ਬਟਾਲਾ, 1 ਅਕਤੂਬਰ, 2017 : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦਾਸਪੁਰ ਲੋਕ ਸਭਾ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਕਾਂਗਰਸ ਵੱਲੋਂ ਦਿੱਤੇ ਗਏ ਸੂਝਵਾਨ, ਤਜ਼ਰਬੇਕਾਰ ਅਤੇ ਲੋਕਾਂ ਦੇ ਮਸਲੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦੇ ਸਮਰੱਥ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਕਿ ਪਾਰਲੀਮੈਂਟ ਵਿਚ ਪੰਜਾਬ ਦੇ ਨਾਲ-ਨਾਲ ਗੁਰਦਾਸਪੁਰ ਹਲਕੇ ਦੇ ਮਸਲੇ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾ ਸਕੇ। ਉਹ ਅੱਜ ਫਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਜਾਂਗਲਾ, ਨਾਨਕ ਚੱਕ, ਡੁੱਲਟ, ਕਾਦੀਆਂ ਰਾਜਪੂਤ, ਦਬੁਰਜੀ, ਗੁਜਰਪੁਰ ਅਤੇ ਬੁੱਲੋਵਾਲ ਵਿੱਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ. ਬਾਜਵਾ ਨੇ ਲੋਕਾਂ ਨੂੰ ਕਿਹਾ ਕਿ ਨਾ ਤਾਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦਾ ਹੀ ਭਾਜਪਾ ਵੱਲੋਂ ਖੜ੍ਹੇ ਕੀਤੇ ਗਏ ਸਵਰਨ ਸਲਾਰੀਏ ਨਾਲ ਕੋਈ ਮੁਕਾਬਲਾ ਹੈ ਅਤੇ ਨਾ ਹੀ ਭਾਜਪਾ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਮੁਕਾਬਲਾ ਕਰ ਸਕਦੀ ਹੈ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਜਿਥੇ ਸੂਝਵਾਨ ਤੇ ਤਜ਼ਰਬੇਕਾਰ ਰਾਜਨੀਤੀਵਾਨ ਹਨ ਉਥੇ ਉਨ੍ਹਾਂ ਦੇ ਮੁਕਾਬਲੇ ਵਿੱਚ ਭਾਜਪਾ ਉਮੀਦਵਾਰ ਖੁਦਗਰਜ਼ ਬਿਰਤੀ ਵਾਲਾ ਇੱਕ ਵਪਾਰੀ ਹੈ ਜਿਸਦਾ ਸਬੂਤ ਚਿੰਤਪੁਰਨੀ ਮੈਡੀਕਲ ਕਾਲਜ ਖਰੀਦ ਕੇ ਸੈਂਕੜੇ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨਾਲ ਕੀਤਾ ਗਿਆ ਖਿਲਵਾੜ ਹੈ।
ਪੰਚਾਇਤ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਛੇ ਮਹੀਨਿਆਂ ਵਿੱਚ ਹੀ ਲਏ ਗਏ ਲੋਕ ਪੱਖੀ ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਕਰਜ਼ੇ ਦੀ ਚੱਕੀ 'ਚ ਪਿਸ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ2ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਖੇਤ ਮਜ਼ਦੂਰਾਂ ਨੂੰ ਵੀ ਕਰਜ਼ਾ ਮੁਆਫੀ ਦੀ ਰਾਹਤ ਦੇਣ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ, ਜਿਸਦੀ ਰਿਪੋਰਟ ਆਉਣ 'ਤੇ ਇਸ ਸਬੰਧੀ ਵੀ ਜਲਦ ਫੈਸਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੁੜ ਸਰਵੇਖਣ ਕਰਵਾ ਕੇ ਆਟਾ-ਦਾਲ ਅਤੇ ਪੈਨਸ਼ਨ ਦੀ ਸਹੂਲਤ ਹਰ ਲੋੜਵੰਦ ਨੂੰ ਦਿੱਤੀ ਜਾਵੇਗੀ।
ਸ. ਬਾਜਵਾ ਨੇ ਇਹ ਵੀ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਸਨਮਾਨਯੋਗ ਥਾਂ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਚਾਇਤ ਚੋਣਾਂ ਵਿੱਚ ਔਰਤਾਂ ਦਾ ਰਾਖਵਾਂਕਰਨ33ਫੀਸਦੀ ਤੋਂ ਵਧਾ ਕੇ50ਫੀਸਦੀ ਕਰ ਦਿੱਤਾ ਹੈ। ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਉਨ੍ਹਾਂ ਦੇ ਘਰਾਂ ਵਿੱਚ ਪੱਕੇ ਟਾਇਲਟ ਬਣਾ ਕੇ ਦੇਣ ਦੀ ਸਕੀਮ ਵੀ ਬੜੀ ਤੇਜ਼ੀ ਨਾਲ ਚਲਾ ਰਹੀ ਹੈ ਅਤੇ31ਦਸੰਬਰ ਤੱਕ ਸੂਬੇ ਦਾ ਕੋਈ ਵੀ ਘਰ ਬਿਨ੍ਹਾਂ ਟਾਇਲਟ ਤੋਂ ਨਹੀਂ ਰਹੇਗਾ।
ਪੰਚਾਇਤ ਮੰਤਰੀ ਨੇ ਪਿਛਲੀ ਚੋਣ ਵਿੱਚ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਲਈ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਸੁਨੀਲ ਜਾਖੜ ਨੂੰ ਪਾਈ ਗਈ ਇੱਕ-ਇੱਕ ਵੋਟ ਵੀ ਉਨ੍ਹਾਂ ਉੱਤੇ ਕੀਤਾ ਗਿਆ ਨਿੱਜੀ ਅਹਿਸਾਨ ਹੋਵੇਗਾ, ਜਿਸਦਾ ਮੁੱਲ ਉਹ ਅਗਲੇ ਸਾਢੇ ਚਾਰ ਸਾਲ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰਕੇ ਮੋੜਨਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਵੱਲੋਂ ਮਾਰੀਆਂ ਜਾ ਰਹੀਆਂ ਗਿੱਦੜ ਭਬਕੀਆਂ ਤੋਂ ਬਿਲਕੁਲ ਨਾ ਘਬਰਾਉਣ ਅਤੇ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਵੋਟਾਂ ਪਾਉਣ। ਸ. ਬਾਜਵਾ ਨੇ ਕਿਹਾ ਕਿ ਉਹ ਕਿਸੇ ਵੀ ਵੋਟਰ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ।