ਪ੍ਰੀਮੀਅਰ ਲੀਗ: 26 ਨਵੰਬਰ ਤੱਕ ਅਰਜੀਆਂ ਜਮ੍ਹਾਂ ਕਰਵਾਉਣ ਖਿਡਾਰੀ : ਮੇਅਰ ਪਦਮਜੀਤ ਸਿੰਘ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 23 ਨਵੰਬਰ 2025 : ਆਪ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਿੱਸੇ ਵਜੋਂ ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਤਿਹਾਸਕ ਕ੍ਰਿਕਟ ਮੈਗਾ-ਈਵੈਂਟ "ਬਠਿੰਡਾ ਪ੍ਰੀਮੀਅਰ ਲੀਗ" ਵਿੱਚ ਬਠਿੰਡਾ ਦੇ ਸਾਰੇ 50 ਵਾਰਡ ਆਹਮੋ-ਸਾਹਮਣੇ ਹੋਣਗੇ। 28 ਦਸੰਬਰ ਨੂੰ ਇਤਿਹਾਸਕ "ਬਠਿੰਡਾ ਪ੍ਰੀਮੀਅਰ ਲੀਗ" ਦਾ ਵੱਡੇ ਪੱਧਰ 'ਤੇ ਸ਼ੁਭ ਆਰੰਭ ਹੋਵੇਗਾ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਮਹਾਂਨਗਰ ਦੇ ਸਾਰੇ 50 ਵਾਰਡਾਂ ਦੇ ਕ੍ਰਿਕਟ ਖਿਡਾਰੀ ਇਸ ਮੈਗਾ-ਈਵੈਂਟ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਿਲਚਸਪੀ ਰੱਖਣ ਵਾਲੇ ਖਿਡਾਰੀ 26 ਨਵੰਬਰ, 2025, ਬੁੱਧਵਾਰ ਸ਼ਾਮ 5 ਵਜੇ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ 26 ਨਵੰਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਪ੍ਰਾਪਤ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ ਅਵੈਧ ਹੋਣਗੀਆਂ। ਮੇਅਰ ਸ਼੍ਰੀ ਮਹਿਤਾ ਨੇ ਸਾਰੇ 50 ਵਾਰਡਾਂ ਦੇ ਕ੍ਰਿਕਟ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ "ਬਠਿੰਡਾ ਪ੍ਰੀਮੀਅਰ ਲੀਗ" ਵਿੱਚ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ।
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ "ਬਠਿੰਡਾ ਪ੍ਰੀਮੀਅਰ ਲੀਗ" ਵਿੱਚ 10 ਪੂਲ ਹੋਣਗੇ, ਹਰੇਕ ਪੂਲ ਵਿੱਚ 10-10 ਮੈਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੈਗਾ ਈਵੈਂਟ ਵਿੱਚ ਕੁੱਲ 115 ਮੈਚ ਖੇਡੇ ਜਾਣਗੇ, ਹਰੇਕ ਮੈਚ ਵਿੱਚ ਮਹੱਤਵਪੂਰਨ ਇਨਾਮ ਵੰਡੇ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ "ਬਠਿੰਡਾ ਪ੍ਰੀਮੀਅਰ ਲੀਗ" ਵਿੱਚ ਹਿੱਸਾ ਲੈਣ ਅਤੇ ਬਠਿੰਡਾ ਸਮੇਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ।