ਵਿਧਾਇਕ ਰੰਧਾਵਾ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰੇ ਅਤੇ ਫੀਡ ਦੇ ਦੋ ਟਰੱਕ ਭੇਜੇ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਸਤੰਬਰ 2025: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਦਾਣਾ ਮੰਡੀ ਲਾਲੜੂ ਤੋਂ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ। ਇਹ ਰਾਹਤ ਆੜਤੀ ਐਸੋਸੀਏਸ਼ਨ, ਟਰੱਕ ਯੂਨੀਅਨ ਅਤੇ ਵੱਖ-ਵੱਖ ਪਾਰਟੀ ਅਹੁਦੇਦਾਰਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਗਈ ਸੀ। ਸ. ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਾਂ ਵਿੱਚ ਹੜ੍ਹਾਂ ਕਾਰਨ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿੰਡ ਦੇ ਬਹੁਤ ਸਾਰੇ ਪਰਿਵਾਰਾਂ ਦੇ ਘਰ, ਪਸ਼ੂ ਅਤੇ ਰੋਜ਼ਮਰ੍ਹਾ ਦੀ ਵਰਤੋਂ ਵਾਲਾ ਸਮਾਨ ਹੜ੍ਹਾਂ ਦੀ ਭੇਟ ਚੜ੍ਹ ਗਏ ਹਨ। ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਅੱਜ ਲਾਲੜੂ ਤੋਂ ਦੋ ਕੈਂਟਰ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਟਰੱਕ ਪਸ਼ੂਆਂ ਲਈ ਫੀਡ ਤੇ ਦੂਜਾ ਚੋਕਰ ਨਾਲ ਭਰਿਆ ਹੋਇਆ ਸੀ । ਵਿਧਾਇਕ ਨੇ ਕਿਹਾ ਕਿ ਹੜ੍ਹਾਂ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਵੱਡਾ ਨੁਕਸਾਨ ਕੀਤਾ ਹੈ। ਇਸ ਵੇਲੇ ਸਾਰੇ ਲੋਕਾਂ, ਸੰਸਥਾਵਾਂ ਅਤੇ ਸਰਕਾਰ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਮੁੜ ਸਧਾਰਨ ਜ਼ਿੰਦਗੀ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਆੜਤੀ ਐਸੋਸੀਏਸ਼ਨ, ਟਰੱਕ ਯੂਨੀਅਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਰਾਹਤ ਸਮੱਗਰੀ ਨੂੰ ਇਕੱਠਾ ਕਰਨ ਅਤੇ ਪਹੁੰਚਾਉਣ ਵਿੱਚ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਨਾਲ ਪ੍ਰਭਾਵਿਤ ਭਰਾਵਾਂ ਦੀ ਮਦਦ ਲਈ ਅੱਗੇ ਆਉਣ। ਸ. ਰੰਧਾਵਾ ਨੇ ਕਿਹਾ ਕਿ ਇਸ ਵੇਲੇ ਸਾਨੂੰ ਇਕ ਦੂਜਾ ਦਾ ਸਾਥ ਦੇ ਕੇ ਇਨਸਾਨੀਅਤ ਦਾ ਫਰਜ਼ ਨਿਭਾਉਣਾ ਦਾ ਸਮਾਂ ਹੈ। ਰਾਹਤ ਸਮੱਗਰੀ ਦੀ ਰਵਾਨਗੀ ਦੌਰਾਨ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਜੀਵਨ ਰਾਣਾ, ਬਲਕਾਰ ਸਿੰਘ ਸਮੇਤ ਕਈ ਸਮਾਜ ਸੇਵੀ, ਪਾਰਟੀ ਅਹੁਦੇਦਾਰ ਅਤੇ ਸਥਾਨਕ ਵਾਸੀ ਵੀ ਮੌਜੂਦ ਸਨ।