ਇਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਵਿਰੁੱਧ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕਨਵੈਨਸ਼ਨ ਤੇ ਮੁਜ਼ਾਹਰਾ
-ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰਦਿਆਂ ਸੰਸਾਰ ਅਮਨ ਲਈ ਗੰਭੀਰ ਖ਼ਤਰਾ ਖੜ੍ਹਾ ਕਰਨ ਵਾਲੀ ਜੰਗ ਫੌਰੀ ਬੰਦ ਹੋਵੇ: ਫਾਸ਼ੀ ਹਮਲਿਆਂ ਵਿਰੋਧੀ ਫਰੰਟ
-ਭਾਰਤ ਸਰਕਾਰ ਤੋਂ ਇਜ਼ਰਾਇਲ ਵਰਗੇ ਜੰਗਬਾਜ਼ ਤੇ ਨਸਲਵਾਦੀ ਦੇਸ਼ ਨਾਲ ਕੂਟਨੀਤਕ ਸੰਬੰਧ ਖ਼ਤਮ ਕੀਤੇ ਜਾਣ ਦੀ ਮੰਗ
ਅਸ਼ੋਕ ਵਰਮਾ
ਜਲੰਧਰ,16 ਅਪ੍ਰੈਲ 2026:ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਯੂ) 'ਤੇ ਆਧਾਰਿਤ "ਫਾਸ਼ੀ ਹਮਲਿਆਂ ਵਿਰੋਧੀ ਫਰੰਟ" ਵਲੋਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪ੍ਰਭਾਵਸ਼ਾਲੀ ਜੰਗ ਵਿਰੋਧੀ ਕਨਵੈਨਸ਼ਨ ਕੀਤੀ ਗਈ। ਅਮਰੀਕੀ ਸਾਮਰਾਜ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਈਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੱਦੀ ਗਈ ਇਸ ਸਾਂਝੀ ਸੂਬਾਈ ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸਾਥੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫੀਪੁਰ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਅਦਾ ਕੀਤੇ।
ਕਨਵੈਨਸ਼ਨ ਨੂੰ ਸਰਵ ਸਾਥੀ ਮੰਗਤ ਰਾਮ ਪਾਸਲਾ, ਨਿਰਮਲ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਅਮਰੀਕੀ ਸਾਮਰਾਜ ਦੇ ਮੁੱਖੀ ਧਾੜਵੀ ਟਰੰਪ ਤੇ ਉਸ ਦੇ ਨਾਪਾਕ ਜੁੰਡੀਦਾਰ ਨੇਤਨਯਾਹੂ ਨੇ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਦੀ ਲਾਲਸਾ ਅਧੀਨ ਤੇ ਆਪਣੇ ਪਸਾਰਵਾਦੀ ਮਨਸੂਬੇ ਪੂਰੇ ਕਰਨ ਲਈ ਛੇੜੀ ਹੈ। ਉਨ੍ਹਾਂ ਕਿਹਾ ਕਿ ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ ਹਨ, ਸੰਸਾਰ ਅਮਨ ਲਈ ਗੰਭੀਰ ਖਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕੀਂ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ।
ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਬੇਗੁਨਾਹਾਂ ਦੇ ਕਾਤਲ, ਜੰਗੀ ਅਪਰਾਧੀ ਟਰੰਪ ਤੇ ਨੇਤਨਯਾਹੂ ਨੂੰ ਸਖ਼ਤ, ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਬੁਲਾਰਿਆਂ ਨੇ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗ ਨੂੰ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਮੁਲਕਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਅਤੇ ਕਿਰਤੀ ਲੋਕਾਈ ਦੀ ਬੇਰਹਿਮ ਲੁੱਟ-ਖਸੁੱਟ ਦੇ ਖਾਤਮੇ ਅਤੇ ਘਾਤਕ ਜੰਗਾਂ-ਯੁੱਧਾਂ ਤੋਂ ਸੰਸਾਰ ਦੀ ਮੁਕਤੀ ਲਈ, ਗਲੋਬ ਦੇ ਹਰ ਕੋਨੇ ’ਚ ਮਾਨਵਤਾ ਦੇ ਸਭ ਤੋਂ ਘਾਤਕ ਵੈਰੀ, ਸਾਮਰਾਜ ਤੋਂ ਮੁਕਤ ਸੰਸਾਰ ਸਿਰਜਣ ਲਈ, ਤਿੱਖੇ ਤੋਂ ਤਿਖੇਰਾ ਲੋਕ ਯੁੱਧ ਵਿੱਢਣਾ ਅਜੋਕੇ ਦੌਰ ਦੀ ਪਲੇਠੀ, ਮਹੱਤਵਪੂਰਨ ਲੋੜ ਬਣ ਗਈ ਹੈ।
