ਸਮੇਂ-ਸਮੇਂ ਸਿਰ ਸਿਹਤ ਜਾਂਚ ਜ਼ਰੂਰੀ- ਡਾ. ਪ੍ਰੇਮ ਕੁਮਾਰ
ਰੋਜ਼ਾਨਾ ਕਸਰਤ ਅਤੇ ਯੋਗ ਨਾਲ ਹਾਈਪਰਟੈਨਸ਼ਨ ਤੋਂ ਬਚਿਆ ਜਾ ਸਕਦਾ ਹੈ- ਡਾ. ਪ੍ਰੇਮ ਕੁਮਾਰ
ਬੀ.ਪੀ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ- ਡਾ. ਪ੍ਰੇਮ ਕੁਮਾਰ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 17-ਮਈ -2025 ਸਿਵਲ ਸਰਜਨ ਕਪੂਰਥਲਾ ਡਾ. ਰਜੀਵ ਪ੍ਰਾਸ਼ਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਢਿੱਲਵਾਂ ਅਧੀਨ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਸੀ.ਐਚ.ਓ ਅਤੇ ਏ.ਐਨ.ਐਮ ਵੱਲੋਂ “ਵਿਸ਼ਵ ਹਾਈਪਰਟੈਨਸ਼ਨ ਦਿਵਸ” ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ “ਵਿਸ਼ਵ ਹਾਈਪਰਟੈਨਸ਼ਨ ਦਿਵਸ” ਮੌਕੇ ਸੀ.ਐਚ.ਓ ਵੱਲੋਂ ਸਿਹਤ ਕੇਂਦਰਾਂ ਵਿੱਚ ਆਏ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਹਾਈਪਰਟੈਨਸ਼ਨ ਦੇ ਲੱਛਣਾਂ ਅਤੇ ਰੋਕਥਾਮ ਸੰਬੰਧੀ ਵਿਸਥਾਰ ਨਾਲ ਜਾਗੂਰਕ ਕੀਤਾ ਗਿਆ।
ਇਸ ਸੰਬਧੀ ਹੋਰ ਜਾਣਕਾਰੀ ਦਿੰਦੀਆਂ ਐਸ.ਐਮ.ਓ. ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਜ਼ਿੰਦਗੀ ‘ਚ ਤਣਾਅ ਇੱਕ ਆਮ ਗੱਲ ਹੈ। ਉਹ ਤਣਾਅ ਭਾਵੇਂ ਕੰਮ-ਕਾਜ ਦਾ ਹੋਵੇ, ਘਰੇਲੂ ਜ਼ਿੰਮੇਵਾਰੀਆਂ ਦਾ, ਵਿੱਤੀ ਤਣਾਅ ਆਦਿ ਹਰ ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਤਣਾਅ ਜਰੂਰ ਹੁੰਦਾ ਹੈ। ਲੋਕ ਅਕਸਰ ਇਸਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਵੀ ਕਰ ਦਿੰਦੇ ਹਨ ਜੋ ਕਿ ਸਾਡੀ ਸਿਹਤ ਲਈ ਭਵਿੱਖ ਵਿੱਚ ਬਹੁਤ ਖ਼ਤਰਨਾਕ ਸਬਿਤ ਹੋ ਸਕਦਾ ਹੈ। ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਜੋ ਕਿ ਦਿਲ, ਗੁਰਦੇ ਅਤੇ ਸਟ੍ਰੋਕ ਆਦਿ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਐਸ.ਐਮ.ਓ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਯਾਨੀ ਹਾਈਪਰਟੈਨਸ਼ਨ ਲਈ ਜਗਰੂਕਤਾ ਫੈਲਾਉਣ ਦੇ ਮਕਸਦ ਨਾਲ ਹਰ ਵਰ੍ਹੇ 17 ਮਈ ਨੂੰ “ਵਿਸ਼ਵ ਹਾਈਪਰਟੈਨਸ਼ਨ ਦਿਵਸ” ਮਨਾਇਆ ਜਾਂਦਾ ਹੈ।
ਇਸ ਵਾਰ ਵਿਸ਼ਵ ਹਾਈਪਰਟੈਨਸ਼ਨ ਦੀ ਥੀਮ 'ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸਨੂੰ ਕੰਟਰੋਲ ਕਰੋ, ਅਤੇ ਲੰਬੀ ਉਮਰ ਜੀਓ' ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ-ਸਮੇਂ ‘ਤੇ ਉਹ ਆਪਣਾ ਬਲੱਡ ਪ੍ਰੈਸ਼ਰ ਨਜਦੀਕੀ ