ਦੀਵਾਨ ਨੇ ਥੱਲੇ ਲਟਕ ਰਹੀਆਂ ਬਿਜਲੀ ਤਾਰਾਂ ਦੇ ਖਤਰੇ ‘ਤੇ ਜਤਾਈ ਗੰਭੀਰ ਚਿੰਤਾ
ਪ੍ਰਮੋਦ ਭਾਰਤੀ
ਲੁਧਿਆਣਾ, 8 ਅਪ੍ਰੈਲ,2026
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਸ਼ਹਿਰ ਤੇ ਖ਼ਾਸ ਕਰਕੇ ਪੱਛਮੀ ਵਿਧਾਨ ਸਭਾ ਹਲਕੇ ਦੇ ਇਲਾਕਿਆਂ ਵਿੱਚ, ਵੱਡੀ ਗਿਣਤੀ ਵਿੱਚ ਥੱਲੇ ਲਟਕ ਰਹੀਆਂ ਬਿਜਲੀ ਤਾਰਾਂ ਦੀ ਖ਼ਤਰਨਾਕ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਉਨ੍ਹਾਂ ਨੇ ਇਸ ਸਥਿਤੀ ਨੂੰ ਹਜ਼ਾਰਾਂ ਨਿਵਾਸੀਆਂ ਲਈ ਰੋਜ਼ਾਨਾ ਦਾ ਖ਼ਤਰਾ ਕਰਾਰ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਹ ਤਾਰਾਂ ਹਾਦਸਿਆਂ, ਕਰੰਟ ਲੱਗਣ ਅਤੇ ਇੱਥੋਂ ਤੱਕ ਕਿ ਜਾਨੀ ਨੁਕਸਾਨ ਦਾ ਵੱਡਾ ਕਾਰਨ ਬਣ ਸਕਦੀਆਂ ਹਨ।
ਦੀਵਾਨ ਨੇ ਕਿਹਾ ਕਿ ਲੁਧਿਆਣਾ ਪੱਛਮੀਂ ਵਿੱਚ ਥੱਲੇ ਲਟਕ ਰਹੀਆਂ ਬਿਜਲੀ ਤਾਰਾਂ ਦੀ ਸਮੱਸਿਆ ਹੁਣ ਕੋਈ ਛੋਟੀ ਅਸੁਵਿਧਾ ਨਹੀਂ ਰਹੀ ਹੈ, ਸਗੋਂ ਇਹ ਲੋਕ ਸੁਰੱਖਿਆ ਲਈ ਇੱਕ ਵੱਡਾ ਖਤਰਾ ਬਣ ਚੁੱਕੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਮਾਡਲ ਟਾਊਨ, ਮਾਡਲ ਟਾਊਨ ਐਕਸਟੈਂਸ਼ਨ, ਸਰਾਭਾ ਨਗਰ, ਗੁਰਦੇਵ ਨਗਰ, ਭਾਈ ਰਣਧੀਰ ਸਿੰਘ ਨਗਰ, ਸਿਵਲ ਲਾਈਨ, ਸ਼ਾਸਤਰੀ ਨਗਰ, ਜਵਾਹਰ ਨਗਰ, ਸ਼ਾਮ ਨਗਰ, ਭਾਰਤ ਨਗਰ ਚੌਂਕ ਸਮੇਤ ਕਈ ਭੀੜ ਵਾਲੇ ਇਲਾਕਿਆਂ ਵਿੱਚ ਖਤਰਨਾਕ ਢੰਗ ਨਾਲ ਲਟਕ ਰਹੀਆਂ ਤਾਰਾਂ ਸੜਕਾਂ ਅਤੇ ਰਹਾਇਸ਼ੀ ਗਲੀਆਂ ‘ਚ ਫੈਲੀਆਂ ਹੋਈਆਂ ਹਨ, ਜਿਹੜੀਆਂ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ, ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਲਈ ਇਕ ਵੱਡਾ ਖ਼ਤਰਾ ਬਣੀਆਂ ਹੋਈਆਂ ਹਨ।
