← ਪਿਛੇ ਪਰਤੋ
ਚੰਡੀਗੜ੍ਹ, 14 ਅਕਤੂਬਰ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਸ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਭਾਰਤੀ ਚੋਣ ਕਮਿਸ਼ਨ ਕੋਲ ੍ਰਪਵਾਨਗੀ ਲਈ ਭੇਜਣ ਦੇ ਮਾਮਲੇ 'ਤੇ ਚਲੀ ਹੋਈ ਇਕ ਹੋਰ ਚਾਲ ਜਨਤਾ ਸਾਹਮਣੇ ਬੇਨਕਾਬ ਹੋ ਗਈ ਹੈ ਤੇ ਉਸਨੂੰ ਹੁਣ ਬਿਨਾਂ ਦੇਰੀ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਰਾਸ਼ੀ ਦੀ ਅਦਾਇਗੀ ਸ਼ੁਰੂ ਕਰਨੀ ਚਾਹੀਦੀ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖਜਾਨਚੀ ਤੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫੀ ਦੇ ਨੋਟੀਫਿਕੇਸ਼ਨ ਲਈ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਦਾ ਡਰਾਮਾ ਇਸ ਕਰ ਕੇ ਰਚਿਆ ਸੀ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਇਸਦੀ ਲੀਡਰਸ਼ਿਪ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਵੋਟਾਂ ਮੰਗਣ ਪਿੰਡਾਂ ਵਿਚ ਪਈ ਤਾਂ ਲੋਕ ਉਸ ਤੋਂ ਜਵਾਬ ਮੰਗਣਗੇ। ਉਹਨਾਂ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਨੇ ਆਪਣੇ ਵੱਲੋਂ ਚਲਾਕੀ ਭਰੀ ਚਾਲ ਚੱਲੀ ਸੀ ਪਰ ਕਿਸਾਨਾਂ ਦੀ ਕਰਜ਼ਾ ਮੁਆਫੀ ਯੋਜਨਾ 'ਤੇ ਇਸਦੇ ਥੋਥੇ ਦਾਅਵੇ ਜਨਤਾ ਸਾਹਮਣੇ ਬੇਨਕਾਬ ਹੋ ਗਏ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਕਰਜ਼ਾ ਮੁਆਫੀ ਦਾ ਵਾਅਦਾ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਚੋਣ ਮਨੋਰਥ ਪੱਤਰ ਵਿਚ ਕੀਤਾ ਗਿਆ ਸੀ ਜੋ ਨਾ ਸਿਰਫ ਰਾਜ ਦੇ ਕਿਸਾਨਾਂ ਨੂੰ ਅਤਿ ਜ਼ਰੂਰੀ ਲੋੜੀਂਦੀ ਰਾਹਤ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਹੋਏ ਹਨ ਬਲਕਿ ਉਹ ਕਾਂਗਰਸ ਪਾਰਟੀ ਦੀ ਬਜ਼ਰ ਗਲਤੀ ਕਾਰਨ ਆਤਮ ਹੱਤਿਆਵਾਂ ਦੇ ਰਾਹ ਪਏ ਕਿਸਾਨਾਂ ਦੇ ਪਰਿਵਾਰਾਂ ਵਿਚੋਂ ਕਿਸੇ ਇਕ ਪਰਿਵਾਰ ਕੋਲ ਵੀ ਜਾਣ ਵਿਚ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹਿਸ ਝੂਠੇ ਤੇ ਪੂਰੀ ਤਰ੍ਹਾਂ ਗੁੰਮਰਾਹਕੁੰਨ ਵਾਅਦੇ ਨੇ ਹੁਣ ਤੱਕ 275 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਹਨ ਪਰ ਸਰਕਾਰ ਕਰਜ਼ਾ ਮੁਆਫੀ ਸਕੀਮ ਤਹਿਤ ਕਿਸਾਨਾਂ ਨੂੰ ਕੋਈ ਅਦਾਇਗੀ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਸਰਕਾਰ ਚੋਣ ਜ਼ਾਬਤੇ ਦੇ ਕਾਰਨ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਲਈ ਸੰਜੀਦਾ ਸੀ ਤਾਂ ਹੁਣ ਭਲਕੇ ਚੋਣ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਮੁੱਕ ਜਾਵੇਗਾ ਤੇ ਕਾਂਗਰਸ ਸਰਕਾਰ ਨੂੰ ਬਿਨਾਂ ਸਮਾਂ ਬਰਬਾਦ ਕੀਤਿਆਂ ਤੁਰੰਤ ਹੀ ਕਰਜ਼ਾ ਮੁਆਫੀ ਦੀ ਰਾਸ਼ੀ ਦੇ ਚੈਕ ਕਿਸਾਨਾਂ ਨੂੰ ਜਾਂ ਫਿਰ ਬੈਂਕਾਂ ਨੂੰ ਦੇਣੇ ਸ਼ੁਰੂ ਕਰਨੇ ਚਾਹੀਦੇ ਹਨ ਤਾਂ ਕਿ ਮੁਸੀਬਤ ਮਾਰੇ ਕਿਸਾਨ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਵਾਅਦਾ ਪੂਰਾ ਨਾ ਕਰਨ ਬਣੇ ਭਾਰੀ ਮਾਨਸਿਕ ਦਬਾਅ ਵਿਚੋਂ ਬਾਹਰ ਕੱਢਿਆ ਜਾ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਦੇ ਲੋਕ ਕਾਂਗਰਸ ਪਾਰਟੀ ਦੀ ਪੁਰਾਣੀ ਆਦਤ ਤੋਂ ਵਾਕਫ ਹਨ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਤੇ ਇਹ ਵੀ ਜਾਣਦੇ ਹਨ ਕਿ ਕਰਜ਼ਆ ਮੁਆਫੀ ਸਕੀਮ ਤਹਿਤ ਨੇੜ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਰਾਹਤ ਰਾਸ਼ੀ ਮਿਲਣ ਦੀ ਸੰਭਾਵਨਾ ਨਹੀਂ ਹੈ।
Total Responses : 267