ਢਾਹਾਂ ਕਲੇਰਾਂ ਹਸਪਤਾਲ ਦੇ ਨਿਊਰੋਸਜਰਨ ਨੇ ਕੋਮਾ ਵਿੱਚ ਗਏ ਨੌਜਵਾਨ ਦੀ ਜਾਨ ਬਚਾਈ
ਬੰਗਾ 22 ਦਸੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐਮ.ਸੀ. ਐਚ. ਵੱਲੋਂ ਬੀਤੇ ਦਿਨੀਂ ਪਿੰਡ ਮਜਾਰੀ ਕੋਲ ਫਲਾਈਉਵਰ ਦੇ ਨਜਦੀਕ ਹੋਏ ਭਿਆਨਕ ਸੜਕ ਐਕਸੀਡੈਂਟ ਵਿਚ ਗੰਭੀਰ ਜ਼ਖਮੀ ਅਤੇ ਬੇਹੋਸ਼ ਹੋ ਚੁੱਕੇ ਪਿੰਡ ਕਰੀਹਾ ਦੇ ਵਾਸੀ 10+1 ਕਲਾਸ ਦੇ ਵਿਦਿਆਰਥੀ 19 ਸਾਲਾ ਵਿਸ਼ਾਲ ਸਿੰਘ ਦੀ ਜਾਨ ਬਿਨਾਂ ਅਪਰੇਸ਼ਨ ਬਚਾਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਹਸਪਤਾਲ ਦੀ ਐਮਰਜੈਂਸੀ ਵਿਚ ਬੁਰੀ ਤਰ੍ਹਾਂ ਜ਼ਖਮੀ ਮਰੀਜ਼ ਵਿਸ਼ਾਲ ਸਿੰਘ ਨੂੰ ਭਰਤੀ ਕਰਵਾਇਆ ਸੀ । ਡਾਕਟਰੀ ਜਾਂਚ ਦੌਰਾਨ ਉਹ ਪੂਰੀ ਤਰ੍ਹਾਂ ਬੇਹੋਸ਼ ਸੀ । ਹਸਪਤਾਲ ਵਿਚ ਸਿਰ ਦੀ ਸੀ.ਟੀ.ਸੈਕਨ ਕਰਵਾਉਣ ਅਤੇ ਹੋਰ ਕੀਤੇ ਟੈਸਟਾਂ ਅਤੇ ਵਿਸ਼ੇਸ਼ ਸਕੈਨਾਂ ਦੀ ਮਦਦ ਨਾਲ ਉਸ ਦਾ ਪੂਰਾ ਚੈੱਕਅੱਪ ਕੀਤਾ ਗਿਆ ਅਤੇ ਜਾਂਚ ਵਿਚ ਪਾਇਆ ਗਿਆ ਕਿ ਐਕਸੀਡੈਂਟ ਹੋਣ ਮੌਕੇ ਉਸ ਦੇ ਸਿਰ ਅੰਦਰ ਗੰਭੀਰ ਸੱਟ ਲੱਗ ਗਈ ਸੀ, ਜਿਸ ਕਰਕੇ ਉਹ ਕੋਮਾ ਵਾਲੀ ਹਾਲਤ ਵਿਚ ਜਾ ਚੁੱਕਾ ਸੀ । ਮਰੀਜ਼ ਵਿਸ਼ਾਲ ਸਿੰਘ ਦੀ ਅਜਿਹੀ ਬਹੁਤ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੀ ਜਾਨ ਬਚਾਉਣ ਲਈ ਬਿਨਾਂ ਅਪਰੇਸ਼ਨ ਕੀਤੇ ਇਲਾਜ ਕਰਨ ਦਾ ਫੈਸਲਾ ਲਿਆ ਗਿਆ । ਡਾ. ਸੈਣੀ ਨੇ ਹਸਪਤਾਲ ਦੇ ਆਈ. ਸੀ. ਯੂ. ਵਿਚ ਉਸ ਨੂੰ ਦਾਖਲ ਕਰਕੇ ਵਿਸ਼ੇਸ਼ ਦਵਾਈਆਂ ਨਾਲ ਇਲਾਜ ਕਰਨਾ ਆਰੰਭ ਕੀਤਾ ਗਿਆ । ਡਾਕਟਰ ਸੈਣੀ ਅਤੇ ਸਮੂਹ ਸਟਾਫ ਦੀ ਦਿਨ ਰਾਤ ਇਲਾਜ ਕਰਨ ਲਈ ਕੀਤੀ ਮਿਹਨਤ ਨਾਲ ਮਰੀਜ਼ ਦੀ ਬੇਹੋਸ਼ੀ ਦਸਵੇਂ ਦਿਨ ਟੁੱਟੀ ਅਤੇ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ । ਜਦੋਂ ਕਿ ਉਹ 22ਵੇਂ ਦਿਨ ਉਹ ਬੋਲਣ ਦੇ ਕਾਬਲ ਹੋ ਗਿਆ । ਹੁਣ 19 ਸਾਲਾ ਵਿਸ਼ਾਲ ਸਿੰਘ ਹੁਣ ਬਿਲਕੁੱਲ ਤੰਦਰੁਸਤ ਹੈ ਅਤੇ ਆਪਣੇ ਸਕੂਲ ਪੜ੍ਹਨ ਜਾਂਦਾ ਹੈ । ਡਾ. ਜਸਦੀਪ ਸਿੰਘ ਸੈਣੀ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਿਊਰੋਸਰਜਰੀ ਵਿਭਾਗ ਵਿਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆ ਦਾ ਸਫਲ ਇਲਾਜ ਹੋ ਰਿਹਾ ਹੈ । ਐਕਸੀਡੈਂਟਾਂ ਵਿਚ ਜਖਮੀ ਮਰੀਜ਼ਾਂ ਦੇ ਇਲਾਜ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਅਪਰੇਸ਼ਨ ਥੀਏਟਰ ਅਤੇ ਰਹਿਣ ਲਈ ਐਚ ਡੀ ਯੂ ਵਾਰਡ ਤੇ ਪ੍ਰਾਈਵੇਟ ਡੀਲਕਸ ਰੂਮ ਹਨ । ਇਸ ਮੌਕੇ ਗੱਲਬਾਤ ਕਰਦੇ ਉਸ ਦੇ ਪਿਤਾ ਕੁਲਦੀਪ ਸਿੰਘ ਬਹੁਤ ਖੁਸ਼ ਸਨ ਅਤੇ ਉਹਨਾਂ ਨੇ ਡਾ. ਜਸਦੀਪ ਸਿੰਘ ਸੈਣੀ ਅਤੇ ਉਹਨਾਂ ਦੀ ਪੂਰੀ ਮੈਡੀਕਲ ਟੀਮ ਦਾ ਹਾਰਦਿਕ ਧੰਨਵਾਦ ਕੀਤਾ, ਜਿਹਨਾਂ ਨੇ ਉਹਨਾਂ ਦੇ ਲਾਡਲੇ ਪੁੱਤਰ ਵਿਸ਼ਾਲ ਸਿੰਘ ਦੀ ਜਾਨ ਬਚਾਈ ਅਤੇ ਉਸ ਨੂੰ ਨਵਾਂ ਜੀਵਨ ਮਿਲਿਆ ਹੈ । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਡਾ. ਜਸਦੀਪ ਸਿੰਘ ਸੈਣੀ ਅਤੇ ਸਮੂਹ ਮੈਡੀਕਲ ਟੀਮ ਨੂੰ 19 ਸਾਲ ਦੇ ਨੌਜਵਾਨ ਦਾ ਵਧੀਆ ਇਲਾਜ ਕਰਨ ਲਈ ਵਧਾਈ ਦਿੱਤੀ । ਇਸ ਮੌਕੇ ਮਰੀਜ਼ ਵਿਸ਼ਾਲ ਸਿੰਘ ਦੇ ਨਾਲ ਉਸ ਦੇ ਪਿਤਾ ਕੁਲਦੀਪ ਸਿੰਘ ਵੀ ਮੌਜੂਦ ਸਨ ।