ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਤਿਆਰੀਆਂ ਦਾ ਜਾਇਜ਼ਾ — ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 7 ਨਵੰਬਰ 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅੱਜ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਉੱਚ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਆਉਣ ਵਾਲੇ ਵਿਸ਼ਾਲ ਨਗਰ ਕੀਰਤਨਾਂ ਅਤੇ ਸਮਾਰੋਹਾਂ ਦੀਆਂ ਤਿਆਰੀਆਂ ‘ਤੇ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸ. ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ
ਅਤੇ ਸ਼ਾਨ ਦੇ ਨਾਲ ਇਹ ਪਵਿੱਤਰ ਅਵਸਰ ਮਨਾਉਣ ਲਈ ਸਰਵੋਤਮ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਅਤੇ ਅਮਰ ਵਿਰਾਸਤ ਨੂੰ ਸਨਮਾਨ ਮਿਲ ਸਕੇ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਸਾਹਿਬ ਜੀ ਦੇ ਬੇਮਿਸਾਲ ਬਲਿਦਾਨ ਦੀ ਯਾਦ ਨੂੰ ਵਿਸ਼ਾਲ ਪੱਧਰ ‘ਤੇ ਵੱਖ-ਵੱਖ ਸਮਾਰੋਹ, ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਆਯੋਜਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸ਼ਤਾਬਦੀ ਕੇਵਲ ਇੱਕ ਸਮਾਰੋਹ ਨਹੀਂ, ਸਗੋਂ ਪੂਰੇ ਸਿੱਖ ਪੰਥ ਅਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੋਵੇਗਾ।
ਸ. ਕਾਲਕਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਸ਼ਤਾਬਦੀ ਸਮਾਰੋਹ ਇਤਿਹਾਸਕ ਪੱਧਰ ‘ਤੇ ਮਨਾਏ ਜਾਣਗੇ, ਜਿੱਥੇ ਸ਼ਰਧਾ, ਸੇਵਾ ਅਤੇ ਸਾਂਝ ਦੀ ਆਤਮਕ ਭਾਵਨਾ ਸਦਾ ਵਾਂਗ ਚੜ੍ਹਦੀ ਕਲਾ ਵਿਚ ਰਹੇਗੀ।