ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ
-ਮਾਣਯੋਗ ਰਾਜਪਾਲ ਪੰਜਾਬ ਦੇ ਆਦੇਸ਼ਾਂ ਤਹਿਤ ਹਰੇਕ ਸਰਕਾਰੀ ਯੂਨੀਵਰਸਿਟੀ ਦੇ ਸਰਵੋਤਮ ਅਮਲਾਂ ਅਤੇ ਵਿਲੱਖਣਤਾਵਾਂ ਸਬੰਧੀ ਪੇਸ਼ ਹੋਵੇਗੀ ਰਿਪੋਰਟ
-ਸਰਕਾਰੀ ਯੂਨੀਵਰਸਿਟੀਆਂ ਦੀ ਸਮਰਥਾ ਅਤੇ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਪੱਖੋਂ ਲਾਹੇਵੰਦ ਹੋਵੇਗਾ ਕਦਮ: ਡਾ. ਜਗਦੀਪ ਸਿੰਘ
ਪਟਿਆਲਾ, 17 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਦੇ ਪ੍ਰਤੀਨਿਧ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਵਿਸ਼ੇਸ਼ ਦੌਰਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਵਿਲੱਖਣਤਾਵਾਂ ਅਤੇ ਇੱਥੇ ਵੱਖ-ਵੱਖ ਖੇਤਰਾਂ ਵਿੱਚ ਹੋ ਰਹੇ ਸਰਵੋਤਮ ਕਾਰਜਾਂ, ਨੀਤੀਆਂ ਅਤੇ ਅਮਲਾਂ ਬਾਰੇ ਬਰੀਕੀ ਨਾਲ਼ ਅਧਿਐਨ ਕੀਤਾ।
ਇਸ ਵਫ਼ਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਅਧਿਕਾਰੀ ਸ਼ਾਮਿਲ ਸਨ।
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ. ਗੁਲਾਬ ਚੰਦ ਕਟਾਰੀਆ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸੂਬੇ ਦੀਆਂ ਵੱਖ-ਵੱਖ ਸਰਕਾਰੀ ਯੂਨੀਵਰਸਿਟੀਆਂ ਵੱਲੋਂ ਅਪਣਾਏ ਗਏ ਸਰਵੋਤਮ ਅਮਲਾਂ (ਬੈਸਟ ਪ੍ਰੈਕਟਿਸਜ਼), ਨੀਤੀਆਂ, ਸਰਵੋਤਮ ਕਾਰਜਾਂ ਅਤੇ ਵਿਲੱਖਣਤਾਵਾਂ ਬਾਰੇ ਬਰੀਕੀ ਨਾਲ਼ ਜਾਣਿਆ ਜਾਵੇ ਤਾਂ ਕਿ ਹੋਰ ਯੂਨੀਵਰਸਿਟੀਆਂ ਵਿੱਚ ਇਸ ਤੋਂ ਸੇਧ ਲੈ ਸਕਣ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਬਕਾਇਦਾ ਕਮੇਟੀਆਂ ਸਥਾਪਿਤ ਹੋਈਆਂ ਹਨ। ਪੰਜਾਬ ਦੀ ਹਰੇਕ ਸਰਕਾਰੀ ਯੂਨੀਵਰਸਿਟੀ ਵਿੱਚ ਹੋਰਨਾਂ ਯੂਨੀਵਰਸਿਟੀਆਂ ਦੇ ਸੀਨੀਅਰ ਅਧਿਕਾਰੀਆਂ ਦਾ ਪ੍ਰਤੀਨਿਧ ਵਫ਼ਦ ਦੌਰਾ ਕਰੇਗਾ ਜੋ ਉੱਥੋਂ ਦੇ ਸਰਵੋਤਮ ਕਾਰਜਾਂ, ਅਮਲਾਂ, ਵਿਲੱਖਣਤਾਵਾਂ ਆਦਿ ਬਾਰੇ ਜਾਣ ਕੇ ਇਸ ਦੀ ਰਿਪੋਰਟ ਮਾਣਯੋਗ ਰਾਜਪਾਲ ਨੂੰ ਸੌਂਪੇਗਾ। ਉਨ੍ਹਾਂ ਦੱਸਿਆ ਕਿ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਦੀ ਸਮਰਥਾ ਨੂੰ ਹੋਰ ਵਧਾਉਣ ਬਣਾਉਣ ਪੱਖੋਂ ਇਹ ਇੱਕ ਸ਼ਾਨਦਾਰ ਕਦਮ ਹੈ ਜਿਸ ਤਹਿਤ ਸਾਰੀਆਂ ਯੂਨੀਵਰਸਿਟੀਆਂ ਇੱਕ ਦੂਜੀ ਨਾਲ਼ ਬਿਹਤਰ ਰਾਬਤਾ ਕਾਇਮ ਕਰਦਿਆਂ ਇੱਕ ਦੂਜੀ ਨੂੰ ਨੇੜੇ ਤੋਂ ਜਾਣ ਸਕਣਗੀਆਂ ਅਤੇ ਅਜਿਹਾ ਹੋਣ ਨਾਲ਼ ਬਿਹਤਰ ਕਾਰਗੁਜ਼ਾਰੀ ਦੀਆਂ ਨਵੀਂਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਉਚੇਰੀ ਸਿੱਖਿਆ ਦੇ ਖੇਤਰ ਨਾਲ਼ ਸਬੰਧਤ ਨੀਤੀਆਂ ਦੇ ਨਿਰਮਾਣ ਪੱਖੋਂ ਵੀ ਇਹ ਕਦਮ ਸਹਾਈ ਹੋਵੇਗਾ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਫ਼ਦ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਤੋਂ ਵਾਈਸ-ਚਾਂਸਲਰ ਡਾ. ਰਤਨ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਤੋਂ ਡੀਨ ਅਕਾਦਮਿਕ ਪ੍ਰੋ. ਪਲਵਿੰਦਰ ਸਿੰਘ ਅਤੇ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਐਸੋਸੀਏਟ ਡਾਇਰੈਕਟਰ ਡਾ. ਵਿਸ਼ਾਲ ਬੈਕਟਰ ਅਤੇ ਸੈਂਟਰਲ ਯੂਨੀਵਰਸਿਟੀ ਤੋਂ ਡਾਇਰੈਕਟਰ, ਆਈ. ਕਿਊ. ਏ. ਸੀ. ਡਾ. ਮੋਨੀਸ਼ਾ ਧੀਮਾਨ ਅਤੇ ਡਾਇਰੈਕਟਰ ਆਰ. ਐਂਡ ਡੀ. ਪ੍ਰੋ ਅੰਜਨਾ ਮੁਨਸ਼ੀ ਆਦਿ ਮੈਂਬਰ ਸ਼ਾਮਿਲ ਸਨ।
ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਫ਼ਦ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਦੀਆਂ ਵੱਖ-ਵੱਖ ਥਾਵਾਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਆਦਿ, ਥਾਵਾਂ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਵਫ਼ਦ ਵਿੱਚ ਸ਼ਾਮਿਲ ਸਮੂਹ ਮੈਂਬਰਾਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਵਿਲੱਖਣਤਾਵਾਂ ਬਾਰੇ ਜਾਣ ਕੇ ਤਸੱਲੀ ਪ੍ਰਗਟਾਉਂਦਿਆਂ ਸ਼ਲਾਘਾ ਕੀਤੀ।