ਪੰਜਾਬੀ ਯੂਨੀਵਰਸਿਟੀ ਵੱਲੋਂ ਸਾਈਬਰ ਸੁਰੱਖਿਆ ਸਬੰਧੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ 'ਇਸਾਕ' ਫਾਊਂਡੇਸ਼ਨ ਨਾਲ਼ ਕੀਤਾ ਇਕਰਾਰਨਾਮਾ
ਅਦਾਰਿਆਂ ਨੂੰ ਆਪਸੀ ਤਾਲਮੇਲ ਕਾਇਮ ਕਰ ਕੇ ਕਰਨੇ ਚਾਹੀਦੇ ਹਨ ਕਾਰਜ:ਡਾ. ਜਗਦੀਪ ਸਿੰਘ
ਪਟਿਆਲਾ, 25 ਫਰਵਰੀ
ਪੰਜਾਬੀ ਯੂਨੀਵਰਸਿਟੀ ਵੱਲੋਂ ਸਾਈਬਰ ਸੁਰੱਖਿਆ ਸਬੰਧੀ ਸਿੱਖਿਆ ਅਤੇ ਉਦਯੋਗਿਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਪੁੱਟਦਿਆਂ 'ਇਨਫਰਮੇਸ਼ਨ ਸ਼ੇਅਰਿੰਗ ਐਂਡ ਐਨਾਲਿਸਿਸ ਸੈਂਟਰ' (ਇਸਾਕ) ਫਾਊਂਡੇਸ਼ਨ ਨਾਲ਼ ਇੱਕ ਇਕਰਾਰਨਾਮਾ ਕੀਤਾ ਗਿਆ ਹੈ। ਇਹ ਇਕਰਾਰਨਾਮਾ ਯੂਨੀਵਰਸਿਟੀ ਵਿਖੇ ਹਾਲ ਹੀ ਵਿੱਚ ਸਥਾਪਿਤ 'ਸਾਈਬਰ ਵੈਲਨੈੱਸ ਐਂਡ ਸਕਿਉਰਟੀ ਸੈਂਟਰ' ਰਾਹੀਂ ਕੀਤਾ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਮੌਜੂਦਗੀ ਵਿੱਚ ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਅਤੇ ਇਸਾਕ ਫਾਊਂਡੇਸ਼ਨ ਦੇ ਨੁਮਾਇੰਦਿਆਂ ਵੱਲੋਂ ਹਸਤਾਖ਼ਰ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਸਾਕ ਇੱਕ ਰਾਸ਼ਟਰੀ ਪੱਧਰ ਦੀ ਮਾਨਤਾ ਪ੍ਰਾਪਤ ਗੈਰ-ਲਾਭਕਾਰੀ ਸੰਸਥਾ ਹੈ ਜੋ ਪੂਰੇ ਭਾਰਤ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ, ਹੁਨਰ ਵਿਕਾਸ ਅਤੇ ਸਾਈਬਰ ਹਾਈਜਨ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਸਹਿਯੋਗ ਨਾਲ਼ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਮੁਤਾਬਕ ਪ੍ਰਮਾਣ ਪੱਤਰ, ਪ੍ਰੈਕਟੀਕਲ ਐਕਸਪੋਜ਼ਰ ਅਤੇ ਰੀਅਲ-ਟਾਈਮ ਖ਼ਤਰਿਆਂ ਦੀ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਨੂੰ ਗਲੋਬਲ ਕਰੀਅਰ ਦੇ ਮੌਕਿਆਂ ਲਈ ਤਿਆਰ ਕਰੇਗੀ। ਇਕਰਾਰਨਾਮੇ ਦੀ ਮਹੱਤਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਆਪਸੀ ਸਹਿਯੋਗ ਅਤੇ ਸਾਂਝ ਨਾਲ਼ ਕੰਮ ਕਰਨ ਦਾ ਸਮਾਂ ਹੈ। ਇਸ ਲਈ ਅਦਾਰਿਆਂ ਨੂੰ ਆਪਸੀ ਰਾਬਤਾ ਤੇ ਤਾਲਮੇਲ ਕਾਇਮ ਕਰ ਕੇ ਕਾਰਜ ਕਰਨੇ ਚਾਹੀਦੇ ਹਨ ਹੈ। ਅਜਿਹਾ ਕਰਨ ਨਾਲ਼ ਬਿਹਤਰ ਨਤੀਜੇ ਸਾਹਮਣੇ ਆਉਂਦੇ ਹਨ।
ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਹਿਯੋਗ ਪੰਜਾਬੀ ਯੂਨੀਵਰਸਿਟੀ ਨੂੰ ਸਾਈਬਰ ਸੁਰੱਖਿਆ ਸਿੱਖਿਆ ਦੇ ਖੇਤਰ ਵਿੱਚ ਇੱਕ 'ਸੈਂਟਰ ਆਫ ਐਕਸੀਲੈਂਸ' ਵਜੋਂ ਸਥਾਪਿਤ ਕਰਨ ਅਤੇ 'ਸੁਰੱਖਿਅਤ ਡਿਜੀਟਲ ਇੰਡੀਆ' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਸਰਟੀਫਾਈਡ ਸਾਈਬਰ ਸੁਰੱਖਿਆ ਇਨਵੈਸਟੀਗੇਟਰ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਕੋਰਸਾਂ ਅਤੇ ਰਾਸ਼ਟਰੀ ਹੈਕਾਥੌਨ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ।
ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਅਤੇ ਪਲੇਸਮੈਂਟ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਤਹਿਤ ਹੋਣ ਵਾਲ਼ੇ ਸਿਖਲਾਈ ਕੋਰਸ ਵਿਦਿਆਰਥੀਆਂ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ਲਈ ਤਿਆਰ ਕਰਨਗੇ, ਜਿਸ ਨਾਲ ਸਾਈਬਰ ਸੁਰੱਖਿਆ ਫਰਮਾਂ, ਬੈਂਕਾਂ ਅਤੇ ਸਰਕਾਰੀ ਏਜੰਸੀਆਂ ਵਿੱਚ ਨੌਕਰੀ ਦੇ ਰਾਹ ਖੁੱਲ੍ਹਣਗੇ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਪਿਛਲੇ 10 ਸਾਲਾਂ ਤੋਂ 'ਐਥੀਕਲ ਹੈਕਿੰਗ' ਦਾ ਕੋਰਸ ਕਰਵਾ ਰਹੀ ਹੈ।
ਸਾਈਬਰ ਵੈਲਨੈੱਸ ਐਂਡ ਸਕਿਉਰਟੀ ਸੈਂਟਰ ਦੇ ਨੋਡਲ ਅਫ਼ਸਰ ਡਾ. ਅਭਿਨਵ ਭੰਡਾਰੀ ਅਤੇ ਕੋਆਰਡੀਨੇਟਰ ਡਾ. ਨਵਦੀਪ ਕੰਵਲ ਨੇ ਦੱਸਿਆ ਕਿ ਇਹ ਇਕਰਾਰਨਾਮਾ ਪਹਿਲਾਂ ਤੋਂ ਚੱਲ ਰਹੀਆਂ ਵਰਕਸ਼ਾਪਾਂ ਨੂੰ ਇੱਕ ਰਸਮੀ ਅਤੇ ਸੰਗਠਿਤ ਰੂਪ ਦੇਵੇਗਾ।
Click to Follow Babushahi Facebook page →