ਕਿਸ਼ਤੀ ਹਾਦਸੇ 'ਚ ਜਾਨ ਤਾਂ ਬਚ ਗਈ, ਪਰ ਇਲਾਜ ਲਈ ਹੋਣਾ ਪੈ ਰਿਹੈ ਖੱਜਲ ਖਰਾਬ
ਪੀੜਤਾਂ ਦੇ ਇਲਾਜ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦੇ ਦਾਅਵੇ ਹੋਏ ਠੁੱਸ
ਲੀਡਰਾਂ ਦੇ ਹੰਝੂ ਮਗਰ ਮੱਛ ਵਾਲੇ ਹੰਝੂ ਹੋਏ ਸਾਬਤ
ਦੀਪਕ ਜੈਨ, ਜਗਰਾਉਂ
ਵਰਿੰਦਾਵਨ ਦੇ ਕਿਸ਼ਤੀ ਹਾਦਸੇ ਕਾਰਨ ਜਿੱਥੇ 15 ਸ਼ਰਧਾਲੂਆਂ ਦੇ ਦਰਿਆ ਜਮੁਨਾ ਵਿੱਚ ਰੁੜਣ ਕਰਕੇ ਜਾਨ ਚਲੀ ਗਈ ਸੀ ਪਰ ਕਈਆਂ ਨੂੰ ਸੁਰੱਖਿਤ ਵੀ ਕੱਢ ਲਿਆ ਗਿਆ ਸੀ ਅਤੇ ਜਿਨਾਂ ਦਾ ਇਲਾਜ ਪ੍ਰਸ਼ਾਸਨ ਵੱਲੋਂ ਮਥੁਰਾ ਦੇ ਹਸਪਤਾਲਾਂ ਵਿੱਚ ਕਰਵਾਇਆ ਗਿਆ। ਪਰ ਸ਼ਾਸਤਰੀ ਨਗਰ ਜਗਰਾਉਂ ਦੀ ਰਹਿਣ ਵਾਲੀ ਰੇਖਾ ਜੈਨ ਜੋ ਉਸ ਕਿਸਤੀ ਵਿੱਚ ਸਵਾਰ ਸੀ ਅਤੇ ਕਿਸ਼ਤੀ ਉਲਟਣ ਸਾਰ ਉਹ ਜਮੁਨਾ ਵਿੱਚ ਰੁੜਨ ਲੱਗੀ ਤਾਂ ਬਚਾਅ ਦਲ ਵੱਲੋਂ ਰੈਸਕਿਊ ਕਰਕੇ ਉਸਨੂੰ ਬਚਾ ਲਿੱਤਾ ਗਿਆ ਸੀ। ਪਰ ਉਸ ਦੀ ਹਾਲਤ ਉਸੇ ਦਿਨ ਤੋਂ ਨਾਜੁਕ ਰਹੀ ਅਤੇ ਉਹ ਕੌਮਾਂ ਵਿੱਚ ਚਲੀ ਗਈ ਸੀ। ਜਿਸ ਨੂੰ ਪਹਿਲਾਂ ਮਥੁਰਾ ਦੇ ਹਸਪਤਾਲ ਵਿੱਚ ਪ੍ਰਸ਼ਾਸਨ ਵੱਲੋਂ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਜਦੋਂ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਅੱਜ ਸਵੇਰੇ ਰੇਖਾ ਜੈਨ ਦੇ ਬੇਟੇ ਨੇ ਸੋਸ਼ਲ ਮੀਡੀਆ ਉੱਪਰ ਇੱਕ ਅਪੀਲ ਪਾਉਂਦਿਆਂ ਹੋਇਆਂ ਸਰਕਾਰਾਂ ਨੂੰ ਤਾਅਨਾ ਵੀ ਮਾਰਿਆ ਅਤੇ ਪੀਜੀਆਈ ਵੱਲੋਂ ਸਹੀ ਢੰਗ ਨਾਲ ਨਾ ਇਲਾਜ ਕੀਤੇ ਜਾਣ ਕਾਰਨ ਉਸ ਨੇ ਆਪਣੀ ਮਾਤਾ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਆਉਣ ਦੀ ਵੀ ਬੇਨਤੀ ਕੀਤੀ। ਜਿਸ ਤੇ ਜਗਰਾਉਂ ਦੇ ਕਈ ਸਮਾਜ ਸੇਵੀ ਉਸ ਦੀ ਮਦਦ ਲਈ ਚੰਡੀਗੜ੍ਹ ਅਤੇ ਲੁਧਿਆਣਾ ਪਹੁੰਚ ਗਏ। ਪਰ ਸਰਕਾਰ ਦੇ ਕੰਨ ਤੱਕ ਜੂ ਵੀ ਨਹੀਂ ਸਰਕੀ ਅਤੇ ਉਕਤ ਰੇਖਾ ਜੈਨ ਦੇ ਸੁਚੱਜੇ ਇਲਾਜ ਲਈ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੁਕੇ ਵੱਲੋਂ ਦੋ ਸ਼ਬਦ ਵੀ ਨਹੀਂ ਬੋਲੇ ਗਏ, ਨਾ ਕਿਸੇ ਅਧਿਕਾਰੀ ਦੀ ਡਿਊਟੀ ਲਗਾਈ ਗਈ, ਨਾ ਕਿਸੇ ਡਾਕਟਰ ਨੂੰ ਫੋਨ ਕਰਕੇ ਇਲਾਜ ਵਿੱਚ ਕੁਤਾਹੀ ਬਾਰੇ ਪੁੱਛਿਆ ਗਿਆ।
ਰੇਖਾ ਜੈਨ ਦੇ ਬੇਟੇ ਦੀ ਅਪੀਲ ਉੱਪਰ ਫੋਰਨ ਤੌਰ ਤੇ ਜਗਰਾਉਂ ਤੋਂ ਰਵਾਨਾ ਹੋਣ ਵਾਲੇ ਵਿਸ਼ਾਲ ਸ਼ਰਮਾ ਪ੍ਰਧਾਨ ਕਰ ਭਲਾ ਹੋ ਭਲਾ ਸੰਸਥਾ ਅਤੇ ਸਮਾਜ ਸੇਵਕ ਗੋਪੀ ਸ਼ਰਮਾ ਨੇ ਦੱਸਿਆ ਕਿ ਅਜਿਹੇ ਮੌਕੇ ਜਿੱਥੇ ਮਰੀਜ਼ ਦੇ ਜਲਦੀ ਹੋਣ ਲਈ ਦੁਆਵਾਂ ਦੀ ਜਰੂਰਤ ਹੁੰਦੀ ਹੈ, ਉਥੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਤੀਮਾਰਦਾਰਾਂ ਨੂੰ ਵੀ ਹੌਂਸਲਾ ਦੇਣ ਲਈ ਸਾਨੂੰ ਜਗਰਾਉਂ ਵਾਸੀਆਂ ਨੂੰ ਬਰਾਬਰ ਖੜਨਾ ਚਾਹੀਦਾ ਹੈ। ਸੋਸ਼ਲ ਮੀਡੀਆ ਉੱਪਰ ਅੱਜ ਇਹ ਵੀ ਚਰਚਾ ਹੁੰਦੀ ਰਹੀ ਕਿ ਉਕਤ ਪੀੜਿਤ ਰੇਖਾ ਜੈਨ ਨੂੰ ਮਥੁਰਾ ਦੇ ਹਸਪਤਾਲ ਤੋਂ 400 ਕਿਲੋਮੀਟਰ ਦੂਰ ਚੰਡੀਗੜ੍ਹ ਦੀ ਬਜਾਏ ਦਿੱਲੀ ਦੇ ਐਮਸ ਜੋ ਕਿ ਮਥੁਰਾ ਤੋਂ 200 ਤੋਂ ਵੀ ਘੱਟ ਕਿਲੋਮੀਟਰ ਦੂਰ ਹੈ ਕਿਉਂ ਨਹੀਂ ਰੈਫਰ ਕੀਤਾ ਗਿਆ। ਜਦ ਕਿ ਐਮਸ ਦੀਆਂ ਮੈਡੀਕਲ ਸੇਵਾਵਾਂ ਪੀਜੀਆਈ ਨਾਲੋਂ ਵੀ ਉੱਚ ਕੁਆਲਿਟੀ ਦੀਆਂ ਹਨ।
Click to Follow Babushahi Facebook page →