ਸੀਨੀਅਰ ਕਾਂਗਰਸੀ ਆਗੂ ਨੇ ਨਗਰ ਨਿਗਮ ਅਤੇ ਸੰਬੰਧਤ ਵਿਭਾਗਾਂ ਦੀ ਲਾਪਰਵਾਹੀ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ, ਸਵਾਲ ਉਠਾਇਆ ਹੈ ਕਿ ਇਥੇ ਇੰਨੇ ਗੰਭੀਰ ਹਾਲਾਤ ਕਿਵੇਂ ਬਣ ਸਕਦੇ ਹਨ, ਜਦਕਿ ਪੰਜਾਬ ਦੇ ਬਿਜਲੀ ਮੰਤਰੀ ਖੁਦ ਲੁਧਿਆਣਾ ਪੱਛਮੀ ਤੋਂ ਵਿਧਾਇਕ ਹਨ, ਜਿਹੜੇ ਆਪਣੇ ਹੀ ਹਲਕੇ ਵਿੱਚ ਪੈਦਾ ਹੋ ਰਹੇ ਇਸ ਸੰਕਟ ਤੋਂ ਬੇਖ਼ਬਰ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਬਣਨ ਤੋਂ ਬਾਅਦ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਸਾਰੀਆਂ ਖ਼ਤਰਨਾਕ ਤਾਰਾਂ ਨੂੰ ਠੀਕ ਕੀਤਾ ਜਾਵੇਗਾ ਅਤੇ ਬਿਜਲੀ ਢਾਂਚੇ ਨੂੰ ਅੱਪਗ੍ਰੇਡ ਕੀਤਾ ਜਾਵੇਗਾ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਦੀ ਰਫ਼ਤਾਰ ਬਹੁਤ ਹੌਲੀ ਹੈ।
ਦੀਵਾਨ ਨੇ ਕਿਹਾ ਕਿ ਜਿਹੜਾ ਪ੍ਰੋਜੈਕਟ ਵੱਡੇ ਐਲਾਨਾਂ ਨਾਲ ਸ਼ੁਰੂ ਹੋਇਆ ਸੀ, ਉਹ ਹੁਣ ਕਾਗਜ਼ੀ ਕਾਰਵਾਈ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਠੱਪ ਪਿਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵੈਸਟ ਦੇ ਲੋਕ ਅਜੇ ਵੀ ਖ਼ਤਰੇ ਦੇ ਸਾਏ ਹੇਠ ਜੀਅ ਰਹੇ ਹਨ ਅਤੇ ਹਰ ਥੱਲੇ ਲਟਕਦੀ ਤਾਰ ਇੱਕ ਸੰਭਾਵਿਤ ਮੌਤ ਦਾ ਜਾਲ ਬਣ ਚੁੱਕੀ ਹੈ। ਇਹ ਮਾਮਲਾ ਸਿਰਫ਼ ਸੁੰਦਰਤਾ ਦਾ ਨਹੀਂ, ਸਗੋਂ ਜ਼ਿੰਦਗੀ ਅਤੇ ਮੌਤ ਨਾਲ ਜੁੜਿਆ ਹੋਇਆ ਹੈ। ਸ਼ਹਿਰ ਦੀ ਵਧ ਰਹੀ ਆਬਾਦੀ ਅਤੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ, ਇਨ੍ਹਾਂ ਤਾਰਾਂ ਨਾਲ ਅਚਾਨਕ ਸੰਪਰਕ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਦੀਵਾਨ ਨੇ ਸੰਬੰਧਤ ਅਧਿਕਾਰੀਆਂ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ, ਤਾਂ ਜੋ ਪਿਛਲੇ ਸਾਲ ਕੀਤੇ ਗਏ ਸੁਰੱਖਿਆ ਵਾਅਦੇ ਹਕੀਕਤ ਬਣ ਸਕਣ ਅਤੇ ਲੋਕਾਂ ਦੀ ਜਾਨ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ।
Click to Follow Babushahi Facebook page →