ਲੁਧਿਆਣਾ ਦਿਹਾਤੀ ਪੁਲਿਸ ਨੇ ਕੀਤਾ ਫਲੈਗ ਮਾਰਚ
- ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ -ਐਸਐਸਪੀ ਗੁਪਤਾ
ਦੀਪਕ ਜੈਨ
ਜਗਰਾਉਂ 12 ਜੁਲਾਈ 2025 - ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਮੰਤਬ ਨੂੰ ਮੁੱਖ ਰੱਖਦਿਆਂ ਹੋਇਆਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਅੱਜ ਸ਼ਹਿਰ ਦੀਆਂ ਸੜਕਾਂ ਤੇ ਫਲੈਗ ਮਾਰਚ ਕੱਢਿਆ ਗਿਆ। ਦਿਹਾਤੀ ਪੁਲਿਸ ਵੱਲੋਂ ਅੱਜ ਦੇ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਖੁਦ ਸੜਕਾਂ ਤੇ ਉਤਰ ਕੇ ਕੀਤੀ ਗਈ। ਇਸ ਫਲੈਗ ਮਾਰਚ ਦੌਰਾਨ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਗੁਪਤਾ ਤੋਂ ਇਲਾਵਾ ਡੀਐਸਪੀ ਜਸਜੋਤ ਸਿੰਘ, ਵੱਖ ਵੱਖ ਥਾਣਿਆਂ ਦੇ ਥਾਣਾ ਮੁਖੀਆਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਜੂਦ ਰਹੇ।
ਮੀਡੀਆ ਦੇ ਰੂਬਰੂ ਹੁੰਦੇਆਂ ਐਸਐਸਪੀ ਗੁਪਤਾ ਨੇ ਕਿਹਾ ਕਿ ਪੁਲਿਸ ਵੱਲੋਂ ਫਲੈਗ ਮਾਰਚ ਕੱਢਣ ਦਾ ਮੁੱਖ ਉਦੇਸ਼ ਆਮ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚੋਂ ਮਾੜੇ ਅੰਸਰਾਂ ਦੇ ਡਰ ਨੂੰ ਖਤਮ ਕਰਨਾ ਅਤੇ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਹੈ ਕਿ ਲੁਧਿਆਣਾ ਦਿਹਾਤੀ ਪੁਲਿਸ ਉਹਨਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ। ਇਸ ਮੌਕੇ ਡੀਐਸਪੀ ਸਿਟੀ ਜੈਸ ਜੋਤ ਸਿੰਘ ਵੱਲੋਂ ਕਮਲ ਚੌਂਕ ਵਿਖੇ ਅਤੇ ਥਾਣਾ ਸਿਟੀ ਇਨਚਾਰਜ ਵਰਿੰਦਰਪਾਲ ਸਿੰਘ ਵੱਲੋਂ ਸਥਾਨਕ ਝਾਂਸੀ ਰਾਣੀ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਸੜਕ ਤੋਂ ਗੁਜਰਨ ਵਾਲੇ ਵਾਹਣਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਦਸਤਾਵੇਜਾਂ ਵਿੱਚ ਕਮੀ ਪੇਸ਼ੀ ਪਾਏ ਜਾਣ ਤੇ ਵਾਹਣਾ ਦੇ ਚਲਾਨ ਵੀ ਕੱਟੇ ਗਏ।