ਪ੍ਰੈਸ ਦੀ ਜ਼ਬਾਨਬੰਦੀ ਖ਼ਿਲਾਫ਼ SSP ਬਠਿੰਡਾ ਦੇ ਦਫ਼ਤਰ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ
ਮਨੁੱਖੀ ਚੇਨ ਬਣਾਕੇ ਪੱਤਰਕਾਰਾਂ ਦੇ ਬੰਦ ਕੀਤੇ ਪੇਜ ਚਲਾਉਣ, ਮੀਡੀਆ ਤੇ ਹਮਲੇ ਬੰਦ ਕਰਨ ਦੀ ਕੀਤੀ ਮੰਗ
ਅਸ਼ੋਕ ਵਰਮਾ
ਬਠਿੰਡਾ, 5 ਮਈ 2026 :ਅੱਜ ‘ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ’ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪੱਤਰਕਾਰੀ ’ਤੇ ਹੋ ਰਹੇ ਲਗਾਤਾਰ ਹਮਲਿਆਂ ਵਿਰੁੱਧ ਬਠਿੰਡਾ ਵਿਖੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਮਨੁੱਖੀ ਚੇਨ ਬਣਾਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੱਤਰਕਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਵੱਲੋਂ ਪ੍ਰੈਸ ਦੀ ਜ਼ਬਾਨਬੰਦੀ ਦੇ ਵਤੀਰੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮਨੁੱਖੀ ਚੇਨ ਬਣਾਕੇ ਪ੍ਰੈਸ ਦੀ ਆਜ਼ਾਦੀ ਨੂੰ ਹਰ ਕੀਮਤ 'ਤੇ ਬਹਾਲ ਰੱਖਣ ਦਾ ਅਹਿਦ ਲਿਆ।ਸੰਘਰਸ਼ ਕਮੇਟੀ ਨੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੇ ਪੇਜ ਨੂੰ ਬੰਦ ਕਰਵਾਉਣ ਦੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ, ਪੱਤਰਕਾਰਾਂ ਦੇ ਜਿਉਂਦ ਪਿੰਡ ਮਸਲੇ ਨੂੰ ਦਿਖਾਉਣ ਕਰਕੇ, ਮਨਿੰਦਰਜੀਤ ਸਿੱਧੂ ਦੇ ਪੇਜ ਨੂੰ ਨਿਸ਼ਾਨਾ ਬਣਾ ਕੇ ਬੰਦ ਕੀਤਾ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਜਨਤਾ ਦੀ ਆਵਾਜ਼ ਬੁਲੰਦ ਕਰਨ ਵਾਲੇ ਇਹਨਾਂ ਪੇਜਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰ ਭਗਵੰਤ ਮਾਨ ਦੀਆਂ ਫੋਟੋ ਵਰਤਣ ਤੇ ਕਾਪੀਰਾਈਟ ਸਟ੍ਰਾਈਕ ਭੇਜਦੀ ਹੈ ਦੂਜੇ ਪਾਸੇ ਲੀਗਲ ਨੋਟਿਸ ਭੇਜਕੇ ਪੇਜ ਬੰਦ ਕਰਵਾਉਂਦੀ ਹੈ। ਪੱਤਰਕਾਰਾਂ ਨੂੰ ਡਰਾਉਣ-ਧਮਕਾਉਣ ਅਤੇ ਉਨ੍ਹਾਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਸਿੱਧੇ ਤੌਰ 'ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਹਨ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਕਮੇਟੀ ਦੇ ਆਗੂਆਂ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਡਿੱਗ ਰਹੀ ਸਾਖ 'ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ 'ਵਿਸ਼ਵ ਪ੍ਰੈਸ ਆਜ਼ਾਦੀ ਸੂਚੀ' (World Press Freedom Index) ਵਿੱਚ ਭਾਰਤ ਦਾ ਖਿਸਕ ਕੇ 157ਵੇਂ ਸਥਾਨ 'ਤੇ ਪਹੁੰਚ ਜਾਣਾ ਲੋਕਤੰਤਰ ਲਈ ਇੱਕ ਵੱਡਾ ਖ਼ਤਰਾ ਹੈ।
