ਨਗਰ ਕੌਂਸਲ ਦੀ ਕਾਰਵਾਈ ਜਾਂ ਸਿਆਸੀ ਨਾਟਕ?
ਕਾਂਗਰਸੀ ਆਗੂ ਦੀ ਦੁਕਾਨ ਤੋਂ ਸਮਾਨ ਜਬਤ
ਦਫ਼ਤਰ ‘ਚ ਭੁੰਜੇ ਬੈਠ ਕਾਂਗਰਸੀ ਆਗੂ ਨੇ ਜਿਤਾਇਆ ਰੋਸ਼ —
ਅਗਲੇ ਦਿਨ ਫਿਰ ਸੜਕ ਤੇ ਸਜਾਇਆ ਕਾਂਗਰਸੀ ਆਗੂ ਨੇ ਬਾਜ਼ਾਰ!
ਦੀਪਕ ਜੈਨ
ਜਗਰਾਉਂ/ 21 ਫਰਵਰੀ। ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਸੜਕਾਂ ‘ਤੇ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਉਸ ਵੇਲੇ ਸਿਆਸੀ ਰੰਗ ਵਿੱਚ ਰੰਗ ਗਈ ਜਦੋਂ ਇੱਕ ਮੌਜੂਦਾ ਮਹਿਲਾ ਕੌਂਸਲਰ ਦੇ ਪਤੀ ਅਤੇ ਕਾਂਗਰਸੀ ਆਗੂ ਰਾਜਿੰਦਰ ਸਿੰਘ ਠੁਕਰਾਲ ਦੀ ਦੁਕਾਨ ਦੇ ਬਾਹਰ ਪਿਆ ਸਮਾਨ ਟਰੈਫਿਕ ਪੁਲਿਸ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵੱਲੋਂ ਚੁੱਕ ਕੇ ਜਬਤ ਕਰ ਲਿਆ ਗਿਆ।
ਕਾਰਵਾਈ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਲਈ ਇਹ ਦ੍ਰਿਸ਼ ਅਚੰਭੇ ਵਾਲਾ ਸੀ, ਕਿਉਂਕਿ ਜਿੱਥੇ ਆਮ ਦੁਕਾਨਦਾਰਾਂ ‘ਤੇ ਸਖ਼ਤੀ ਦੀ ਉਮੀਦ ਕੀਤੀ ਜਾ ਰਹੀ ਸੀ, ਉੱਥੇ ਸਿਆਸੀ ਤੌਰ ‘ਤੇ ਪ੍ਰਭਾਵਸ਼ਾਲੀ ਚਿਹਰੇ ‘ਤੇ ਵੀ ਹੱਥ ਪੈਣਾ ਚਰਚਾ ਦਾ ਵਿਸ਼ਾ ਬਣ ਗਿਆ।
ਪਰ ਅਸਲ ਨਜ਼ਾਰਾ ਤਾਂ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਕਾਰਵਾਈ ਤੋਂ ਖਫ਼ਾ ਕਾਂਗਰਸੀ ਆਗੂ ਸਿੱਧੇ ਨਗਰ ਕੌਂਸਲ ਪ੍ਰਧਾਨ ਦੇ ਦਫ਼ਤਰ ਵਿੱਚ ਪੁੱਜੇ ਅਤੇ ਰੋਸ਼ ਵਜੋਂ ਭੁੰਜੇ ਬੈਠ ਗਏ। ਦਫ਼ਤਰ ਦੇ ਅੰਦਰ ਬਣਿਆ ਇਹ ਮੰਜ਼ਰ ਕੈਮਰੇ ਦੀ ਅੱਖ ਤੋਂ ਬਚ ਨਾ ਸਕਿਆ। ਤਸਵੀਰਾਂ ਵਿੱਚ ਰੋਸ਼ ਜਤਾਉਂਦੇ ਆਗੂ ਨੂੰ ਇੱਕ ਸਾਬਕਾ ਕੌਂਸਲਰ ਮਨਾਉਂਦੇ ਅਤੇ ਉਠਾਉਂਦੇ ਹੋਏ ਵੀ ਦੇਖਿਆ ਗਿਆ — ਜਿਸ ਨਾਲ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਹੋਰ ਤੇਜ਼ ਹੋ ਗਈਆਂ।
