ਆਪਣੀ ਹੀ ਸਰਕਾਰ 'ਚ ਇਨਸਾਫ਼ ਲਈ ਭਟਕ ਰਹੀ 'ਆਪ' ਦੀ ਮਹਿਲਾ ਪ੍ਰਧਾਨ, ਪਰਦੇ ਪਿੱਛੇ ਕੀ ਹੈ ਸੱਚ?
Baljit Singh / ਬਾਬੂਸ਼ਾਹੀ ਬਿਊਰੋ
ਪੱਟੀ, ਤਰਨ ਤਾਰਨ: 17 May 2026
ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਸੁਰ ਸਿੰਘ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਅੰਦਰੂਨੀ ਹਾਲਾਤ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਬੀਰ ਕੌਰ ਇਸ ਵੇਲੇ ਇਨਸਾਫ਼ ਦੀ ਖ਼ਾਤਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਇਸ ਪੂਰੇ ਮਾਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੀੜਤ ਮਹਿਲਾ ਪ੍ਰਧਾਨ ਨੇ ਮੀਡੀਆ ਸਾਹਮਣੇ ਆ ਕੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਆਪਣੀ ਸਰਕਾਰ ਵਿੱਚ ਹੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਘਟਨਾ ਸਬੰਧੀ ਬੋਲਦਿਆਂ ਮਹਿਲਾ ਵਿੰਗ ਦੀ ਪ੍ਰਧਾਨ ਰਾਜਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕੀਤੀ ਅਤੇ ਵੱਡੇ ਪੱਧਰ 'ਤੇ ਵਰਕਰੀ ਕਰਕੇ ਆਪਣਾ ਯੋਗਦਾਨ ਪਾਇਆ। ਪਰ ਬੀਤੀ 6 ਮਈ ਨੂੰ ਜਦੋਂ ਉਹ ਆਪਣੀ ਗਲੀ ਵਿੱਚੋਂ ਲੰਘ ਰਹੀ ਸੀ, ਤਾਂ ਸਕੂਲ ਦੇ ਛੋਟੇ ਬੱਚੇ ਵੀ ਉੱਥੋਂ ਜਾ ਰਹੇ ਸਨ। ਇਸੇ ਦੌਰਾਨ ਪਿੰਡ ਦਾ ਹੀ ਰਹਿਣ ਵਾਲਾ ਮਨਜੋਤ ਸਿੰਘ ਜੋਤਾ ਆਪਣੀ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਲੈ ਕੇ ਆਇਆ। ਰਾਜਬੀਰ ਕੌਰ ਮੁਤਾਬਕ ਉਨ੍ਹਾਂ ਨੇ ਸਿਰਫ਼ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਨੌਜਵਾਨ ਨੂੰ ਗੱਡੀ ਹੌਲੀ ਚਲਾਉਣ ਲਈ ਕਿਹਾ ਸੀ। ਇੰਨੇ ਨੂੰ ਗੁੱਸੇ ਵਿੱਚ ਆਏ ਮਨਜੋਤ ਸਿੰਘ ਨੇ ਗੱਡੀ ਵਿੱਚੋਂ ਉਤਰ ਕੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਜ਼ਿਆਦਾ ਬਦਸਲੂਕੀ ਕਰਦਿਆਂ ਉਨ੍ਹਾਂ ਦੀ ਬੇਇੱਜ਼ਤੀ ਕੀਤੀ।
ਮਹਿਲਾ ਪ੍ਰਧਾਨ ਨੇ ਦੋਸ਼ ਲਾਇਆ ਕਿ ਇਸ ਲੜਾਈ ਦੀ ਪੂਰੀ ਸੀਸੀਟੀਵੀ ਫੁਟੇਜ ਉਨ੍ਹਾਂ ਕੋਲ ਮੌਜੂਦ ਹੈ, ਜੋ ਪੁਲਿਸ ਚੌਂਕੀ ਸੁਰ ਸਿੰਘ ਵਿਖੇ ਵੀ ਦਿੱਤੀ ਗਈ ਹੈ। ਪਰ ਸੁਰ ਸਿੰਘ ਚੌਂਕੀ ਦੇ ਇੰਚਾਰਜ ਵੱਲੋਂ ਉਕਤ ਵਿਅਕਤੀ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਗੰਭੀਰ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਨ੍ਹਾਂ 'ਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ 'ਤੇ ਉਲਟਾ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ 'ਤੇ ਹੀ ਮੁਕਦਮਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦੀ ਇਸ ਬੇਰੁਖ਼ੀ ਤੋਂ ਦੁਖੀ ਹੋ ਕੇ ਰਾਜਬੀਰ ਕੌਰ ਨੇ ਅੱਜ ਤੋਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਅਤੇ ਡੀਜੀਪੀ ਪੰਜਾਬ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਦੂਜੇ ਪਾਸੇ, ਜਦੋਂ ਇਸ ਸਾਰੇ ਵਿਵਾਦ ਸਬੰਧੀ ਦੂਜੀ ਧਿਰ ਦੇ ਮਨਜੋਤ ਸਿੰਘ ਜੋਤਾ ਅਤੇ ਉਸਦੇ ਭਰਾ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਬੀਰ ਕੌਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਉਣਾ ਚਾਹੁੰਦੀ ਹੈ ਅਤੇ ਘਟਨਾ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਵੀ ਕੁੱਦ ਪਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੂਬਾ ਜਨਰਲ ਸਕੱਤਰ ਦਿਲਬਾਗ ਸਿੰਘ ਦਰਾਜਕੇ ਨੇ ਮਹਿਲਾ ਪ੍ਰਧਾਨ ਦੇ ਹੱਕ ਵਿੱਚ ਨਿੱਤਰਦਿਆਂ ਆਖਿਆ ਕਿ ਬੀਬੀ ਰਾਜਬੀਰ ਕੌਰ ਨੂੰ ਇਨਸਾਫ਼ ਦਿਵਾਉਣ ਲਈ ਉਹ 19 ਤਰੀਕ ਨੂੰ ਐਸਐਸਪੀ ਦਫ਼ਤਰ ਦੇ ਸਾਹਮਣੇ ਵੱਡੇ ਪੱਧਰ 'ਤੇ ਰੋਸ ਧਰਨਾ ਪ੍ਰਦਰਸ਼ਨ ਕਰਨਗੇ। ਇਸ ਪੂਰੇ ਘਟਨਾਕ੍ਰਮ 'ਤੇ ਜਦੋਂ ਪੁਲਿਸ ਚੌਂਕੀ ਸੁਰ ਸਿੰਘ ਦੇ ਇੰਚਾਰਜ ਕੇਪੀ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਸੰਖੇਪ ਵਿੱਚ ਕਿਹਾ ਕਿ ਰਾਜਬੀਰ ਕੌਰ ਵੱਲੋਂ ਦਿੱਤੀ ਗਈ ਦਰਖਾਸਤ 'ਤੇ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 19 ਤਰੀਕ ਦੇ ਧਰਨੇ ਤੋਂ ਪਹਿਲਾਂ ਪੁਲਿਸ ਕੋਈ ਸਖ਼ਤ ਕਦਮ ਚੁੱਕਦੀ ਹੈ ਜਾਂ ਇਹ ਸਿਆਸੀ ਤੇ ਸਮਾਜਿਕ ਟਕਰਾਅ ਕੋਈ ਨਵਾਂ ਮੋੜ ਲਵੇਗਾ।
- Download Babushahi App
-
-