੀ ਟ੍ਰਿਬਿਊਨ ਰਿਪੋਰਟਰ ਦੇ ਮੁਤਾਬਿਕ ਤਾਂ ਅਕਾਲੀ ਲੀਡਰਾਂ ਨੂੰ ਇਸ ਅਣਕਿਆਸੀ ਦੀ ਕੋਈ ਆਸ ਨਹੀਂ ਸੀ। ਪਰ ਅਸਲੀਅਤ ਵਿਚ ਅਕਾਲੀ ਲੀਡਰਾਂ ਨੂੰ ਇਹ ਬਿਲਕੁਲ ਪਤਾ ਸੀ ਸੰਤ ਭਿੰਡਰਾਂਵਾਲਿਆਂ ਨੇ ਜੋ ਕੁੱਝ ਕਹਿਣਾ ਹੈ ਉਹ ਸਾਨੂੰ ਸੂਤ ਨਹੀਂ ਬਹਿਣਾ ਇਹ ਸੋਚ ਕੇ ਉਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਟਾਈਮ ਨਹੀਂ ਸੀ ਦਿੱਤਾ। ਸੰਤਾਂ ਨੇ ਇਸ ਗੱਲ ਦਾ ਪਹਿਲਾ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ ਨਿਰੰਕਾਰੀ ਮਾਮਲੇ 'ਤੇ ਆਪਣੇ ਦਿਲ ਦੀ ਗੱਲ ਅਕਾਲੀ ਕਾਨਫ਼ਰੰਸ ਮੌਕੇ ਕਰਨਗੇ ਤੇ ਨਵਾਂ ਪ੍ਰੋਗਰਾਮ ਦੇਣਗੇ। ਇਸ ਗੱਲ ਦੀ ਤਸਦੀਕ ਉਸ ਵੇਲੇ ਦੀਆਂ ਅਖ਼ਬਾਰੀ ਖ਼ਬਰਾਂ ਤੋਂ ਵੀ ਹੁੰਦੀ ਹੈ। 24 ਅਕਤੂਬਰ 1978 ਦੇ ਪੰਜਾਬੀ ਟ੍ਰਿਬਿਊਨ ਵਿਚ ਇਸ ਦੇ ਸਟਾਫ਼ ਰਿਪੋਰਟਰ ਦੇ ਹਵਾਲੇ ਨਾਲ ਖ਼ਬਰ ਛਪੀ ਸੀ, ਜਿਸ ਵਿਚ ਸੰਤ ਭਿੰਡਰਾਂਵਾਲਿਆਂ ਨੇ ਸਿੱਖਾਂ ਨੂੰ ਅਪੀਲ ਕੀਤੀ ਕੀ ਉਹ 28 ਅਕਤੂਬਰ ਨੂੰ ਲੁਧਿਆਣੇ ਅਕਾਲੀ ਕਾਨਫ਼ਰੰਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ। ਸੰਤਾਂ ਨੇ ਕਿਹਾ ਮੇਰੇ ਕੋਲ ਕੁੱਝ ਸਵਾਲ ਹਨ ਜਿਸ ਬਾਰੇ ਉਹ ਅਕਾਲੀ ਲੀਡਰਸ਼ਿਪ ਤੋਂ ਜਵਾਬ ਮੰਗਣਗੇ। ਮੈਂ ਪ੍ਰਮਾਤਮਾ ਆਸਰੇ ਤੁਰ ਰਿਹਾ ਹਾਂ। ਭਿੰਡਰਾਂਵਾਲਿਆਂ ਨੇ ਇਹ ਵੀ ਕਿਹਾ ਕਿ ਉਹ ਕਾਨਫ਼ਰੰਸ ਵਿਚ ਨਿਰੰਕਾਰੀ ਮਾਮਲੇ 'ਤੇ ਆਪਣੀ ਤਾਜ਼ਾ ਯੋਜਨਾ ਪੇਸ਼ ਕਰਨਾ ਚਾਹੁੰਦੇ ਹਨ। ਭਿੰਡਰਾਂਵਾਲਿਆਂ ਦੇ ਅਜਿਹੇ ਖੁੱਲ੍ਹੇ ਪ੍ਰਚਾਰ ਅਤੇ ਅਖ਼ਬਾਰੀ ਬਿਆਨਾਂ ਤੋਂ ਬਾਅਦ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਅਕਾਲੀ ਲੀਡਰਾਂ ਨੂੰ ਸੰਤ ਦੇ ਇਰਾਦਿਆਂ ਦਾ ਇਲਮ ਨਹੀਂ ਸੀ।ਇਹੀ ਕਾਰਨ ਸੀ ਅਕਾਲੀ ਲੀਡਰ ਭਿੰਡਰਾਂਵਾਲਿਆਂ ਨੂੰ ਕਾਨਫ਼ਰੰਸ ਵਿਚ ਟਾਈਮ ਦੇ ਕੇ ਆਪਣੀ ਫਜੀਹਤ ਨਹੀਂ ਸੀ ਹੋਣ ਦੇਣਾ ਚਾਹੁੰਦੇ, ਜੋ ਕਿ ਹੋ ਕੇ ਰਹੀ।
ਮੈਨੂੰ ਇਹ ਵੀ ਯਾਦ ਹੈ ਕਿ ਭਿੰਡਰਾਂਵਾਲਿਆਂ ਦੀ ਤਕਰੀਰ ਨਾਲ ਸਰੋਤਿਆਂ ਵਿਚ ਮਾਹੌਲ ਇਨ੍ਹਾਂ ਜੋਸ਼ ਵਾਲਾ ਬਣ ਗਿਆ ਸੀ। ਬਹੁਤ ਸਾਰੇ ਲੋਕ ਉੱਠ ਕੇ ਜੈਕਾਰੇ ਲਾਉਣ ਲੱਗੇ। ਲਗਭਗ ਸਾਰੀਆਂ ਹੀ ਸੰਗਤਾਂ ਜੈਕਾਰਿਆਂ ਦਾ ਜਵਾਬ ਪੂਰੀ ਆਵਾਜ਼ ਨਾਲ ਦੇ ਰਹੀਆਂ ਸਨ। ਇਹ ਵੀ ਸਪਸ਼ਟ ਸੀ ਕਿ ਉਹ ਸਾਰੇ ਸੰਤ ਭਿੰਡਰਾਂਵਾਲਿਆਂ ਦੀ ਤਕਰੀਰ ਨੂੰ ਸਹੀ ਕਰਾਰ ਦੇ ਰਹੇ ਸਨ। ਚੰਦਰ ਸ਼ੇਖਰ ਨੇ ਅਜੇ ਬੋਲਣਾ ਸੀ। ਕਿਸੇ ਸੰਭਾਵਿਤ ਖ਼ਤਰੇ ਨੂੰ ਮੁੱਖ ਰੱਖਦਿਆਂ ਉਹ ਨੂੰ ਪੁਲਿਸ ਵਾਲੇ ਸਟੇਜ ਤੋਂ ਉਠਾ ਕੇ ਲੈ ਗਏ। ਅਕਾਲੀ ਪੱਤ੍ਰਿਕਾ ਅਖ਼ਬਾਰ ਦੇ ਐਡੀਟਰ ਅਮਰ ਸਿੰਘ ਦੁਸਾਂਝ ਦਾ ਸਿੱਖਾਂ ਵਿਚ ਚੰਗਾ ਅਸਰ ਸੀ ਅਤੇ ਉਹ ਵਧੀਆ ਬੁਲਾਰੇ ਵੀ ਹਨ। ਦੁਸਾਂਝ ਸਾਹਿਬ ਨੇ ਸਟੇਜ ਸੰਭਾਲੀ ਤੇ ਲੋਕਾਂ ਨੂੰ ਇਹ ਕਹਿੰਦਿਆਂ ਸ਼ਾਂਤ ਹੋਣ ਦੀ ਅਪੀਲ ਕੀਤੀ। 'ਖ਼ਾਲਸਾ ਜੀ, ਪੰਜਾਬ ਦੇਸ਼ ਦੀ ਖੜਗ ਭੁਜਾ ਹੈ, ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਬਿਨਾਂ ਬੋਲੀਓਂ ਮੁੜ ਗਏ ਤਾਂ ਸਾਡਾ ਮੁਲਕ ਵਿਚ ਕੀ ਪ੍ਰਭਾਵ ਪਏਗਾ'। ਉਨ੍ਹਾਂ ਨੇ ਹੋਰ ਵੀ ਕਈ ਕਿਸਮ ਦੇ ਵਾਸਤੇ ਪਾ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਅਗਲੀ ਕਾਰਵਾਈ ਦਾ ਜ਼ਿਕਰ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਉਕਤ ਖ਼ਬਰ ਵਿਚ ਅਗਾਂਹ ਜਾ ਕੇ ਇਉਂ ਲਿਖਿਆ ''ਭਾਵੇਂ ਸ. ਅਮਰ ਸਿੰਘ ਦੁਸਾਂਝ ਦੀ ਲੱਛੇਦਾਰ, ਚੁਸਤ ਅਤੇ ਸੰਖੇਪ ਜਿਹੀ ਤਕਰੀਰ ਨਾਲ ਮਾਹੌਲ ਕੁੱਝ ਸੰਭਲਿਆ, ਪ੍ਰੰਤੂ ਜਦੋਂ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਉਤੇਜਨਾ ਅਤੇ ਪ੍ਰੇਸ਼ਾਨੀ ਨਾਲ ਤਕਰੀਰ ਕਰਨ ਲਈ ਉੱਠੇ ਤਾਂ ਇੱਕ ਵਾਰ ਫਿਰ ਮਾਹੌਲ ਵਿਗੜਦਾ ਨਜ਼ਰ ਆਇਆ। ਸ. ਤਲਵੰਡੀ ਇਸ ਅਣਕਿਆਸੇ ਹਮਲੇ ਲਈ ਤਿਆਰ ਨਾ ਹੋਣ ਕਾਰਨ, ਤਕਰੀਰ ਵਿਚ ਸੰਤ ਜਰਨੈਲ ਸਿੰਘ ਵੱਲੋਂ ਕਹੇ ਸ਼ਬਦਾਂ ਦਾ ਗ਼ੁੱਸਾ ਸਾਫ਼ ਝਲਕਦਾ ਸੀ ਤੇ ਉਨ੍ਹਾਂ ਵੱਲੋਂ ਸੰਤਾਂ ਬਾਬਤ ਵਰਤੇ ਕੁੜੱਤਣ ਵਾਲੇ ਲਫ਼ਜ਼ਾਂ ਨੇ ਇਹਦੀ ਤਸਦੀਕ ਵੀ ਕੀਤੀ। ਸ. ਤਲਵੰਡੀ ਨੇ ਬੜੇ ਜੋਸ਼ ਵਿਚ ਸਫ਼ਾਈ ਦਿੰਦਿਆਂ ਆਖਿਆ ਕਿ ਪਹਿਲਾਂ ਹੋਈਆਂ ਅਕਾਲੀ ਕਾਨਫ਼ਰੰਸਾਂ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਲੂਸ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਹਾਥੀ ਉੱਪਰ ਪ੍ਰਧਾਨ ਦੇ ਜਲੂਸ ਦਾ ਫ਼ੈਸਲਾ ਵਰਕਿੰਗ ਕਮੇਟੀ ਦਾ ਹੈ। ਉਨ੍ਹਾਂ ਕਿਹਾ ਕਿ ਅਗਰ ਲੋਕ ਸਾਡੇ ਤੋਂ ਸੰਤੁਸ਼ਟ ਨਹੀਂ ਤਾਂ ਅਕਾਲੀ ਦਲ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਸਾਰੇ ਅਹੁਦੇਦਾਰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਲਈ ਤਿਆਰ ਹਨ। ਇਸ ਮੰਤਵ ਲਈ ਲੋਕਾਂ ਪਾਸੋਂ ਹਿਮਾਇਤ ਹਾਸਲ ਕਰਨ ਹਿਤ ਉਨ੍ਹਾਂ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਿਹਾ। ਇਸ ਦਾ ਉਤਰ ਇਕੱਠ ਵਿਚ ਕੁੱਝ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਦਿੱਤਾ।
ਜੋ ਮੈ ਦੇਖਿਆ ਸੁਣਿਆ, ਉਹ ਇਹ ਸੀ ਕਿ ਜਥੇਦਾਰ ਤਲਵੰਡੀ ਨੇ ਲੋਕਾਂ ਨੂੰ ਇਹ ਕਿਹਾ ਸੀ ਕਿ ਜੇ ਸਾਡੇ ਅਸਤੀਫ਼ੇ ਦਿੱਤਿਆਂ ਕਿਸੇ ਮਸਲੇ ਦਾ ਹੱਲ ਹੁੰਦਾ ਹੈ ਤਾਂ ਅਸੀਂ ਸਾਰੇ ਅਜੇ ਹੀ ਅਸਤੀਫ਼ੇ ਦੇਣ ਨੂੰ ਤਿਆਰ ਹਾਂ। ਹੁਣ ਹੱਥ ਖੜ੍ਹੇ ਕਰ ਕੇ ਤੁਸੀਂ ਦੱਸੋ। ਇਸ ਤੇ ਬਹੁਤ ਸਾਰੇ ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ। ਮੈ ਇਹੀ ਮਹਿਸੂਸ ਕੀਤਾ ਕਿ ਲੋਕਾਂ ਨੇ ਅਸਤੀਫ਼ੇ ਦੇਣ ਦੇ ਹੱਕ ਵਿਚ ਹੱਥ ਖੜ੍ਹੇ ਕੀਤੇ ਪਰ ਤਲਵੰਡੀ ਸਾਹਿਬ ਨੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਨ ਦੀ ਵਿਆਖਿਆ ਇਉਂ ਕੀਤੀ 'ਦੇਖੋ। ਕਿੰਨੇ ਲੋਕ ਸਾਡੇ ਹੱਕ ਵਿਚ ਨੇ।' ਮੈ ਜੋ ਮਹਿਸੂਸ ਕੀਤਾ ਸੀ, ਤਲਵੰਡੀ ਸਾਹਿਬ ਨੇ ਉਸ ਦੇ ਅਰਥਾਂ ਨੂੰ ਬਿਲਕੁਲ ਪਲਟ ਦਿੱਤਾ ਸੀ। ਆਪਣੀ ਗੱਲ ਦੀ ਤਸਦੀਕ ਕਰਨ ਲਈ ਮੈ ਆਪਣੇ ਆਲ਼ੇ ਦੁਆਲੇ ਬੈਠੇ ਇੱਕ ਦੋ ਤਿੰਨ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਬੰਦਿਆਂ ਨੇ ਕਿਹਾ ਕਿ ਅਸੀਂ ਵੀ ਤੇਰੇ ਵਾਂਗੂੰ ਹੀ ਗੱਲ ਸਮਝੀ ਸੀ। ਉਨ੍ਹਾਂ ਨੇ ਵੀ ਲੋਕਾਂ ਵੱਲੋਂ ਅਸਤੀਫ਼ਿਆਂ ਦੇ ਹੱਕ ਵਿਚ ਹੱਥ ਖੜ੍ਹੇ ਕਰਨਾ ਹੀ ਸਮਝਿਆ ਸੀ। ਨਾਲੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਤਕਰੀਰ ਵਿਚ ਕਿਸੇ ਦੇ ਅਸਤੀਫ਼ੇ ਦੀ ਮੰਗ ਨਹੀਂ ਸੀ ਕੀਤੀ। ਬਲਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਮੋਰਚਾ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਸੋ ਇਸ ਮੌਕੇ ਲੋਕਾਂ ਤੋਂ ਅਸਤੀਫ਼ਿਆਂ ਬਾਰੇ ਰਾਇ ਲੈਣ ਦੀ ਕੋਈ ਤੁਕ ਨਹੀਂ ਸੀ ਬਣਦੀ। ਸ਼ਾਇਦ ਘਬਰਾਹਟ ਅਤੇ ਗ਼ੁੱਸੇ ਵਿਚ ਤਲਵੰਡੀ ਸਾਹਿਬ ਲੋਕਾਂ ਤੋਂ ਬੇਲੋੜਾ ਸਵਾਲ ਤਾਂ ਪੁੱਛ ਗਏ, ਪਰ ਲੋਕਾਂ ਵੱਲੋਂ ਹੱਥ ਖੜ੍ਹੇ ਕਰ ਕੇ ਮਨਜ਼ੂਰੀ ਦੇਣ ਵਾਲੀ ਗੱਲ ਨੂੰ ਇਹ ਕਹਿ ਕੇ ਆਪਣੇ ਹੱਕ ਵਿਚ ਮੋੜਾ ਦਿੱਤਾ ਕਿ ਦੇਖੋ ਕਿੰਨੇ ਲੋਕ ਸਾਡੇ ਨਾਲ ਨੇ। ਤਲਵੰਡੀ ਸਾਹਿਬ ਦੀ ਇਸੇ ਗੱਲ ਦੇ ਅਸਰ ਹੇਠ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਵੀ ਉਹ ਪ੍ਰਭਾਵ ਲੈ ਗਿਆ ਕਿ ਲੋਕਾਂ ਨੇ ਸ਼ਾਇਦ ਤਲਵੰਡੀ ਸਾਹਿਬ ਦੀ ਹਿਮਾਇਤ ਹੀ ਕੀਤੀ ਹੈ। ਭਿੰਡਰਾਂਵਾਲਿਆਂ ਨੇ ਆਪਣੇ 25-30 ਹਥਿਆਰਬੰਦ ਸਾਥੀਆਂ ਨਾਲ ਪੂਰੇ ਗ਼ੁੱਸੇ ਵਿਚ ਕਾਨਫ਼ਰੰਸ ਵਿਚ ਉੱਠ ਕੇ ਜਾਂਦਿਆਂ ਨੂੰ ਮੈਂ ਬਿਲਕੁਲ ਨੇੜਿਉਂ ਤੱਕਿਆ ਸੀ। ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਹੁਣ ਭਿੰਡਰਾਂਵਾਲਾ ਕੁੱਝ ਕਰੇਗਾ। ਜਥੇਦਾਰ ਤਲਵੰਡੀ ਨੇ ਆਪਣੀ ਤਕਰੀਰ ਵਿਚ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਸੀ ਕਿ ''ਢਾਈ ਕੁ ਟੋਟਰੂ ਉੱਠ ਕੇ ਆ ਜਾਂਦੇ ਆ।'' ਢਾਈ ਟੋਟਰੂਆਂ ਵਾਲੀ ਗੱਲ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਯਾਦ ਹੈ।
ਗੁਰਪ੍ਰੀਤ ਸਿੰਘ ਮੰਡਿਆਣੀ
88726-64000