ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 36.16 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਵੰਡੀ
ਹੜ੍ਹ ਪ੍ਰਭਾਵਿਤਾਂ ਨੂੰ ਨਾਲੋ ਨਾਲ ਵੰਡੀ ਜਾ ਰਹੀ ਹੈ ਮੁਆਵਜਾ ਰਾਸ਼ੀ- ਸ਼ਮਸ਼ੇਰ ਸਿੰਘ
ਰੋਹਿਤ ਗੁਪਤਾ
ਦੀਨਾਨਗਰ,16 ਅਕਤੂਬਰ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਅੱਜ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਬੁਗਨਾ, ਖੁਥੀ, ਸਲਾਚ ਅਤੇ ਖਾਗਰ ਵਿਖੇ ਹੜ੍ਹਾਂ ਦੀ ਮਾਰ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ 36,16,907 ਰੁਪਏ ਦੀ ਮੁਆਵਜਾ ਰਾਸ਼ੀ ਵੰਡੀ ਗਈ। ਇਸ ਮੌਕੇ ਉਨਾਂ ਦੇ ਨਾਲ ਤਹਿਸੀਲਦਾਰ ਦੀਨਾਨਗਰ ਬਲਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਵੀ ਮੌਜੂਦ ਸਨ।
ਦੀਨਾਨਗਰ ਦੇ ਪਿੰਡਾਂ ਬੁਗਨਾ, ਖੁਥੀ, ਸਲਾਚ ਅਤੇ ਖਾਗਰ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਵੰਡਣ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਦੀਨਾਨਗਰ ਹਲਕੇ ਦੇ ਹੋਰਨਾਂ ਪਿੰਡਾਂ ਦੇ ਇਲਾਵਾ ਇਹਨਾਂ ਚਾਰ ਪਿੰਡਾਂ ਦੇ ਅੰਦਰ 382 ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ, ਜਿਸ ਵਿੱਚ ਬੁਗਨਾ ਦੇ 102, ਖੁਥੀ ਦੇ 91,ਸਲਾਚ ਦੇ 91 ਅਤੇ ਖਾਗਰ ਦੇ 98 ਕਿਸਾਨ ਸ਼ਾਮਲ ਹਨ, ਜਿਨ੍ਹਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਅਨੁਸਾਰ ਤੈਅ ਕੀਤੀ ਗਈ ਮੁਆਵਜਾ ਰਾਸ਼ੀ ਦਿੱਤੀ ਜਾ ਰਹੀ ਹੈ। ਇਹਨਾਂ ਪਿੰਡਾਂ ਅੰਦਰ ਮੁਆਵਜਾ ਰਾਸ਼ੀ ਵੰਡਣ ਦੀ ਸ਼ੁਰੂਆਤ ਵਜੋਂ 120 ਲੋਕਾਂ ਨੂੰ ਮੁਆਵਜਾ ਰਾਸ਼ੀ ਦੇ ਮੰਜੂਰੀ ਪੱਤਰ ਵੰਡੇ ਗਏ ਹਨ ਅਤੇ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਜਦੋਂਕਿ ਇਹਨਾਂ ਪਿੰਡਾਂ ਦੇ ਬਾਕੀ ਰਹਿੰਦੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਡਾਟਾ ਇਕੱਠਾ ਕਰਨ ਦਾ ਕੰਮ ਜਿਵੇਂ ਜਿਵੇਂ ਮੁਕੰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ਹੀ ਨਾਲ ਦੀ ਨਾਲ ਉਹਨਾਂ ਪ੍ਰਭਾਵਿਤ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਮੁਆਵਜਾ ਰਾਸ਼ੀ ਪਾ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਦੇਸ਼ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ, ਜੋ ਕਿਸਾਨਾਂ ਨੂੰ ਫਸਲਾਂ ਦੇ ਮੁਆਵਜੇ ਵਜੋਂ 20 ਹਜਾਰ ਰੁਪਏ ਪ੍ਰਤੀ ਏਕੜ ਦੇ ਰਹੀ ਹੈ ਅਤੇ ਉਹ ਵੀ ਨੁਕਸਾਨ ਹੋਣ ਦੇ ਸਿਰਫ ਇਕ ਡੇਢ ਮਹੀਨੇ ਦੇ ਅੰਦਰ ਅੰਦਰ ਵੰਡੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਕੁਝ ਰਾਹਤ ਦਿਵਾਈ ਜਾ ਸਕੇ।
ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਹਿਤੈਸ਼ੀ ਸਰਕਾਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦਾ ਦਰਦ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਸੇ ਅਨੁਸਾਰ ਹੀ ਲੋਕ ਹਿੱਤ ਵਿੱਚ ਕੰਮ ਕਰ ਰਹੇ ਹਨ।
ਇਸ ਮੌਕੇ ਤੇ ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਬੁਗਨਾ, ਹਰਜਿੰਦਰ ਸਿੰਘ ਸਰਪੰਚ ਸਲਾਚ, ਕਮਲਦੀਪ ਸਿੰਘ ਸਰਪੰਚ ਆਦੀਆਂ, ਸਤਨਾਮ ਸਿੰਘ ਖੁਥੀ ਅਤੇ ਮਨਿੰਦਰ ਸਿੰਘ ਮੰਨੂ ਗਾਹਲੜੀ ਵੀ ਮੌਜੂਦ ਸਨ।