ਉਹਨਾਂ ਕਿਹਾ ਕਿ ਇਹ ਅੰਕੜਾ ਸਪੱਸ਼ਟ ਕਰਦਾ ਹੈ ਕਿ ਦੇਸ਼ ਵਿੱਚ ਪੱਤਰਕਾਰਾਂ ਲਈ ਕੰਮ ਕਰਨ ਦਾ ਮਾਹੌਲ ਲਗਾਤਾਰ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ।ਅਖੀਰ ‘ਚ ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੱਤਰਕਾਰਾਂ ਦੇ ਹੱਕਾਂ ਦੀ ਬਹਾਲੀ ਨਾ ਕੀਤੀ ਗਈ ਅਤੇ ਝੂਠੇ ਕੇਸ ਵਾਪਸ ਨਾ ਲਏ ਗਏ ਤਾਂ ਇਹ ਸੰਘਰਸ਼ ਨੂੰ ਸੂਬਾ ਪੱਧਰ 'ਤੇ ਤੇਜ਼ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਵੱਲੋਂ ਮਨਿੰਦਰਜੀਤ ਸਿੰਘ ਸਿੱਧੂ, ਜੱਸ ਗਰੇਵਾਲ ਅਤੇ ਬਖਤੌਰ ਢਿੱਲੋਂ ਨੇ ਲੋਕਾਂ ਵੱਲੋਂ ਦਿੱਤੇ ਸਾਥ ਦਾ ਧੰਨਵਾਦ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਡਾ. ਬਖਸ਼ੀਸ਼ ਸਿੰਘ ਆਜ਼ਾਦ ਨੇ ਨਿਭਾਈ। ਕਮੇਟੀ ਵੱਲੋਂ ਸਾਹਿਲਦੀਪ ਸਿੰਘ, ਮਨਦੀਪ ਸਿੰਘ, ਮਨਦੀਪ ਮੱਕੜ ਹਾਜ਼ਰ ਸਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਮਾਨ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਦੀਪ ਸਿੰਘ ਰਾਮਪੁਰਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਨੌਜਵਾਨ ਭਾਰਤ ਸਭਾ ਦੇ ਮੰਗਾ ਸਿੰਘ ਆਜ਼ਾਦ, ਬੀ ਕੇ ਯੂ ਸਿੱਧੂਪੁਰ ਦੇ ਅਮਰਜੀਤ ਸਿੰਘ ਸੰਦੋਹਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰਾਣਾ ਰਣਬੀਰ ਸਿੰਘ, ਇਨਕਲਾਬੀ ਕੇਂਦਰ ਵੱਲੋਂ ਜਗਜੀਤ ਸਿੰਘ, ਮਾਨਿਕ ਗੋਇਲ, ਡੀ ਟੀ ਐਫ ਤੋਂ ਰੇਸ਼ਮ ਸਿੰਘ ਖੇਮੂਆਣਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਧੰਨਾ ਮੱਲ ਗੋਇਲ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੁਖਪ੍ਰੀਤ ਕੌਰ, ਲੋਕ ਮੋਰਚਾ ਪੰਜਾਬ ਵੱਲੋਂ ਜਗਮੇਲ ਸਿੰਘ, ਪੀ ਐਸ ਐਸ ਐਫ ਵੱਲੋਂ ਅਮਨ ਕੁਮਾਰ, ਪੀ ਆਰ ਟੀ ਸੀ ਬਠਿੰਡਾ ਸਰਬਜੀਤ ਸਿੰਘ ਭੁੱਲਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਛਮਣ ਸਿੰਘ ਸੇਵੇਵਾਲਾ, ਰਤਨ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੰਗਾ ਸਿੰਘ ਵੈਰੋਕੇ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਗੁਰਦੇਵ ਸਿੰਘ ਰਾਮਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਮੱਖਣ ਸਿੰਘ ਗੁਰੂਸਰੀਆ, ਬੇਰੋਜ਼ਗਾਰ ਸਾਂਝਾ ਮੋਰਚਾ ਦੇ ਹਰਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।
- Download Babushahi App
-
-