ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਦੀ ਸਫਲਤਾ ਦੀ ਕਹਾਣੀ
· ਪਿਛਲੇ ਪੰਜ ਸਾਲਾਂ ਤੋਂ ਝੋਨੇ ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਜਮੀਨ ਦੇ ਵਿੱਚ ਕਰ ਰਿਹੈ ਜਜਬ ਕਿਸਾਨ ਅਮਨਦੀਪ ਸਿੰਘ
· ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਕਿਸਾਨ ਅਮਨਦੀਪ ਸਿੰਘ ਦੇ ਖੇਤ ਦਾ ਦੌਰਾ
ਬਾਬੂਸ਼ਾਹੀ ਬਿਊਰੋ
ਫਾਜ਼ਿਲਕਾ 30 ਅਪ੍ਰੈਲ 2026…
ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਤੇ ਉਨ੍ਹਾਂ ਦੀ ਟੀਮ ਵੱਲੋਂ ਫ਼ਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੇ ਪਿੰਡ ਬਾਹਮਣੀਵਾਲਾ ਦੇ ਕਿਸਾਨ ਅਮਨਦੀਪ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਕਿਸਾਨ ਨਾਲ ਗੱਲਬਾਤ ਕਰਨ ਉਪਰੰਤ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਏ ਬਿਨਾਂ ਜਮੀਨ ਦੇ ਵਿੱਚ ਹੀ ਜਜਬ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਹਰੇਕ ਸਾਲ ਮਿੱਟੀ ਟੈਸਟ ਰਿਪੋਰਟਾਂ ਦੇ ਆਧਾਰ ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹ ਆਪਣੇ ਕਣਕ ਨੂੰ ਡੀਏਪੀ ਖਾਦ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇ ਅਤੇ ਬਿਨਾਂ ਡੀਏਪੀ ਖਾਦ ਤੋਂ ਹੀ ਕਣਕ ਦੀ ਬਜਾਈ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਜਦੋਂ ਤੋਂ ਉਹ ਆਪਣੇ ਖੇਤਾਂ ਵਿੱਚ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਦਾ ਹੈ ਉਦੋਂ ਤੋਂ ਉਸ ਦੀ ਜਮੀਨ ਦੀ ਉਪਜਾਊ ਸਕਤੀ ਕਾਫੀ ਵਧ ਗਈ ਹੈ ਤੇ ਉਸ ਦੀ ਫਸਲ ਦਾ ਝਾੜ ਵੀ ਪਹਿਲਾ ਨਾਲੋਂ ਵਧਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਤੋਂ ਪ੍ਰੇਰਿਤ ਹੋ ਕੇ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧੇਗੀ ਤੇ ਫਸਲ ਦਾ ਝਾੜ ਵੀ ਵਧੇਗਾ।
ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਇਸ ਤੋਂ ਉਪਜੇ ਧੂੰਏ ਨਾਲ ਰਾਹੀਗਰ ਵੀ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ ਤੇ ਅਨੇਕਾਂ ਪ੍ਰਕਾਰ ਦੀਆਂ ਸਾਹ ਤੇ ਚਮੜੀ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਇਸ ਵਿਧੀ ਰਾਹੀਂ ਆਪਣੀ ਫਸਲ ਦੀ ਬਿਜਾਈ ਕਰ ਰਿਹਾ ਹੈ ਉਦੋਂ ਤੋਂ ਉਸ ਨੇ ਆਪਣੀ ਆਮਦਨੀ ਵੀ ਵਧਾਈ ਹੈ ਅਤੇ ਖਰਚਾ ਵੀ ਘਟਾਇਆ ਹੈ।
Click to Follow Babushahi Facebook page →