ਗੁਰਦਾਸਪੁਰ ਹਲਕੇ ਦੇ ਸ਼ਹਿਰ ਸੁਜਾਨਪੁਰ ਵਿੱਚ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਨਾਲ ਮਲਕੀਤ ਥਿੰਦ ਅਤੇ ਹੋਰ ਸੀਨੀਅਰ ਆਗੂ । ਫੋਟੋ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ/ਫ਼ਿਰੋਜ਼ਪੁਰ, 29 ਸਤੰਬਰ, 2017 : ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲੜ ਰਹੇ ਆਮ ਆਦਮੀ ਪਾਰਟੀ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਏ ( ਰਿਟਾਇਰਡ ) ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਵਾਰ ਗੁਰਦਾਸਪੁਰ ਦੇ ਵੋਟਰ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੂੰ ਰੱਦ ਕਰਕੇ ਜਨਤਾ ਦੇ ਅਸਲ ਸੇਵਕ ਨੂੰ ਜੇਤੂ ਬਣਾ ਕੇ ਲੋਕ ਸਭਾ ਭੇਜਣਗੇ । ਇਹ ਦਾਅਵਾ ਗੁਰਦਾਸਪੁਰ ਵਿੱਚਲੇ ਹਲਕਾ ਸੁਜਾਨਪੁਰ ਵਿੱਚ ਪਾਰਟੀ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਨਾਲ ਚੋਣ ਪ੍ਰਚਾਰ ਕਰਦਿਆਂ ਆਪ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਥਿੰਦ, ਮਾਲਵਾ -1 ਜੋਨ ਦੇ ਪ੍ਰਧਾਨ ਅਨਿਲ ਠਾਕੁਰ ਤੇ ਓਹਨਾਂ ਦੀ ਟੀਮ, ਲੁਧਿਆਣਾ ਤੋਂ ਮੈਡਮ ਰਜਿੰਦਰ ਕੌਰ ਅਤੇ ਓਹਨਾਂ ਦੀ ਟੀਮ ਦੇ ਆਗੂਆਂ ਨੇ ਕੀਤਾ । ਇਹ ਆਗੂ ਗੁਰਦਾਸਪੁਰ ਦੇ ਹਲਕਾ ਸੁਜਾਨਪੁਰ 'ਚ ਸੁਜਾਨਪੁਰ ਸ਼ਹਿਰ, ਪਿੰਡ ਜੁਗਿਆਲ, ਸ਼ਾਹਪੁਰ ਕੰਡੀ, ਤੇ ਪਿੰਡ ਘੋਹ ਆਦਿ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ।
ਪ੍ਰਚਾਰ ਦੌਰਾਨ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਬਣਾ ਕੇ ਅਤੇ ਪੰਜਾਬ ਅੰਦਰ ਕੈਪਟਨ ਸਰਕਾਰ ਬਣਾ ਕੇ ਵੋਟਰ ਪਛਤਾ ਰਹੇ ਹਨ ਕਿਉਂਕਿ ਇਹਨਾਂ ਲੋਕਾਂ ਨੇ ਝੂਠ ਬੋਲਕੇ ਵੋਟ ਹਾਸਿਲ ਕੀਤੇ ਜਦਕਿ ਦੂਸਰੇ ਪਾਸੇ ਫੌਜ ਵਿੱਚ ਰਹਿਕੇ ਅਤੇ ਆਮ ਜੀਵਨ ਵਿੱਚ ਜਨਤਾ ਦੀ ਸੇਵਾ ਕਰਦੇ ਆ ਰਹੇ ਉਮੀਦਵਾਰ ਹਨ । ਉਹਨਾਂ ਕਿਹਾ ਕਿ ਹਮੇਸ਼ਾਂ ਵਾਂਗ ਇਸ ਵਾਰ ਵੀ ਵੋਟਰਾਂ ਨੂੰ ਭਰਮਾ ਫੁਸਲਾ ਕੇ, ਡਰਾ ਕੇ ਜਾਂ ਲਾਲਚ ਦੇ ਕੇ ਵੋਟ ਪ੍ਰਾਪਤ ਕਰਨ ਦੀ ਕੋਸ਼ਿਸ਼ ਹੋਵੇਗੀ ਪਰ ਹੁਣ ਤਕ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੁਖੀ ਹੋ ਚੁੱਕੇ ਹਰ ਵਰਗ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਹਰਾਉਣ ਦਾ ਮਨ ਬਣਾ ਚੁੱਕੇ ਹਨ ।