ਸਾਬਕਾ MP ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਕੀਤੀ ਨਿਤਿਨ ਗਡਕਾਰੀ ਨਾਲ ਮੁਲਾਕਾਤ
- ਪਟਿਆਲਾ-ਪਿਹੋਵਾ-ਕੁਰਕਸ਼ੇਤਰ ਰੋਡ ਨੂੰ ਰਾਸ਼ਟਰੀ ਚਾਰ ਮਾਰਗੀ ਅਤੇ ਪਟਿਆਲਾ-ਪਾਤੜਾਂ ਰੋਡ ਨੂੰ ਚੌੜਾ ਕਰਨ ਸਬੰਧੀ ਸੌਪਿਆ ਗਿਆ ਮੰਗ ਪੱਤਰ।
ਨਵੀਂ ਦਿੱਲੀ / ਪਟਿਆਲਾ, 17 ਮਈ 2025: ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਸਮੇਤ, ਅੱਜ ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ, ਸ੍ਰੀ ਨਿਤਿਨ ਗਡਕਾਰੀ ਨੂੰ ਮਿਲੇ, ਤਾਂ ਜੋ ਪਟਿਆਲਾ ਖੇਤਰ ਵਿੱਚ ਮੁੱਖ ਸੜਕਾਂ ਦਾ ਤੁਰੰਤ ਨਵੀਨੀਕਰਨ ਕੀਤਾ ਜਾਵੇ ਅਤੇ ਪਟਿਆਲਾ-ਪਿਹੋਵਾ ਰੋਡ ਨੂੰ ਚਾਰ ਮਾਰਗੀ ਨੈਸ਼ਨਲ ਹਾਈਵੇ ਦਾ ਦਰਜਾ ਦਿੱਤਾ ਜਾਵੇ ਅਤੇ ਪਟਿਆਲਾ-ਪਾਤੜਾਂ ਰੋਡ ਨੂੰ ਚੌੜਾ ਕੀਤਾ ਜਾਵੇ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੋਹਾਂ ਸੜਕਾਂ ਦੀ ਰਣਨੀਤਕ ਅਤੇ ਆਰਥਿਕ ਮਹੱਤਵਤਾ 'ਤੇ ਜੋਰ ਦਿੰਦੇ ਕਿਹਾ ਕਿ "ਪਟਿਆਲਾ-ਪਿਹੋਵਾ-ਕੁਰਕਸ਼ੇਤਰ ਸੜਕ ਇੱਕ ਮੁੱਖ ਆਰਥਿਕ ਅਤੇ ਯਾਤਰਾ ਲਈ ਪੁਰਾਣਾ ਮਾਰਗ ਹੈ ਜੋ ਪੰਜਾਬ ਨੂੰ ਹਰਿਆਣਾ ਅਤੇ ਬਾਕੀ ਪਿੰਡਾਂ ਨਾਲ ਜੋੜਦਾ ਹੈ। ਇਸਨੂੰ ਰਾਸ਼ਟਰੀ ਮਾਰਗ ਬਣਾਉਣਾ ਵਾਹਨ ਦੇ ਆਵਾਜਾਈ ਲਈ ਹੋਰ ਸੁਖਾਲਾ ਬਣਾਏਗਾ ਅਤੇ ਸਥਾਨਕ ਵਪਾਰ ਨੂੰ ਵਧਾਏਗਾ।"
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਟਿਆਲਾ ਖੇਤਰ ਦੇ ਪਟਿਆਲਾ-ਪਾਤੜਾਂ ਰੋਡ ਨੂੰ ਚੌੜਾ ਕੀਤਾ ਜਾਵੇ, ਤਾਂ ਜੋ ਦਿਨ ਪ੍ਰਤੀ ਦਿਨ ਵੱਧ ਰਹੇ ਸੜਕੀ ਹਾਦਸਿਆ ਨੂੰ ਰੋਕਿਆ ਜਾ ਸਕੇ।
ਨੱਸੂਪੁਰ ਪਿੰਡ ਦੇ ਨੇੜੇ ਪਟਿਆਲਾ-ਸਮਾਣਾ ਸੜਕ 'ਤੇ ਹਾਲ ਹੀ ਵਿੱਚ ਹੋਏ ਭਿਆਣਕ ਸੜਕ ਦੁਰਘਟਨਾ ਦਾ ਹਵਾਲਾ ਦਿੰਦਿਆਂ, ਜਿੱਥੇ ਇੱਕ ਰੇਤ ਨਾਲ ਭਰੇ ਟਰੱਕ ਨਾਲ ਟੱਕਰ ਹੋਣ ਕਾਰਨ ਛੇ ਸਕੂਲ ਬੱਚਿਆਂ ਅਤੇ ਇੱਕ ਡਰਾਈਵਰ ਦੀ ਮੌਤ ਹੋਈ ਸੀ, ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਘਟਨਾ ਸਮੂਹ ਪਟਿਆਲਾ ਵਾਸੀਆਂ ਲਈ ਸਚੇਤਨਤਾ ਭਰਾਉਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸੜਕ ਸੁਰੱਖਿਆ ਅਤੇ ਢਾਂਚਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਗੱਲ ਦੀ ਵੀ ਚਰਚਾ ਕੀਤੀ ਕਿ ਉਹ ਪਹਿਲਾਂ ਹੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਇਸ ਮਾਮਲੇ ਉੱਪਰ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੜਕਾਂ ਦੇ ਵਿਕਾਸ ਲਈ ਲੋੜੀਂਦੀ ਜੰਗਲੀ ਜ਼ਮੀਨ ਦੀ ਪਹਿਚਾਣ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਪਟਿਆਲਾ-ਪਾਤੜਾਂ ਰਾਹ 'ਤੇ ਵਿਦਿਊਤ ਕਾਲਮਾਂ ਦੇ ਮੁੜ ਸਥਾਪਨ ਲਈ ਇੱਕ ਖਾਸ ਬਜਟ ਦਾ ਪ੍ਰਸਤਾਵ ਪਾਸ ਹੋ ਗਿਆ ਸੀ।
ਜੈ ਇੰਦਰ ਕੌਰ ਨੇ ਦੱਸਿਆ ਕਿ ਯਾਤਰੀਆਂ, ਖਾਸ ਕਰਕੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਹੁਣ ਹੋਰ ਖਤਰਾ ਨਹੀਂ ਦਿੱਤਾ ਜਾ ਸਕਦਾ ਅਤੇ ਤੁਰੰਤ ਲੋੜੀਦਾ ਕਦਮ ਚੱਕੇ ਜਾਣ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿੱਚ ਆਵਾਜਾਈ ਵੱਧ ਰਹੀ ਹੈ, ਇਸ ਲਈ ਇਹ ਸੜਕਾਂ ਚੌੜੀਆਂ ਕਰਨੀਆ ਚਾਹੀਦੀਆਂ ਹਨ ਤਾਂ ਭਿਆਨਕ ਸੜਕ ਹਾਦਸਿਆਂ ਬਚਿਆ ਜਾ ਸਕੇ।
ਪ੍ਰਨੀਤ ਕੌਰ ਨੇ ਪਟਿਆਲਾ ਵਿੱਚ ਉੱਤਰੀ ਬਾਈਪਾਸ ਪ੍ਰੋਜੈਕਟ 'ਤੇ ਚੱਲ ਰਹੇ ਕੰਮ ਲਈ ਸ਼੍ਰੀ ਨਿਤਿਨ ਗਡਕਰੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਦੀ ਅਪੀਲ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸ਼ਹਿਰ ਵਿੱਚ ਟ੍ਰੈਫਿਕ ਭੀੜ ਨੂੰ ਕਾਫ਼ੀ ਹੱਦ ਤੱਕ ਘੱਟ ਕਰੇਗਾ ਅਤੇ ਭਾਰੀ ਵਾਹਨਾਂ ਲਈ ਇੱਕ ਸੁਚਾਰੂ ਆਵਾਜਾਈ ਰਸਤਾ ਪ੍ਰਦਾਨ ਕਰੇਗਾ, ਜਿਸ ਨਾਲ ਰੋਜ਼ਾਨਾ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਲਾਭ ਹੋਵੇਗਾ।
ਸ੍ਰੀ ਨਿਤਿਨ ਗਡਕਾਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਭਰੋਸਾ ਦਿੱਤਾ ਕਿ ਦੋਹਾਂ ਪ੍ਰਸਤਾਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਵਿੱਚ ਪਹਿਲਾਂ ਹੀ ਕੀਤੀ ਗਈ ਤਿਆਰੀ ਦੀ ਸਰਾਹਨਾ ਕੀਤੀ ਅਤੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਕਮੇਟੀ ਇਸ ਸਮੱਸਿਆ ਨੂੰ ਜਲਦ ਹੱਲ ਕਰੇਗੀ।
ਅੰਤ ਵਿੱਚ ਸ੍ਰੀਮਤੀ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਸ੍ਰੀ ਗਡਕਾਰੀ ਦਾ ਧੰਨਵਾਦ ਕੀਤਾ ਕਿਉਂਕਿ ਉਹ ਹਮੇਸ਼ਾ ਹੀ ਪੰਜਾਬ ਵਿੱਚ ਸੜਕੀ ਢਾਂਚਾ ਬਨਾਉਣ ਲਈ ਆਪਣੀ ਦ੍ਰਿੜ ਨੀਤੀਆਂ ਤੇ ਕਾਇਮ ਰਹੇ ਹਨ।