ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਕਰਵਾਇਆ ਤੀਜਾ ਸਾਲਾਨਾ 'ਬਲਰਾਜ ਸਾਹਨੀ ਯਾਦਗਾਰੀ ਭਾਸ਼ਣ'
ਮਨੁੱਖੀ ਦਿਮਾਗ ਦਾ ਕੋਈ ਬਦਲ ਨਹੀਂ: ਡਾ. ਜਗਦੀਪ ਸਿੰਘ
ਪਟਿਆਲਾ, 25 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਤੀਜਾ ਸਾਲਾਨਾ 'ਬਲਰਾਜ ਸਾਹਨੀ ਯਾਦਗਾਰੀ ਭਾਸ਼ਣ' ਕਰਵਾਇਆ ਗਿਆ। ਇਹ ਭਾਸ਼ਣ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਦੇ ਅੰਗਰੇਜ਼ੀ ਵਿਭਾਗ ਦੀ ਪ੍ਰੋਫ਼ੈਸਰ ਡਾ. ਸਿਮੀ ਮਲਹੋਤਰਾ ਨੇ ਦਿੱਤਾ। ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।
ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਦੌਰ ਵਿੱਚ ਭਾਵੇਂ ਆਰਟੀਫਿਸ਼ਿਅਲ ਇੰਟੈਲੀਜੈਂਸ ਸਿਰਜਣਾਤਮਕ ਖੇਤਰ ਸਮੇਤ ਹਰ ਥਾਂ ਜਬਰਦਸਤ ਘੁਸਪੈਠ ਕਰ ਰਹੀ ਹੈ। ਇਸ ਨੂੰ ਸਹੂਲਤ ਦੇ ਨਾਲ਼-ਨਾਲ਼ ਇੱਕ ਵੱਡੀ ਚੁਣੌਤੀ ਵਜੋਂ ਵੀ ਵੇਖਿਆ ਜਾ ਰਿਹਾ ਹੈ, ਪਰ ਮਨੁੱਖੀ ਦਿਮਾਗ ਦਾ ਕੋਈ ਬਦਲ ਨਹੀਂ। ਉਨਾਂ ਆਪਣੇ ਵਿਸ਼ੇ ਜੀਵ ਵਿਗਿਆਨ ਦੇ ਅਧਾਰ ਉੱਤੇ ਮਨੁੱਖੀ ਦਿਮਾਗ ਦੀਆਂ ਬਣਤਰਾਂ ਸਬੰਧੀ ਵਿਸ਼ੇਸ਼ ਹਵਾਲਿਆਂ ਅਤੇ ਮਿਸਾਲਾਂ ਪੇਸ਼ ਕਰ ਕੇ ਦੱਸਿਆ ਕਿ ਮਨੁੱਖੀ ਦਿਮਾਗ ਵਿੱਚ ਜੋ ਸਮਰੱਥਾ ਹੈ ਉਸ ਦਾ ਹੋਰ ਕੋਈ ਬਦਲ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਨਵੀਂ ਤਕਨੀਕ ਜਾਂ ਗਿਆਨ ਤੋਂ ਡਰਨਾ ਨਹੀਂ ਚਾਹੀਦਾ ਬਲਕਿ ਮਨੁੱਖਤਾ ਦੇ ਵਿਗਾਸ ਲਈ ਹਰ ਤਕਨੀਕ ਨੂੰ ਨਾਲ਼ ਲੈ ਕੇ ਤੁਰਨਾ ਹੀ ਹੁਣ ਸਮੇਂ ਦੀ ਲੋੜ ਹੈ। ਉਨ੍ਹਾਂ ਅਨੁਸ਼ਾਸਨੀ ਹੱਦਾਂ ਤੋਂ ਪਾਰ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਬਲਰਾਜ ਸਾਹਨੀ ਦੀ ਵਿਰਾਸਤ ਨੂੰ ਇਸ ਦੀ ਇੱਕ ਮਿਸਾਲ ਵਜੋਂ ਪੇਸ਼ ਕੀਤਾ।
ਪ੍ਰੋਫੈਸਰ ਸਿਮੀ ਮਲਹੋਤਰਾ ਨੇ ਮਾਨਵੀ ਵਿਗਿਆਨ ਦੇ ਖੇਤਰ ਵਿੱਚ ਆਏ ਵੱਡੇ ਸਿਧਾਂਤਕ ਬਦਲਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ 20ਵੀਂ ਸਦੀ ਦੇ ਸਾਹਿਤਕ ਸਿਧਾਂਤਾਂ ਦੇ ਦੋ ਮੁੱਖ ਪੜਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜੋਕੇ 'ਪੋਸਟ-ਹਿਊਮਨ' ਸੰਸਾਰ ਵਿੱਚ ਮਾਨਵੀ ਵਿਗਿਆਨਾਂ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਵੀ ਵਿਗਿਆਨਾਂ ਨੂੰ ਦੂਜੇ ਵਿਸ਼ਿਆਂ ਦੀਆਂ ਵਿਧੀਆਂ ਦੀ ਨਕਲ ਕਰਨ ਦੀ ਲੋੜ ਨਹੀਂ ਹੈ, ਸਗੋਂ ਖੋਜ ਕਾਰਜਾਂ ਵਿੱਚ ਰਚਨਾਤਮਕ ਪਹੁੰਚ ਅਪਣਾਉਣੀ ਚਾਹੀਦੀ ਹੈ।
ਸਮਾਗਮ ਦੇ ਕੋਆਰਡੀਨੇਟਰ ਡਾ. ਮੋਨਿਕਾ ਸੱਭਰਵਾਲ ਨੇ ਬਲਰਾਜ ਸਾਹਨੀ ਵਰਗੀਆਂ ਸ਼ਖਸੀਅਤਾਂ ਦੀ ਯਾਦ ਵਿੱਚ ਅਜਿਹੇ ਭਾਸ਼ਣ ਕਰਵਾਉਣ ਦੀ ਮਹੱਤਤਾ ਦੱਸੀ, ਜੋ ਅੱਜ ਵੀ ਸਭ ਲਈ ਪ੍ਰੇਰਨਾ ਸਰੋਤ ਹਨ।
ਵਿਭਾਗ ਮੁਖੀ ਡਾ. ਧਰਮਜੀਤ ਸਿੰਘ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਬੁਲਾਰੇ ਅਤੇ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਨਵਜੋਤ ਖੋਸਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Click to Follow Babushahi Facebook page →