ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦਾ ਰਿਕਾਰਡ ਅਧੂਰਾ ਮਿਲਣ 'ਤੇ ਸਿਵਲ ਸਰਜਨ ਨੂੰ ਫਟਕਾਰ, ਮੌਕੇ 'ਤੇ ਕਰਾਏ ਹੁਕਮ ਜਾਰੀ, ਰਜਿਸਟਰ ਚ ਨੋਟ ਲਿਖਵਾਇਆ
ਰਵਿੰਦਰ ਸਿੰਘ
ਖੰਨਾ, 7 ਮਾਰਚ 2026
ਖੰਨਾ ਦੇ ਸਿਵਲ ਹਸਪਤਾਲ ਵਿੱਚ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਕੀਤੇ ਅਚਾਨਕ ਦੌਰੇ ਦੌਰਾਨ ਕਈ ਗੰਭੀਰ ਕਮੀਆਂ ਸਾਹਮਣੇ ਆਈਆਂ। ਹਾਲਾਤਾਂ ਨੂੰ ਦੇਖਦੇ ਹੋਏ ਕਮਿਸ਼ਨ ਮੈਂਬਰ ਨੇ ਸਖ਼ਤ ਰੁਖ ਅਪਣਾਇਆ ਅਤੇ ਮੌਕੇ ‘ਤੇ ਹੀ ਸਿਵਲ ਸਰਜਨ ਨੂੰ ਫਟਕਾਰ ਲਗਾਉਂਦੇ ਹੋਏ ਤੁਰੰਤ ਸੁਧਾਰ ਲਈ ਹੁਕਮ ਜਾਰੀ ਕਰਵਾਏ।
ਦੌਰੇ ਦੌਰਾਨ ਐਮਰਜੈਂਸੀ ਵਾਰਡ ਅਤੇ ਓਪੀਡੀ ਦੀ ਜਾਂਚ ਕੀਤੀ ਗਈ। ਇਸ ਸਮੇਂ ਪਤਾ ਲੱਗਾ ਕਿ ਸਵੇਰੇ ਕਰੀਬ ਸਾਢੇ 8 ਵਜੇ ਤੋਂ ਆਏ ਕਈ ਮਰੀਜ਼ ਦੁਪਿਹਰ 1 ਵਜੇ ਤੱਕ ਵੀ ਆਪਣੇ ਚੈਕਅਪ ਲਈ ਉਡੀਕ ਕਰ ਰਹੇ ਸਨ। ਸਕੈਨ ਰੂਮ ਦੇ ਬਾਹਰ ਬੈਠੀ ਇਕ ਦੁਖੀ ਔਰਤ ਨੇ ਦੱਸਿਆ ਕਿ ਉਸਦੇ ਮਰੀਜ਼ ਨੂੰ ਦਾਖਲ ਕਰਨ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਸੀ ਅਤੇ ਉਹ ਪਿਛਲੀ ਰਾਤ ਤੋਂ ਹੀ ਹਸਪਤਾਲ ਵਿੱਚ ਬੈਠੇ ਹੋਏ ਹਨ। ਇਸ ਮਾਮਲੇ ‘ਤੇ ਕਮਿਸ਼ਨ ਮੈਂਬਰ ਨੇ ਹਸਪਤਾਲ ਪ੍ਰਬੰਧਕਾਂ ਨੂੰ ਤੁਰੰਤ ਮਰੀਜ਼ਾਂ ਦੀ ਸੁਣਵਾਈ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ।
ਜਾਂਚ ਦੌਰਾਨ ਹਸਪਤਾਲ ਵਿੱਚ ਐਂਬੂਲੈਂਸਾਂ ਦੀ ਘਾਟ ਵੀ ਸਾਹਮਣੇ ਆਈ। ਇਸ ਵੇਲੇ ਸਿਵਲ ਹਸਪਤਾਲ ਖੰਨਾ ਵਿੱਚ ਕੇਵਲ ਇੱਕ ਐਂਬੂਲੈਂਸ ਹੀ ਚੱਲ ਰਹੀ ਹੈ, ਜਦਕਿ ਘੱਟੋ-ਘੱਟ ਚਾਰ ਐਂਬੂਲੈਂਸਾਂ ਦੀ ਲੋੜ ਦੱਸੀ ਗਈ। ਇਸ ‘ਤੇ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਵਿੱਚ ਇਸ ਤਰ੍ਹਾਂ ਦੀ ਕਮੀ ਗੰਭੀਰ ਮਸਲਾ ਹੈ ਅਤੇ ਇਸ ਨੂੰ ਜਲਦ ਦੂਰ ਕਰਨ ਲਈ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ।
ਮੋਰਚਰੀ ਦੇ ਨਿਰੀਖਣ ਦੌਰਾਨ ਸਭ ਤੋਂ ਵੱਡੀ ਗੜਬੜੀ ਸਾਹਮਣੇ ਆਈ। ਡੈਡ ਬਾਡੀਆਂ ਦੇ ਰਿਕਾਰਡ ਢੰਗ ਨਾਲ ਮੇਨਟੇਨ ਨਹੀਂ ਕੀਤੇ ਜਾ ਰਹੇ ਸਨ। ਰਿਕਾਰਡ ਵਿੱਚ ਇਹ ਤੱਕ ਸਪੱਸ਼ਟ ਨਹੀਂ ਸੀ ਕਿ ਲਾਸ਼ ਕਿਸਨੂੰ ਸੌਂਪੀ ਗਈ ਅਤੇ ਕੌਣ ਲੈ ਕੇ ਗਿਆ। ਉਸਦਾ ਪੂਰਾ ਅਤਾ ਪਤਾ ਨਹੀਂ ਸੀ। ਕਈ ਥਾਵਾਂ ‘ਤੇ ਮੋਬਾਈਲ ਨੰਬਰ ਵੀ ਦਰਜ ਨਹੀਂ ਸਨ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਰਿਕਾਰਡ ਇੱਕ ਪ੍ਰਾਈਵੇਟ ਮੁਲਾਜ਼ਮ ਵੱਲੋਂ ਸੰਭਾਲਿਆ ਜਾ ਰਿਹਾ ਸੀ ਅਤੇ ਉਹ ਵੀ ਅਧੂਰਾ ਸੀ। ਇਸ ਉਪਰ ਹਦਾਇਤ ਕੀਤੀ ਗਈ ਕਿ ਰਿਕਾਰਡ ਸਰਕਾਰੀ ਡਾਕਟਰ ਜਾਂ ਫਾਰਮਾਸਿਸਟ ਵੱਲੋਂ ਮੇਨਟੇਨ ਰੱਖਿਆ ਜਾਵੇਗਾ।
