ਸਾਹਿਤ ਅਕਾਦੇਮੀ ਵੱਲੋਂ 'ਪੰਜਾਬੀ ਸਾਹਿਤ ਦੀਆਂ ਲੋਕ ਧਾਰਾਈ ਰੂੜ੍ਹੀਆਂ' 'ਤੇ ਸਮਾਗਮ
ਭਾਰਤੀ ਸਾਹਿਤ ਅਕਾਦੇਮੀ, ਦਿੱਲੀ ਵੱਲੋਂ ਅੱਜ ਕੇਂਦਰੀ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਦੇ ਸਹਿਯੋਗ ਨਾਲ 'ਪੰਜਾਬੀ ਸਾਹਿਤ ਦੀਆਂ ਲੋਕ ਧਾਰਾਈ ਰੂੜ੍ਹੀਆਂ 'ਤੇ ਸੰਵਾਦ ਰਚਾਇਆ ਹੈ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦੇਮੀ ਵਿਚ ਪੰਜਾਬੀ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਕੀਤੀ। ਸਭ ਤੋੰ ਪਹਿਲਾਂ ਬੋਲਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸਰਬਜੀਤ ਕੌਰ ਨੇ ਕਿਹਾ ਕਿ ਇਹ ਵਿਸ਼ਾ ਜਿੰਨਾ ਸਪਸ਼ਟ ਹੈ ਓਨਾ ਦੁਬਿਧਾ ਵਾਲ਼ਾ ਵੀ ਹੈ। ਉਹਨਾਂ ਅਗਾਂਹ ਕਿਹਾ ਕਿ ਪੰਜਾਬੀ ਲੋਕਧਾਰਾ ਦੀ ਖੂਬਸੂਰਤੀ ਇਹ ਹੈ ਕਿ ਉਹ ਬਹੁਤ ਸਾਰੇ ਬਾਹਰਲੇ ਅਧਿਐਨ ਨੂੰ ਆਪਣਾ ਬੇਸ ਨਹੀਂ ਬਣਾਉਂਦੇ; ਉਹ ਲੋਕਧਾਰਾ ਅਧਿਐਨ ਕਰਦੇ, ਵਿੱਚੋਂ ਹੀ ਕੁਝ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਹੋਰ ਕਿਹਾ ਕਿ ਲੋਕਧਾਰਾ,ਸਾਹਿਤ ਵਿਚ ਕੱਚਾ ਮਸਾਲਾ ਨਹੀਂ ਹੈ, ਲੋਕ ਰੂੜੀਆਂ ਵੀ ਕੱਚਾ ਮਸਾਲਾ ਨਹੀਂ ਹਨ।
ਇਸ ਉਪਰੰਤ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਲੋਕ ਸਾਹਿਤ ਵਿੱਚੋਂ ਹੀ ਵਿਸ਼ਿਸ਼ਟ ਸਾਹਿਤ ਪੈਦਾ ਹੁੰਦਾ ਹੈ। ਉਹਨਾਂ ਅਗਾਂਹ ਕਿਹਾ ਕਿ ਮਾਨਵ ਤੇ ਪ੍ਰਕ੍ਰਿਤੀ ਵਿਚ ਜਿਹੜਾ ਸੰਘਰਸ਼ ਚੱਲਿਆ ਉਸ ਵਿਚ ਸਾਡੀ ਆਸਥਾ, ਸਾਡਾ ਵਿਸ਼ਵਾਸ਼ ਲੋਕਧਾਰਾ ਨੇ। ਉਹਨਾਂ ਵਿਗਿਆਨਕ ਤਰੀਕੇ ਨਾਲ ਗੱਲਾਂ ਕਰਦੇ ਹੋਏ ਕਿਹਾ ਕਿ ਜ਼ੇਕਰ ਅਸੀਂ ਲੋਕਧਾਰਾ ਤੋਂ ਮੂੰਹ ਮੋੜਾਂਗੇ ਤਾਂ ਲੋਕਮਨ ਮਰ ਜਾਵੇਗਾ ਉਹਦੀਆਂ ਰੂੜ੍ਹੀਆਂ ਮਰ ਜਾਣਗੀਆਂ।

ਇਸ ਤੋਂ ਬਾਅਦ ਉੱਘੇ ਪੱਤਰਕਾਰ ਤੇ ਲੇਖਕ ਪ੍ਰੀਤਮ ਰੁਪਾਲ ਹੋਰਾਂ ਨੇ ਕਿਹਾ ਕਿ ਜ਼ਿਆਦਾਤਰ ਲੇਖਕਾਂ ਨੂੰ ਲੋਕ ਸਾਹਿਤ ਦੀ ਸਮਝ ਨਹੀਂ; ਉਹ ਇਸ ਦਾ ਰੂਪਾਂਤਰਨ ਸਹੀ ਤਰੀਕੇ ਨਾਲ ਨਹੀਂ ਕਰਦੇ। ਉਹਨਾਂ ਕਈ ਗੀਤਾਂ ਦੇ ਬੋਲਾਂ 'ਤੇ ਤਨਜ਼ ਕਰਦੇ ਹੋਏ ਆਪਣੀ ਗੱਲ ਰੱਖੀ।
