Punjab : ਲੈਫਟੀਨੈਂਟ ਬਣ ਕੇ ਪਿੰਡ ਪਹੁੰਚੇ ਬਰਜਿੰਦਰ ਸਿੰਘ ਦਾ ਭਰਵਾਂ ਸਵਾਗਤ, ਪਿੰਡ ‘ਚ ਖੁਸ਼ੀ ਦਾ ਮਾਹੌਲ
ਰੋਹਿਤ ਗੁਪਤਾ
ਗੁਰਦਾਸਪੁਰ, 15 December 2025 : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਢੇਸੀਆਂ ਦੇ ਨੌਜਵਾਨ ਬਰਜਿੰਦਰ ਸਿੰਘ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਬਰਜਿੰਦਰ ਸਿੰਘ ਚਾਰ ਸਾਲ ਦੀ ਟਰੇਨਿੰਗ ਸਮਾਪਤ ਹੋਣ ਤੋਂ ਬਾਅਦ ਲੈਫਟੀਨੈਂਟ ਬਣ ਕੇ ਜੱਦੀ ਪਿੰਡ ਢੇਸੀਆਂ ਪਹੁੰਚੇ ਅਤੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਲੈਫਟੀਨੈਂਟ ਬਰਜਿੰਦਰ ਸਿੰਘ ਅਤੇ ਉਸਦੇ ਪਰਿਵਾਰ ਦੀ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਜਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਸਾਹਿਬ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਲੈਫਟੀਨੈਂਟ ਨੂੰ ਗੁਲਦਸਤੇ ਭੇਂਟ ਕੀਤੇ ਗਏ।ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਲੈਫਟੀਨੈਂਟ ਬਰਜਿੰਦਰ ਸਿੰਘ ਨੇ ਦੱਸਿਆ ਕਿ 2022 ਦੇ ਵਿੱਚ ਐਨਡੀਏ ਟੈਸਟ ਪਾਸ ਕੀਤਾ ਸੀ ਤੇ ਜਿਸ ਦੌਰਾਨ ਤਿੰਨ ਸਾਲ ਦੀ ਟ੍ਰੇਨਿੰਗ ਪੂਨੇ ਤੋਂ ਕੀਤੀ ਸੀ ਤੇ ਇੱਕ ਸਾਲ ਦੀ ਟ੍ਰੇਨਿੰਗ ਦੇਹਰਾਦੂਨ ਤੋਂ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਉਹ ਇੰਡੀਅਨ ਆਰਮੀ ਵਿੱਚ ਬਤੌਰ ਲੈਫਟੀਨੈਂਟ ਦੇ ਰੈਂਕ ਤੇ ਪੁੱਜਾ ਹੈ । ਉਸਨੇ ਕਿਹਾ ਕਿ ਇਸ ਸਫਲਤਾ ਲਈ ਪਿਤਾ ਪ੍ਰਿੰਸੀਪਲ ਰਤਨ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦਾ ਵੱਡਾ ਯੋਗਦਾਨ ਹੈ।
ਪ੍ਰਿੰਸੀਪਲ ਰਤਨ ਸਿੰਘ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਉਨਾਂ ਦੇ ਦੋ ਪੁੱਤਰ ਹਨ ਜਿਨਾਂ ਵਿੱਚੋਂ ਛੋਟਾ ਪੁੱਤਰ ਕਨੇਡਾ ਵਿੱਚ ਸਟੱਡੀ ਕਰ ਰਿਹਾ ਹੈ ਤੇ ਬਰਜਿੰਦਰ ਸਿੰਘ ਆਪਣੀ ਮਿਹਨਤ ਸਦਕਾ ਲੈਫਟੀਨੈਂਟ ਬਣ ਕੇ ਪਿੰਡ ਪਹੁੰਚਿਆ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਹੋਣਹਾਰ ਪੁੱਤਰ ਤੇ ਮਾਣ ਹੈ।