ਸਰਕਾਰਾਂ ਨੇ ਕਾਗਜੀ ਸਕੀਮਾਂ ਬਣਾਉਣ ਤੇ ਬਿਆਨਬਾਜੀ ਤੋਂ ਇਲਾਵਾ ਕੁੱਝ ਨਹੀਂ ਕੀਤਾ - ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਵੱਲੋਂ ਟਿਵਾਣਾ ਬੰਨ੍ਹ ਦਾ ਦੌਰਾ, 2 ਲੱਖ ਰੁਪਏ ਦੀ ਰਾਸ਼ੀ ਭੇਟ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਅਕਤੂਬਰ 2025::ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਤੇ ਐਸਕੇਐਮ ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਵੱਲੋਂ ਅੱਜ ਘੱਗਰ 'ਤੇ ਟਿਵਾਣਾ ਨੇੜੇ ਲੱਗ ਰਹੇ ਉਸ ਆਰਜੀ ਬੰਨ੍ਹ ਦਾ ਦੌਰਾ ਕੀਤਾ ਗਿਆ, ਜਿਸ ਬੰਨ੍ਹ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਡੇਰਾਬੱਸੀ ਇਕਾਈ ਵੱਲੋਂ ਕਾਰ ਸੇਵਾ ਕਰਵਾਈ ਜਾ ਰਹੀ ਹੈ। ਆਪਣੀ ਟੀਮ ਨਾਲ ਇਥੇ ਪੁੱਜੇ ਸ੍ਰੀ ਟਿਕੈਤ ਨੇ ਜਿੱਥੇ ਬੰਨ੍ਹ ਦੀ ਸੇਵਾ ਲਈ 2 ਲੱਖ ਰੁਪਏ ਦੀ ਮਾਲੀ ਮਦਦ ਕੀਤੀ, ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹੜ੍ਹਾਂ ਸਬੰਧੀ ਬਣਾਈਆਂ ਸਕੀਮਾਂ ਤੇਜ਼ੀ ਨਾਲ ਅਮਲ ਵਿੱਚ ਲਿਆਉਣ ਲਈ ਆਖਿਆ ਤਾਂ ਜੋ ਕਿਸਾਨਾਂ ਦੀ ਅਸਲ ਮਦਦ ਹੋ ਸਕੇ। ਸ੍ਰੀ ਟਿਕੈਤ ਨੇ ਕਿਹਾ ਕਿ ਸਰਕਾਰਾਂ ਕਾਗਜ਼ਾਂ ਵਿੱਚ ਸਕੀਮਾਂ ਬਣਾਉਣ ਤੇ ਬਿਆਨਬਾਜੀ ਤੋਂ ਅੱਗੇ ਵੱਧਣ। ਉਨ੍ਹਾਂ ਕਿਹਾ ਕਿ ਪਾਣੀ ਛੱਡਣ ਵੇਲੇ ਪੱਖਪਾਤ ਜਾ ਦੁਰਭਾਵਨਾ ਨਾ ਰੱਖੀ ਜਾਵੇ ਅਤੇ ਇਸ ਪਾਣੀ ਨੂੰ ਸਿਰਫ ਡੈਮ ਬਚਾਉਣ ਲਈ ਹੀ ਨਾ ਵਰਤਿਆ ਜਾਵੇ , ਸਗੋਂ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਹ ਗੈਰ ਤਰਤੀਬਵਾਰ ਪਾਣੀ ਅੱਗੇ ਪੁੱਜ ਕੇ ਲੱਖਾਂ ਲੋਕਾਂ ਦਾ ਭਵਿੱਖ ਤਬਾਹ ਕਰ ਦਿੰਦਾ ਹੈ। ਇਸ ਮੌਕੇ ਉਨ੍ਹਾਂ ਆਰਜੀ ਬੰਨ੍ਹ ਉੱਤੇ ਸੇਵਾ ਨਿਭਾ ਰਹੇ ਕਿਸਾਨਾਂ ਦੇ ਜਜਬੇ ਨੂੰ ਸਲਾਮ ਵੀ ਕੀਤਾ ਅਤੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਸਰਕਾਰੀ ਮਦਦ ਤੋਂ ਕਰੀਬ ਇੱਕ ਮਹੀਨੇ ਤੋਂ ਬੰਨ੍ਹ ਲਗਾਉਣ ਲਈ ਟਰੈਕਟਰਾਂ ਸਮੇਤ ਡਟੇ ਹੋਏ ਹਨ। ਆਪਣਾ ਖੇਤ , ਆਪਣਾ ਰੇਤ ਸਕੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਦੀਆਂ ਤਕਨੀਕੀ ਘੁਣਤਰਾਂ ਨੂੰ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਤੱਕ ਕਿਸਾਨਾਂ ਦੀ ਕਣਕ ਦੀ ਬਿਜਾਈ ਨਹੀਂ ਹੁੰਦੀ, ਉਦੋਂ ਤੱਕ ਕਿਸਾਨਾਂ ਦੇ ਹੱਕ ਵਿੱਚ ਡਟੇ ਰਹਿਣਗੇ। ਇਸ ਮੌਕੇ ਪਿੰਡ ਨਾਭਾ ਸਾਹਿਬ ਤੋਂ ਆਏ ਸਮਾਜਸੇਵੀਆਂ ਨੇ 51 ਹਜ਼ਾਰ ਰੁਪਏ ਅਤੇ ਬਸੌਲੀ ਪਿੰਡ ਦੇ ਵਾਸੀਆਂ ਨੇ 25 ਹਜ਼ਾਰ ਰੁਪਏ ਬੰਨ੍ਹ ਤੇ ਕੰਮ ਕਰ ਰਹੇ ਪ੍ਰਬੰਧਕਾਂ ਨੂੰ ਦਿੱਤੇ। ਇਸ ਮੌਕੇ ਹਰਿੰਦਰ ਸਿੰਘ ਜੀ ਲੱਖੋਵਾਲ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ , ਰਤਨ ਮਾਨ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਹਰਿਆਣਾ, ਕੁਲਦੀਪ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੰਡੀਗੜ੍ਹ , ਮਨਪ੍ਰੀਤ ਸਿੰਘ ਅਮਲਾਲਾ ਅਗਜੈਕਟਿਵ ਮੈਂਬਰ ਭਾਕਿਯੂ ਲੱਖੋਵਾਲ, ਲੱਖੋਵਾਲ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਝਾਰਮੜੀ, ਸੁਰਿੰਦਰ ਸਿੰਘ ਤਸਿੰਬਲੀ, ਮਹਾਂ ਸਿੰਘ ਬਘੇੜਾ, ਹਰੀ ਸਿੰਘ ਬੋਹੜਾ, ਬਲਜੀਤ ਸਿੰਘ ਭਾਊ ,ਹਰੀ ਸਿੰਘ ਚਡਿਆਲਾ, ਗੁਰਪਾਲ ਸਿੰਘ ਦੱਪਰ, ਕੇਹਰ ਸਿੰਘ ਚਡਿਆਲਾ, ਜਸਵਿੰਦਰ ਸਿੰਘ ਅਮਲਾਲਾ, ਭਜਨ ਸਿੰਘ ਖਜੂਰ ਮੰਡੀ, ਅਵਤਾਰ ਸਿੰਘ ਸਰਸੀਣੀ, ਤਜਿੰਦਰ ਸਿੰਘ ਸਰਸੀਣੀ ਤੇ ਦਲਬੀਰ ਸਿੰਘ ਸਾਧਾਂਪੁਰ ਆਦਿ ਵੀ ਹਾਜ਼ਰ ਸਨ।
- Download Babushahi App
-
-