ਇਸ ਉਪਰੰਤ ਪ੍ਰਧਾਨਗੀ ਮੰਡਲ ਵਿੱਚੋਂ ਉੱਘੇ ਚਿੰਤਕ ਤੇ ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਵਸ਼ਿਸ਼ਟ ਸਾਹਿਤ ਤੇ ਲੋਕਧਾਰਾ ਜਾਂ ਲੋਕਮਨ ਦਾ ਸੰਬੰਧ ਨਾੜੂ ਤੇ ਬੱਚੇ ਵਾਂਗ ਹੈ। ਉਨ੍ਹਾਂ ਇਕ ਕਵਿਤਾ ਰਾਹੀਂ ਸਮਝਾਇਆ ਕਿ ਲੋਕਮਨ ਕਿਸ ਤਰ੍ਹਾਂ ਤੁਹਾਡੇ ਅੰਦਰ ਪਿਆ ਹੁੰਦਾ ਹੈ। ਉਹਨਾਂ ਲੋਕ ਸਾਹਿਤ ਦੇ ਰੂਪਾਂਤਰਨ 'ਤੇ ਜ਼ੋਰ ਦਿੱਤਾ।
ਆਖ਼ਰ ਵਿਚ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਉੱਘੇ ਆਲੋਚਕ ਡਾ. ਰਵੇਲ ਸਿੰਘ ਨੇ ਕਿਹਾ ਕਿ ਜਿਹੜੀਆਂ ਵੀ ਕਲਾਸਿਕ ਰਚਨਾਵਾਂ ਤੁਸੀਂ ਦੇਖੋਂਗੇ ਉਹ ਸਾਰੀਆਂ ਲੋਕ ਬੋਲੀਆਂ ਰਾਹੀ ਆਈਆਂ ਹੋਈਆਂ ਹਨ।ਇਸ ਬਿਨਾਂ ਚੰਗੀ ਰਚਨਾ ਨਹੀਂ ਹੋ ਸਕਦੀ। ਕਲਾਸਿਕ ਰਚਨਾ ਉਹੀ ਹੋਵੇਗੀ, ਜਿਹੜੀ ਲੋਕਮਨ ਤਕ ਪਹੁੰਚੇਗੀ। ਉਹਨਾਂ ਕੁਝ ਉਦਾਹਰਨਾ ਵੀ ਦਿੱਤੀਆਂ। ਉਹਨਾਂ ਸਾਹਿਤ ਅਕਾਦੇਮੀ ਵੱਲੋੱ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਲਦੀ ਹੀ ਉਹ ਦੋ ਦਿਨ ਦਾ ਸੈਮੀਨਾਰ 'ਲੋਕਧਾਰਾ' 'ਤੇ ਉਲੀਕਣਗੇ।
ਇਸ ਸਾਰੇ ਸਮਾਰੋਹ ਦਾ ਮੰਚ ਸੰਚਾਲਨ ਸਮਾਗਮ ਦੇ ਕੋ-ਆਰਡੀਨੇਟਰ ਲੇਖਕ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ। ਸਮਾਗਮ ਵਿਚ ਉੱਘੇ ਕਵੀ ਤੇ ਕਹਾਣੀਕਾਰ ਮੱਖਣ ਮਾਨ, ਕਹਾਣੀਕਾਰ ਪਰਮਜੀਤ ਮਾਨ, ਗਾਇਕ ਤੇ ਗੀਤਕਾਰ ਦਰਸ਼ਨ ਤਿਉਣਾ, ਕਹਾਣੀਕਾਰ ਸਰੂਪ ਸਿਆਲਵੀ, ਸ਼ਾਇਰਾ ਚਰਨਜੀਤ ਬਾਠ, ਸ਼ਾਇਰ ਪਾਲ ਅਜਨਬੀ, ਸ਼ਾਇਰ ਭੱਟੀ, ਪ੍ਰਿ. ਸਤਨਾਮ ਸਿੰਘ ਸ਼ੋਕਰ, ਜੇ. ਐੱਸ ਮਹਿਰਾ, ਡਾ. ਸੁਰਿੰਦਰ ਗਿੱਲ, ਕੰਵਲਜੀਤ ਸਿੰਘ, ਸਰਦਾਰਾ ਸਿੰਘ ਚੀਮਾ, ਗੁਰਦੀਪ ਸਿੰਘ, ਕੁਲਵੰਤ ਕੌਰ, ਪਵਨਦੀਪ, ਥੱਮਣ ਸਿੰਘ ਸੈਣੀ, ਅਵਤਾਰ ਸਿੰਘ ਪਤੰਗ,ਭੁਪਿੰਦਰ ਬੇਕਸ ਆਦਿ ਨੇ ਸ਼ਿਰਕਤ ਕੀਤੀ।