"ਨਵੀਆਂ ਕਲਮਾਂ ਨਵੀਂ ਉਡਾਣ" ਚਾਰ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਮੌਕੇ ਹਾਜ਼ਰ ਦੁਆਬੇ ਦੇ ਵਿਦਿਆਰਥੀ ਸਾਹਿਤਕਾਰਾਂ ਨੇ "ਰੂਹ" ਨਾਲ ਕੀਤਾ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ
* ਤੁਸੀਂ ਲਿਖਦੇ ਜਾਓ, ਮੈਂ ਪੁਸਤਕਾਂ ਛਾਪਦਾ ਜਾਵਾਂਗਾ- ਸੁੱਖੀ ਬਾਠ
* ਚੰਗੀਆਂ ਕਿਤਾਬਾਂ ਦਿਲਾਂ ਨੂੰ ਜੋੜਨ ਲਈ ਧਾਗੇ ਦਾ ਕੰਮ ਕਰਦੀਆਂ ਹਨ- ਪ੍ਰਿੰ. ਗੁਰਮੀਤ ਸਿੰਘ ਪਲਾਹੀ
ਫਗਵਾੜਾ, 12 ਜੁਲਾਈ 2025 - ਪੰਜਾਬੀ ਸਾਹਿਤ ਰਚਨਾ ਲਈ ਨਿੱਕੇ-ਨਿੱਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਦ੍ਰਿੜ ਇਰਾਦੇ ਅਤੇ ਨਿਰੰਤਰ ਯਤਨਾਂ ਦੀ ਪ੍ਰਤੀਕ ਬਣੀ ਪੁਸਤਕ ਲੜੀ "ਨਵੀਆਂ ਕਲਮਾਂ ਨਵੀਂ ਉਡਾਣ" ਅਧੀਨ ਸ਼ਹੀਦ ਭਗਤ ਸਿੰਘ ਨਗਰ, ਜਲੰਧਰ,ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਬਾਲ ਸਾਹਿਤਕਾਰਾਂ ਦੀਆਂ ਚਾਰ ਪੁਸਤਕਾਂ ਲੋਕ ਅਰਪਣ ਕਰਨ ਲਈ ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਵਿਖੇ ਇੱਕ ਵਿਸ਼ਾਲ ਲੋਕ ਅਰਪਣ ਸਮਾਰੋਹ ਅਤੇ ਕਵੀ ਦਰਬਾਰ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਸਮਾਰਥਕ ਸ. ਸੁੱਖੀ ਬਾਠ, ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ,ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ,ਭਾਸ਼ਾ ਖੋਜ ਅਫ਼ਸਰ, ਹੁਸ਼ਿਆਰਪੁਰ ਡਾ. ਜਸਵੰਤ ਰਾਏ,ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ, ਉੱਘੇ ਚਿੰਤਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਉੱਘੇ ਕਹਾਣੀਕਾਰ ਰਵਿੰਦਰ ਚੋਟ ਅਤੇ ਪ੍ਰਸਿੱਧ ਸਮਾਜ ਸੇਵਕ ਅਸ਼ੋਕ ਮਹਿਰਾ ਨੇ ਸ਼ਿਰਕਤ ਕੀਤੀ। ਸਮਾਰੋਹ ਮੌਕੇ "ਨਵੀਆਂ ਕਲਮਾਂ ਨਵੀਂ ਉਡਾਣ" ਭਾਗ -46,ਭਾਗ -35, ਭਾਗ -55 ਅਤੇ ਭਾਗ -52 ਜ਼ਿਲ੍ਹਾ ਸੁੱਖੀ ਬਾਠ ਅਤੇ ਓਂਕਾਰ ਸਿੰਘ ਤੇਜੇ ਵੱਲੋਂ ਲੋਕ ਅਰਪਿਤ ਕੀਤੀਆਂ ਗਈਆਂ। ਇਹ ਪੁਸਤਕਾਂ ਜ਼ਿਲ੍ਹਾ ਹੁਸ਼ਿਆਰਪੁਰ ,ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਜਲੰਧਰ ਵੱਲੋਂ ਕ੍ਰਮਵਾਰ ਮਾਸਟਰ ਨਿਤਿਨ ਕੁਮਾਰ ,ਜਸਵੀਰ ਚੰਦ,ਹਰਜਿੰਦਰ ਸਿੰਘ ਨਿਆਣਾ ਅਤੇ ਰਾਜੇਸ਼ ਕੁਮਾਰ ਭਗਤ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤੀਆਂ ਗਈਆਂ। ਇਸ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾਉਣ ਲਈ ਬਾਲ ਲੇਖਕਾਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਬਾਲ ਸਾਹਿਤਕਾਰਾਂ ਦੇ ਇਸ ਅਤਿ ਪ੍ਰਭਾਵਸ਼ਾਲੀ ਅਤੇ ਸਰਾਹੁਣਯੋਗ ਕਵੀ ਦਰਬਾਰ ਵਿੱਚ 100 ਤੋਂ ਵੱਧ ਨਿੱਕੇ-ਨਿੱਕੇ ਸਾਹਿਤਕਾਰਾਂ ਨੇ ਆਪਣੀਆਂ ਮਾਸੂਮ ਕਵਿਤਾਵਾਂ ਰਾਹੀਂ ਅਜਿਹੇ ਅਹਿਸਾਸਾਂ ਨੂੰ ਲਫ਼ਜ਼ ਦਿੱਤੇ, ਜਿਹੜੇ ਮਾਪਿਆਂ,ਭੈਣ-ਭਰਾ,ਦਾਦਾ - ਦਾਦੀ ਆਦਿ ਰਿਸ਼ਤਿਆਂ ਦੇ ਨਿੱਘ - ਪਿਆਰ, ਕੁਦਰਤ, ਜ਼ਿੰਦਗੀ, ਵਾਤਾਵਰਨ, ਪਾਣੀ ਸੰਕਟ, ਭਰੂਣ ਹੱਤਿਆ,ਰੁੱਖਾਂ ਦੀ ਸੰਭਾਲ਼ ,ਧੀਆਂ ਦੇ ਸਤਿਕਾਰ, ਨਾਰੀ ਸ਼ਕਤੀ,ਨਸ਼ਿਆਂ ਦੇ ਕੋੜ੍ਹ , ਦੇਸ਼ ਭਗਤਾਂ ਦੇ ਬਲੀਦਾਨ, ਪਰਦੇਸ ਵੱਸਦੇ ਪੰਜਾਬੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਦਰਦ,ਔਰਤ ਦੀ ਬੇਵਸੀ, ਭ੍ਰਿਸ਼ਟਾਚਾਰ, ਮੌਜੂਦਾ ਸਿਸਟਮ ਦੀ ਨਾਕਾਮੀ,ਮਾਂ ਬੋਲੀ, ਵਿਰਸੇ ਵਰਗੇ ਸਮਾਜਿਕ ਤੇ ਜ਼ਿੰਦਗੀ ਦੇ ਹਰੇਕ ਪੱਖ ਨੂੰ ਛੂਹਦੇ ਸਨ। ਉਹਨਾਂ ਦੀ ਰਚਨਾਤਮਕ ਪੇਸ਼ਕਾਰੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਚਾਰ ਘੰਟੇ ਤੱਕ ਦਰਸ਼ਕ ਸ਼ਾਤ ,ਅਡੋਲ ਉਹਨਾਂ ਦੀਆਂ ਬਾਤਾਂ, ਲਫ਼ਜ਼ਾਂ ਅਤੇ ਅਹਿਸਾਸਾਂ ਵਿਚ ਮੰਤਰ ਮੁਗਧ ਹੋ ਬੈਠੇ ਰਹੇ । ਇਸ ਸਮਾਰੋਹ ਵਿੱਚ ਨਿੱਕੀਆਂ ਤੇ ਨਵੀਆਂ ਬਾਲ ਕਲਮਾਂ, ਇੱਕ ਸੰਵੇਦਨਸ਼ੀਲ ਤੇ ਜਾਗਰੂਕ ਲਹਿਰ ਬਣ ਕੇ ਉਭਰੀਆਂ। ਸਮਾਗਮ ਵਿੱਚ ਸੈਂਕੜੇ ਤੋਂ ਵੱਧ ਬਾਲ ਸਾਹਿਤਕਾਰਾਂ ਸਮੇਤ ਬੱਚਿਆਂ ਦੇ ਅਧਿਆਪਕ ਸਾਹਿਬਾਨ ਅਤੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ। ਬੱਚਿਆਂ ਦੀਆਂ ਸ਼ਾਨਦਾਰ ਲਿਖਤਾਂ ਅਤੇ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਸੁੱਖੀ ਬਾਠ ਨੇ ਭਾਵੁਕ ਹੋ ਕੇ ਵਾਅਦਾ ਕਰਦਿਆਂ ਕਿਹਾ,
"ਤੁਸੀਂ ਲਿਖਦੇ ਜਾਓ, ਮੈਂ ਪੁਸਤਕਾਂ ਛਾਪਦਾ ਜਾਵਾਂਗਾ।"ਉਹਨਾਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ ਲਈ ਮੋਹ ਪੈਦਾ ਕਰਨਾ, ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਅਤੇ ਭਵਿੱਖ ਵਿੱਚ ਅੰਮ੍ਰਿਤਾ ਪ੍ਰੀਤਮ ਤੇ ਸੰਤ ਸਿੰਘ ਸੇਖੋਂ ਵਰਗੇ ਸਾਹਿਤਕਾਰ ਪੈਦਾ ਕਰਨਾ ਹੈ।
ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ ਪ੍ਰਸਿੱਧ ਲੇਖਕ, ਕਾਲਮਨਵੀਸ, ਪੱਤਰਕਾਰ ਅਤੇ ਸਮਾਜ ਸੇਵਕ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਕਿਤਾਬਾਂ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ, ਕਿਤਾਬਾਂ ਦੀ ਸੰਗਤ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ। ਉਹਨਾਂ ਨੂੰ ਕਿਤਾਬਾਂ ਅਰਧ ਜੀਵਤ ਪ੍ਰਾਣੀਆਂ ਵਾਂਗ ਜਾਪਦੀਆਂ ਹਨ। ਚੰਗੀਆਂ ਕਿਤਾਬਾਂ ਦਿਲਾਂ ਨੂੰ ਜੋੜਨ ਲਈ ਧਾਗੇ ਦਾ ਕੰਮ ਕਰਦੀਆਂ ਹਨ। ਸੁੱਖੀ ਬਾਠ ਨੇ ਨਿੱਕੇ-ਨਿੱਕੇ ਬੱਚਿਆਂ ਨੂੰ ਸਾਹਿਤ ਨਾਲ ਜੋੜ ਕੇ ਬਾਲ ਸਾਹਿਤਕਾਰਾਂ ਦੇ ਬਾਬਾ ਬੋਹੜ ਦਾ ਦਰਜਾ ਹਾਸਲ ਕਰ ਲਿਆ ਹੈ।
ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ ਨੇ ਦੱਸਿਆ ਕਿ ਇਹ ਉਪਰਾਲਾ ਸਿਰਫ਼ ਪੰਜਾਬ ਵਿੱਚ ਹੀ ਨਹੀਂ,ਰਾਜਸਥਾਨ ,ਮੁੰਬਈ ਤੇ ਹੋਰ ਕਈ ਪ੍ਰਾਂਤਾਂ ਤੋਂ ਇਲਾਵਾ, ਪਾਕਿਸਤਾਨ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿਦੇਸ਼ਾਂ ਵਿੱਚ ਵੀ ਸਫ਼ਲਤਾਪੂਰਕ ਚੱਲ ਰਿਹਾ ਹੈ। ਸ਼੍ਰੋਮਣੀ ਬਾਲ ਸਾਹਿਤ ਲੇਖਕ" ਬਲਜਿੰਦਰ ਮਾਨ ਨੇ ਕਿਹਾ ਕਿ ਸਿਰਜਣਾ ਤੋਂ ਪਹਿਲਾਂ ਪੜ੍ਹਨ ਦੀ ਆਦਤ ਹੀ ਵਿਦਿਆਰਥੀ ਨੂੰ ਅਸਲ ਲੇਖਕ ਬਣਾਉਂਦੀ ਹੈ।ਉੱਘੇ ਸਮਾਜ ਸੇਵਕ ਅਸ਼ੋਕ ਮਹਿਰਾ ਨੇ ਹਾਜ਼ਰੀਨ ਨੂੰ ਖੂਨਦਾਨ ,ਅੰਗ ਦਾਨ ਅਤੇ ਸਰੀਰ ਦਾਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਰੀਰ, ਅੰਗ ਅਤੇ ਖੂਨ ਦਾਨ ਨਾਲ ਮਨੁੱਖ ਮਰਨ ਤੋਂ ਬਾਅਦ ਵੀ ਜਿਊਂਦਾ ਰਹਿ ਸਕਦਾ ਹੈ।
ਉਪਰੋਕਤ ਤੋਂ ਇਲਾਵਾ ਡਾ. ਜਸਵੰਤ ਰਾਏ, ਅਜੇ ਕੁਮਾਰ ਖਟਕੜ, ਮਾਸਟਰ ਨਿਤਿਨ ਸੁਮਨ, ਕੇਵਲ ਰਾਮ, ਰਾਮ ਤੀਰਥ ਪਰਮਾਰ,ਵੀਨਾ ਅਰੋੜਾ, ਪ੍ਰਦੀਪ ਸਿੰਘ ਮੌਜੀ, ਕੇਵਲ ਕੌਰ, ਸੱਤ ਪ੍ਰਕਾਸ਼, ਸਾਹਿਬਾ ਜੀਟਨ ਕੌਰ, ਹਰਜਿੰਦਰ ਨਿਆਣਾ, ਜਸਵੀਰ ਚੰਦ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ।ਇਸ ਉਪਰੰਤ ਪੰਜਾਬ ਭਵਨ ਵੱਲੋਂ ਮੁੱਖ ਸੰਪਾਦਕ ਸਹਿਬਾਨ ਤੋਂ ਇਲਾਵਾ ਸਾਹਿਤ ਸਿਰਜਣਾ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਡਲ, ਸਰਟੀਫ਼ਿਕੇਟ ਅਤੇ ਪੁਸਤਕਾਂ ਨਾਲ ਨਵਾਜ਼ਿਆ ਗਿਆ। ਬਾਲ ਸਾਹਿਤਕਾਰਾਂ ਵੱਲੋਂ ਵੀ ਸੁੱਖੀ ਬਾਠ ,ਉਂਕਾਰ ਸਿੰਘ ਤੇਜੇ, ਬਲਜਿੰਦਰ ਮਾਨ, ਡਾ. ਜਸਵੰਤ ਰਾਏ, ਪ੍ਰਿੰ.ਗੁਰਮੀਤ ਸਿੰਘ ਪਲਾਹੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹਾਜ਼ਰੀਨ ਲਈ ਪ੍ਰੀਤੀ ਭੋਜਨ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ । ਸਾਰੇ ਜ਼ਿਲ੍ਹਿਆਂ ਦੇ ਸਪੋਕਸ ਪਰਸਨ ਵੱਲੋਂ ਮੰਚ ਸੰਚਾਲਨ ਬਾਖ਼ੂਬੀ ਕੀਤਾ ਗਿਆ। ਬਾਲ ਸਾਹਿਤਕਾਰਾਂ ਦਾ ਇਸ ਸਮਾਗਮ ਯਾਦਗਾਰ ਹੋ ਨਿਬੜਿਆ।