ਇਹ ਕਮੀਆਂ ਦੇਖਦੇ ਹੋਏ ਕਮਿਸ਼ਨ ਮੈਂਬਰ ਨੇ ਮੌਕੇ ‘ਤੇ ਹੀ ਸਿਵਲ ਸਰਜਨ ਲੁਧਿਆਣਾ ਨੂੰ ਰਜਿਸਟਰ ਵਿੱਚ ਨੋਟਿੰਗ ਲਗਵਾਈ ਅਤੇ ਸਖ਼ਤ ਹਦਾਇਤਾਂ ਜਾਰੀ ਕਰਵਾਈਆਂ ਕਿ ਭਵਿੱਖ ਵਿੱਚ ਕਿਸੇ ਵੀ ਮ੍ਰਿਤਕ ਦੇਹ ਨੂੰ ਵਾਰਸਾਂ ਨੂੰ ਸੌਂਪਣ ਸਮੇਂ ਪੂਰਾ ਅਤੇ ਸਪੱਸ਼ਟ ਰਿਕਾਰਡ ਦਰਜ ਕੀਤਾ ਜਾਵੇ।
ਮੋਰਚਰੀ ਵਿੱਚ ਮ੍ਰਿਤਕ ਦੇਹਾਂ ਨੂੰ ਰੱਖਣ ਲਈ ਪ੍ਰਬੰਧ ਵੀ ਨਾਕਾਫੀ ਪਾਏ ਗਏ। ਉੱਥੇ ਸਿਰਫ ਤਿੰਨ ਕਫ਼ਨ ਹੀ ਮੌਜੂਦ ਸਨ, ਜਿਸ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਜਤਿੰਦਰ ਸਿੰਘ ਸ਼ੰਟੀ ਨੇ ਹੁਕਮ ਦਿੱਤਾ ਕਿ ਮੋਰਚਰੀ ਵਿੱਚ ਘੱਟੋ-ਘੱਟ 100 ਤੋਂ ਵੱਧ ਪਲਾਸਟਿਕ ਬਾਡੀ ਬੈਗ ਹਮੇਸ਼ਾ ਉਪਲਬਧ ਹੋਣੇ ਚਾਹੀਦੇ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਵਿੱਚ ਲਾਸ਼ ਬਦਲ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ, ਜੋ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕਮਿਸ਼ਨ ਵੱਲੋਂ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਿੱਥੇ ਵੀ ਲਾਪਰਵਾਹੀ ਮਿਲੇਗੀ ਉੱਥੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਕਮਿਸ਼ਨ ਦਾ ਅਹੁਦਾ ਸੰਭਾਲਿਆ ਹੈ ਅਤੇ ਹੁਣ ਜ਼ਿਲ੍ਹਾ ਪੱਧਰ ‘ਤੇ ਗਰੁੱਪ ਬਣਾਏ ਜਾ ਰਹੇ ਹਨ ਤਾਂ ਜੋ ਲੋਕ ਆਪਣੇ ਜ਼ਿਲ੍ਹੇ ਵਿੱਚ ਹੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਸਕਣ ਅਤੇ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ। ਹਰ ਜ਼ਿਲ੍ਹੇ ਵਿੱਚ ਵਕੀਲਾਂ, ਅਧਿਆਪਕਾਂ ਅਤੇ ਸਮਾਜ ਸੇਵੀਆਂ ਨੂੰ ਸ਼ਾਮਲ ਕਰਕੇ ਕਮੇਟੀਆਂ ਬਣਾਈਆਂ ਜਾਣਗੀਆਂ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਖੰਨਾ ਵਿੱਚ ਸਫਾਈ ਦੇ ਪ੍ਰਬੰਧ ਚੰਗੇ ਪਾਏ ਗਏ ਹਨ। ਬਾਥਰੂਮ ਵੀ ਸਾਫ ਮਿਲੇ ਹਨ। ਹਾਲਾਂਕਿ ਕੁਝ ਘਾਟਾਂ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਅਤੇ ਸਟਾਫ ਦੀ ਘਾਟ ਸਬੰਧੀ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
Click to Follow Babushahi Facebook page →