ਇਸ ਦਿਸ਼ਾ ਵਿਚ ਅਮਨ ਦੇ ਚਾਹਵਾਨ ਲੋਕਾਂ ਤੇ ਨਿਆਂ ਪਸੰਦ ਧਿਰਾਂ ਨੂੰ ਇਰਾਨ ਅਤੇ ਇਜ਼ਰਾਈਲ-ਅਮਰੀਕੀ ਸਾਮਰਾਜ ਦਰਮਿਆਨ ਸਥਾਈ ਜੰਗਬੰਦੀ ਤੇ ਸੰਸਾਰ ਅਮਨ ਦੀ ਕਾਇਮੀ ਦੇ ਬੱਝਵੇਂ ਯਤਨ ਹੋਰ ਤੇਜ਼ ਕਰਨੇ ਹੋਣਗੇ। ਬੁਲਾਰਿਆਂ ਨੇ ਜੰਗ ਤੇ ਜੰਗਬਾਜ਼ਾਂ ਖਿਲਾਫ਼ ਤਕੜਾ ਲੋਕ ਪ੍ਰਤੀਰੋਧ ਉਸਾਰਨ ਵਾਲੇ ਈਰਾਨ ਦੇ ਲੋਕਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਪੀੜਤ ਈਰਾਨ, ਜੋ ਹਰ ਮੁਸ਼ਕਿਲ ਘੜੀ ’ਚ ਭਾਰਤ ਦਾ ਸਾਥ ਦਿੰਦਾ ਆ ਰਿਹਾ ਹੈ, ਦੀ ਬਜਾਏ ਧਾੜਵੀਆਂ ਨਾਲ ਖੜੋ ਕੇ ਦੇਸ਼ ਦਾ ਸਵੈਮਾਨ ਘੱਟੇ ਰੋਲਣ ਵਾਲੀ, ਤੇ ਭਾਰਤ ਨੂੰ ਵਿਸ਼ਵ ਭਾਈਚਾਰੇ ਨਾਲੋਂ ਨਿਖੇੜਨ ਵਾਲੀ ਮੋਦੀ ਸਰਕਾਰ ਦੀ ਵੀ ਕਰੜੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਈਰਾਨ ਉੱਤੇ ਥੋਪੀ ਗਈ ਇਸ ਇੱਕ ਪਾਸੜ ਜੰਗ ਖਿਲਾਫ਼ ਖਾਮੋਸ਼ੀ ਤੇ ਡਾਵਾਂਡੋਲਤਾ ਛੱਡ ਕੇ ਅਸੂਲੀ ਸਟੈਂਡ ਲੈਣਾ ਚਾਹੀਦਾ ਅਤੇ ਇਜ਼ਰਾਇਲ ਵਰਗੇ ਜੰਗਬਾਜ਼ ਤੇ ਨਸਲੀ ਨਫ਼ਰਤ ਨਾਲ ਭਰੇ ਦੇਸ਼ ਨਾਲ ਆਪਣੇ ਕੂਟਨੀਤਕ ਸਬੰਧ ਖ਼ਤਮ ਕਰਨਾ ਚਾਹੀਦੇ ਹਨ।
ਬੁਲਾਰਿਆਂ ਨੇ ਜੰਗਬੰਦੀ ਲਈ ਜੰਗ ਦੌਰਾਨ ਹੋਏ ਆਪਣੇ ਵਸੀਹ ਨੁਕਸਾਨ ਦੀ ਭਰਪਾਈ ਸਮੇਤ ਈਰਾਨ ਵਲੋਂ ਰੱਖੀਆਂ ਸਾਰੀਆਂ ਮੰਗਾਂ ਦੀ ਮੁਕੰਮਲ ਹਿਮਾਇਤ ਕੀਤੀ ਹੈ।
ਬੁਲਾਰਿਆਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਈਰਾਨ ਸਮੇਤ ਸੰਸਾਰ ਦੇ ਹਰ ਦੇਸ਼ ਨੂੰ ਆਪਣੀ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ ਅਤੇ ਇਹ ਵੀ ਸਬੰਧਤ ਦੇਸ਼ ਦੇ ਲੋਕ ਹੀ ਤੈਅ ਕਰਨਗੇ ਕਿ ਉਥੇ ਕਿਹੋ ਜਿਹਾ ਸ਼ਾਸ਼ਨ ਤੇ ਕਿਹੋ ਜਿਹੀ ਸਰਕਾਰ ਹੋਵੇਗੀ। ਇਸ ਮਾਮਲੇ ’ਚ ਟਰੰਪ ਜਾਂ ਉਸ ਵਰਗਾ ਕੋਈ ਵੀ ਹੋਰ ਸਨਕੀ ਤਾਨਾਸ਼ਾਹ ਕਿਸੇ ਵੀ ਦੇਸ਼ ਨੂੰ ਮਜ਼ਬੂਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਜਰਵਾਣੇ ਨੂੰ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ।ਇਕ ਵੱਖਰੇ ਮਤੇ ਰਾਹੀਂ ਨੋਇਡਾ, ਮਾਨੇਸਰ ਆਦਿ ਕੇਂਦਰਾਂ ’ਤੇ ਘੱਟੋ ਘੱਟ ਉਜਰਤਾਂ ’ਚ ਵਾਧੇ ਦੀ ਵਾਜ਼ਬ ਮੰਗ ਲਈ ਲੜ ਰਹੇ ਗੁਰਬਤ ਮਾਰੇ ਕਿਰਤੀਆਂ 'ਤੇ ਜਬਰ ਢਾਹੁਣ ਵਾਲੀਆਂ ਮੋਦੀ-ਯੋਗੀ ਸਰਕਾਰਾਂ ਦੀ ਕਰੜੀ ਨਿਖੇਧੀ ਕਰਦਿਆਂ ਘੱਟੋ ਘੱਟ ਉਜ਼ਰਤਾਂ ਅਜੋਕੀਆਂ ਲੋੜਾਂ ਅਨੁਸਾਰ ਮਿਥਣ, ਚਾਰ ਕਿਰਤ ਕੋਡ ਭੰਗ ਕਰਕੇ ਕਿਰਤ ਕਾਨੂੰਨ ਬਹਾਲ ਕਰਨ ਅਤੇ ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।
ਨਾਲ ਹੀ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੀ ਨਿੰਦਾ ਕਰਦਿਆਂ ਕੇਂਦਰੀ ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਹੈ।
ਕਨਵੈਨਸ਼ਨ ਦੀ ਸਮਾਪਤੀ ਉਪਰੰਤ ਹੱਥਾਂ ’ਚ ਲਾਲ ਫੁਰੇਰੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਲੈ ਕੇ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
Click to Follow Babushahi Facebook page →