ਇੱਥੇ ਹੀ ਕਹਾਣੀ ਖ਼ਤਮ ਨਹੀਂ ਹੁੰਦੀ। ਸੂਤਰਾਂ ਅਨੁਸਾਰ ਨਗਰ ਕੌਂਸਲ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਕਈ ਦੁਕਾਨਦਾਰਾਂ ਦਾ ਸਮਾਨ ਜਬਤ ਕੀਤਾ ਗਿਆ, ਪਰ ਸ਼ਾਮ ਢਲਦੇ ਹੀ “ਲਿਹਾਜ਼ੀ ਵਾਪਸੀ” ਦੀਆਂ ਗੱਲਾਂ ਨੇ ਸ਼ਹਿਰ ਵਿੱਚ ਨਵਾਂ ਮੋੜ ਪੈਦਾ ਕਰ ਦਿੱਤਾ। ਹਾਲਾਂਕਿ ਇਸ ਸਬੰਧੀ ਅਧਿਕਾਰਿਕ ਤੌਰ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ, ਪਰ ਬਾਜ਼ਾਰ ਵਿੱਚ ਚਰਚਾਵਾਂ ਦਾ ਦੌਰ ਗਰਮ ਰਿਹਾ।
ਸਭ ਤੋਂ ਵੱਡਾ ਸਵਾਲ ਤਾਂ ਉਸ ਵੇਲੇ ਖੜਾ ਹੋਇਆ ਜਦੋਂ ਇੱਕ ਦਿਨ ਪਹਿਲਾਂ ਭੁੰਜੇ ਬੈਠ ਕੇ ਕਾਰਵਾਈ ਦਾ ਵਿਰੋਧ ਕਰ ਰਹੇ ਆਗੂ ਦੀ ਦੁਕਾਨ ਅਗਲੇ ਹੀ ਦਿਨ ਮੁੜ ਪਹਿਲਾਂ ਵਾਂਗ ਸੜਕ ‘ਤੇ ਸਜੀ-ਧਜੀ ਨਜ਼ਰ ਆਈ। ਇਸ ਨਾਲ ਲੋਕਾਂ ਵਿੱਚ ਇਹ ਗੱਲ ਚਰਚਾ ਦਾ ਕੇਂਦਰ ਬਣ ਗਈ ਕਿ ਕੀ ਇਹ ਕਾਰਵਾਈ ਸਿਰਫ਼ ਦਿਖਾਵਾ ਸੀ? ਜਾਂ ਫਿਰ ਸਖ਼ਤੀ ਸਿਰਫ਼ ਆਮ ਦੁਕਾਨਦਾਰਾਂ ਲਈ ਹੀ ਹੈ?
ਸ਼ਹਿਰ ਵਾਸੀਆਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਨਗਰ ਕੌਂਸਲ ਸਚਮੁਚ ਸੜਕਾਂ ਤੋਂ ਕਬਜ਼ੇ ਹਟਾਉਣ ਲਈ ਗੰਭੀਰ ਹੈ, ਤਾਂ ਫਿਰ ਇੱਕ ਦਿਨ ਦੀ ਕਾਰਵਾਈ ਤੋਂ ਬਾਅਦ ਹਾਲਾਤ ਪਹਿਲਾਂ ਵਰਗੇ ਕਿਵੇਂ ਹੋ ਗਏ?
ਫਿਲਹਾਲ, ਇਹ ਮਾਮਲਾ ਸਿਆਸੀ ਗਲਿਆਰਿਆਂ ਵਿੱਚ ਤਿੱਖੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਆਪਣੀ ਕਾਰਵਾਈ ਨੂੰ ਲਗਾਤਾਰ ਰੱਖਦੀ ਹੈ ਜਾਂ ਇਹ ਮੁਹਿੰਮ ਵੀ ਹੋਰ ਮੁਹਿੰਮਾਂ ਵਾਂਗ ਕਾਗਜ਼ੀ ਸਾਬਤ ਹੁੰਦੀ ਹੈ।
Click to Follow Babushahi Facebook page →