ਖੇਮਕਰਨ ਦੇ ਪਿੰਡ ਮਹਿਦੀਪੁਰ ਵਿਖੇ ਹੜ੍ਹ ਨਾਲ ਨੁਕਸਾਨੇ ਬੰਨ ਨੂੰ ਪੂਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 6 ਹਜ਼ਾਰ ਲੀਟਰ ਡੀਜ਼ਲ ਦੀ ਕੀਤੀ ਸਹਾਇਤਾ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਖ਼ੁਦ ਪਹੁੰਚ ਕੇ ਲੋਕਾਂ ਦੀਆਂ ਮੁਸਕਲਾਂ ਸੁਣੀਆਂ
ਅੰਮ੍ਰਿਤਸਰ, 18 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਬਾਰਡਰ ਏਰੀਏ ਦੇ ਹਲਕਾ ਖੇਮਕਰਨ ਦੇ ਪਿੰਡ ਮਹਿਦੀਪੁਰ ਵਿਖੇ ਹੜ੍ਹ ਨਾਲ ਨੁਕਸਾਨੇ ਬੰਨ ਨੂੰ ਪੂਰ ਰਹੀਆਂ ਸੰਗਤਾਂ ਦੀਆਂ ਮੁਸਕਲਾਂ ਸੁਣੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੌਕੇ ’ਤੇ 6 ਹਜ਼ਾਰ ਲੀਟਰ ਡੀਜ਼ਲ ਸਹਿਯੋਗ ਲਈ ਦਿੱਤਾ। ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਸਾਹਿਬ ਸਿੰਘ ਜੀ ਵਿਖੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਮੁਸੀਬਤ ਸਮੇਂ ਲੋੜਵੰਦਾਂ ਨਾਲ ਖੜ੍ਹਨਾ ਆਪਣਾ ਫਰਜ਼ ਸਮਝਦੀ ਹੈ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਵੱਡੀਆਂ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਵੀ ਲੋਕਾਂ ਨੂੰ ਆਪ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਲੋਕਾਂ ਦੀ ਬਾਂਹ ਤਾਂ ਕੀ ਫੜ੍ਹਨੀ ਸੀ, ਸਗੋਂ ਆਪਣੇ ਤੌਰ ’ਤੇ ਸੇਵਾਵਾਂ ਕਰਨ ਵਾਲਿਆਂ ’ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੁਸੀਬਤ ਦੇ ਸਮੇਂ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਆਪ ਸੇਵਾਵਾਂ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਪਿੰਡ ਮਹਿਦੀਪੁਰ, ਮੀਆਂਵਾਲ ਅਤੇ ਮੁਹੰਦੀਵਾਲ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬੰਨ ਨੂੰ ਪੂਰਨ ਵਿਚ ਸਹਿਯੋਗ ਕਰਦਿਆਂ ਸੰਗਤਾਂ ਦੀ ਮੰਗ ਅਨੁਸਾਰ ਅੱਜ 6 ਹਜ਼ਾਰ ਲੀਟਰ ਡੀਜ਼ਲ ਦਿੱਤਾ ਗਿਆ ਹੈ।
ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਥੇ ਪਹਿਲੇ ਦਿਨ ਤੋਂ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਉਥੇ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਨੇ ਕਿਸਾਨਾਂ ਨੂੰ ਖੇਤ ਪੱਧਰੇ ਕਰਨ ਲਈ 8 ਲੱਖ ਲੀਟਰ ਡੀਜ਼ਲ, 10 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਮਿਆਰੀ ਬੀਜ ਦੇਣ ਦੇ ਫੈਸਲੇ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਨੁਕਸਾਨੇ ਗੁਰਦੁਆਰਾ ਸਾਹਿਬਾਨ ਦੀ ਰਿਪੇਅਰ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਬਿਨਾਂ ਕਿਸੇ ਭੇਦ ਭਾਵ ਦੇ ਰਾਹਤ ਸੇਵਾਵਾਂ ਕਰ ਰਹੀ ਹੈ ਅਤੇ ਇਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੀਆਂ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਮੈਂਬਰ ਸਾਹਿਬਾਨ ਤਾਰ ਤੋਂ ਪਾਰ ਭਾਰਤ ਪਾਕਿਸਤਾਨ ਬਾਰਡਰ ਤੇ ਸਥਿਤ ਗੁਰਦੁਆਰਾ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਵਿਖੇ ਵੀ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਮੈਂਬਰ ਸ. ਅਮਰੀਕ ਸਿੰਘ ਵਿਛੋਆ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਜੋਧ ਸਿੰਘ ਸਮਰਾ, ਅਕਾਲੀ ਆਗੂ ਸ. ਗੌਰਵਦੀਪ ਸਿੰਘ ਵਲਟੋਹਾ, ਸਕੱਤਰ ਸ. ਪ੍ਰਤਾਪ ਸਿੰਘ, ਸ. ਅੰਮ੍ਰਿਤਪਾਲ ਸਿੰਘ ਕੁਲਾਰ, ਸ. ਗੁਰਜੀਤ ਸਿੰਘ ਨੀਲਾ ਨਰੋਆ, ਮੈਨੇਜਰ ਸ. ਜਤਿੰਦਰਪਾਲ ਸਿੰਘ, ਸ. ਧਰਮਿੰਦਰ ਸਿੰਘ, ਸ ਸਰਵਨ ਸਿੰਘ, ਸ. ਪਰਮਜੀਤ ਸਿੰਘ ਸੰਧੂ, ਸ. ਹਰਮਿੰਦਰ ਸਿੰਘ, ਸ. ਸੁਖਵਿੰਦਰ ਸਿੰਘ, ਸ. ਬੋਹੜ ਸਿੰਘ, ਡਾ. ਰਾਜ ਸਿੰਘ, ਸ. ਸੁਖਵਿੰਦਰ ਸਿੰਘ ਰੱਤੋਕੇ, ਸ. ਜਰਨੈਲ ਸਿੰਘ ਹਵੇਲੀਆ, ਸ. ਗੁਰਵਿੰਦਰ ਸਿੰਘ ਨੂਰਵਾਲਾ, ਸ. ਗੁਰਸਾਹਿਬ ਸਿੰਘ, ਸ. ਹਰਪਾਲ ਸਿੰਘ ਆਦਿ ਮੌਜੂਦ ਸਨ।