ਬਠਿੰਡਾ ਪ੍ਰਸ਼ਾਸਨ ਵੱਲੋਂ 135ਵੀਂ ਜੈਯੰਤੀ ਮੌਕੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜ਼ਲੀਆਂ ਭੇਂਟ
ਬਾਬਾ ਸਾਹਿਬ ਦੇ ਆਦਰਸ਼ਾਂ ਨੂੰ ਅਪਣਾਕੇ ਇੱਕ ਨਿਆਂਪੂਰਨ ਅਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦੀ ਹੈ ਲੋੜ : ਚੇਅਰਮੈਨ ਨੀਲ ਗਰਗ
ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2026 : ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਉਨ੍ਹਾਂ ਦੇ 135ਵੇਂ ਜਨਮ ਦਿਨ ਦੇ ਮੌਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਲੱਗੇ ਬੁੱਤ ਤੇ ਫੁੱਲ ਭੇਂਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ੍ਰੀਮਤੀ ਵੀਰਪਾਲ ਕੌਰ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਵਿਖੇ ਹੋਇਆ। ਉਨ੍ਹਾਂ ਸਮਾਜਿਕ ਭੇਦਭਾਵ ਅਤੇ ਛੂਆਛਾਤ ਵਿਰੁੱਧ ਅਜਿਹੀ ਲੜਾਈ ਲੜੀ, ਜਿਸ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਉਹ ਭਾਰਤ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਨੇਤਾਵਾਂ ਵਿੱਚੋਂ ਇੱਕ ਬਣੇ।
ਡਾ. ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਦੇਸ਼ ਨੂੰ ਸਮਾਨਤਾ, ਆਜ਼ਾਦੀ ਸਿਧਾਂਤਾਂ 'ਤੇ ਅਧਾਰਿਤ ਕੰਮ ਕਰਦਿਆਂ ਸੰਵਿਧਾਨ ਲਿਖਿਆ। ਸੰਵਿਧਾਨ ਸਭਾ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਨੂੰ ਯਕੀਨੀ ਬਣਾਇਆ। ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵਜੋਂ ਉਨ੍ਹਾਂ ਨੇ ਹਿੰਦੂ ਕੋਡ ਬਿੱਲ ਰਾਹੀਂ ਔਰਤਾਂ ਨੂੰ ਜਾਇਦਾਦ ਅਤੇ ਤਲਾਕ ਦੇ ਅਧਿਕਾਰ ਦਿਵਾਉਣ ਲਈ ਇਤਿਹਾਸਿਕ ਯਤਨ ਕੀਤੇ।
ਇਸ ਮੌਕੇ ਐਡਵੋਕੇਟ ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈਡ ਪੰਜਾਬ ਅਤੇ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸੰਘਰਸ਼, ਸਿੱਖਿਆ ਅਤੇ ਸੰਗਠਨ ਦੇ ਸਿਧਾਂਤ ਦਾ ਪ੍ਰਤੀਕ ਰਿਹਾ। ਉਨ੍ਹਾਂ ਨੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਮਜ਼ਲੂਮਾਂ ਦੀ ਆਵਾਜ਼ ਬੁਲੰਦ ਕਰਦਿਆਂ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ’ ਦਾ ਨਾਅਰਾ ਦਿੱਤਾ। ਉਨ੍ਹਾਂ ਵੱਲੋਂ ਸਥਾਪਿਤ ਸੰਸਥਾਵਾਂ ਅਤੇ ਲਿਖੀਆਂ ਪੁਸਤਕਾਂ ਅੱਜ ਵੀ ਸਮਾਜਿਕ ਨਿਆਂ ਲਈ ਮਾਰਗ ਦਰਸ਼ਨ ਕਰਦੀਆਂ ਹਨ।
ਇਸ ਦੌਰਾਨ ਨੀਲ ਗਰਗ ਚੇਅਰਮੈਨ ਮੀਡੀਅਮ ਉਦਯੋਗ ਵਿਕਾਸ ਬੋਰਡ ਪੰਜਾਬ, ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਦਰਸਾਏ ਮਾਰਗ 'ਤੇ ਚਲਦਿਆਂ ਸੂਬੇ ਵਿੱਚ ਸਮਾਜਿਕ ਸਮਾਨਤਾ, ਮਿਆਰੀ ਸਿੱਖਿਆ ਅਤੇ ਹਰ ਵਰਗ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ। ਸਰਕਾਰ ਵੱਲੋਂ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਵਿਸ਼ੇਸ਼ ਸਮਾਗਮ ਕਰਵਾ ਕੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ-ਮੁੱਲਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਆਦਰਸ਼ਾਂ ਨੂੰ ਅਪਣਾਕੇ ਇੱਕ ਨਿਆਂਪੂਰਨ ਅਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ।
ਇਸ ਮੌਕੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਬਰਿੰਦਰ ਸਿੰਘ, ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ, ਸਿੱਖਿਆ ਵਿਭਾਗ ਤੋਂ ਗੁਰਦੀਪ ਸਿੰਘ ਮਾਨ, ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।
Click to Follow Babushahi Facebook page →