ਚੰਡੀਗੜ੍ਹ, 13 ਅਕਤੂਬਰ, 2017 : ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਸਬੰਧੀ ਬੀਤੀ 11 ਅਕਤੂਬਰ 2017 ਨੂੰ ਪਈਆਂ ਵੋਟਾਂ ਦੀ ਗਿਣਤੀ ਮਿਤੀ 15 ਅਕਤੂਬਰ 2017 ਦਿਨ ਐਤਵਾਰ ਨੂੰ ਹੋਵੇਗੀ ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਕਤ ਪ੍ਰਗਟਾਵਾ ਅੱਜ ਇੱਥੇ ਮੁੱਖ ਚੋਣ ਅਫਸਰ ਪੰਜਾਬ ਸ੍ਰੀ ਵੀ.ਕੇ. ਸਿੰਘ ਨੇ ਕੀਤਾ।
ਉਨਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਅਧੀਨ ਆਉਦੇ ਗੁਰਦਾਸਪੁਰ ਜ਼ਿਲੇ ਦੇ ਵਿਧਾਨ ਸਭਾ ਹਲਕਿਆ ਵਿਚ ਹੋਈ ਵੋਟਿੰਗ ਦੀ ਗਿਣਤੀ ਮਿਤੀ 15 ਅਕਤੂਬਰ 2017 ਦਿਨ ਐਤਵਾਰ ਨੂੰ ਸੁਖਜਿੰਦਰਾ ਕਾਲਜ ਗੁਰਦਾਸਪੁਰ ਵਿੱਚ ਹੋਵੇਗੀ ਜਦਕਿ ਪਠਾਨਕੋਟ ਜ਼ਿਲੇ ਅਧੀਨ ਆਉਦੇ ਤਿੰਨ ਵਿਧਾਨ ਸਭਾ ਹਲਕਿਆ ਵਿੱਚ ਪਈਆ ਵੋਟਾਂ ਦੀ ਗਿਣਤੀ ਐਸ.ਡੀ ਕਾਲਜ ਪਠਾਨਕੋਟ ਵਿਖੇ ਸਵੇਰੇ 8:00 ਸ਼ੁਰੂ ਹੋਵੇਗੀ।
ਸ੍ਰੀ ਸਿੰਘ ਨੇ ਕਿਹਾ ਕਿ ਗਿਣਤੀ ਦੇ ਕਾਰਜ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਹਿਤ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਕੇਂਦਰਾਂ ਦੇ ਨਜਦੀਕ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਸਿਰਫ ਅਬਜਰਵਰ ਨੂੰ ਹੀ ਮੁਬਾਇਲ ਫੋਨ ਲਿਜਾਉਣ ਦੀ ਆਗਿਆ ਹੋਵੇਗੀ। ਉਸ ਤੋਂ ਗਿਣਤੀ ਅਮਲ ਵਿੱਚ ਸਾਮਲ ਕੋਈ ਵੀ ਅਧਿਕਾਰੀ /ਕਰਮਚਾਰੀ/ ਉਮੀਦਵਾਰ/ ਕਾਊਟਿੰਗ ਏਜੇਂਟ ਅਤੇ ਸੁਰੱਖਿਆਂ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਮੁਬਾਇਲ ਲਿਜਾਉਣ ਦੀ ਆਗਿਆ ਨਹੀਂ ਹੋਵੇਗੀ।
ਉਨਾਂ ਇਹ ਵੀ ਦੱੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਾਲੇ ਦਿਨ, 15 ਅਕਤੂਬਰ ਨੂੰ ਡਰਾਈ ਡੇਅ (ਸ਼ਰਾਬਬੰਦੀ) ਦਾ ਐਲਾਨ ਕੀਤਾ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਇਨਾਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਤੀਜੇ ਵਾਲੇ ਦਿਨ (15 ਅਕਤੂਬਰ 2017) ਠੇਕਿਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰਨਾਂ ਥਾਵਾਂ, ਜਿਥੇ ਸ਼ਰਾਬ ਵੇਚੀ ਜਾਂ ਵਰਤਾਈ ਜਾਂਦੀ ਹੈ, ਵਿਖੇ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਇਸੇ ਤਰਾਂ ਜੇ ਕਿਸੇ ਹੋਟਲ, ਰੈਸਟੋਰੈਂਟ ਜਾਂ ਹੋਰਨਾਂ ਅਜਿਹੀਆਂ ਥਾਵਾਂ, ਜਿਥੇ ਸ਼ਰਾਬ ਵੇਚਣ ਜਾਂ ਵਰਤਾਉਣ ਸਬੰਧੀ ਵਿਸ਼ੇਸ਼ ਪ੍ਰਵਾਨਗੀ ਦਿੱਤੀ ਗਈ ਹੋਵੇ, ਉਥੇ ਵੀ ਸ਼ਰਾਬ 'ਤੇ ਪੂਰਨ ਪਾਬੰਦੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।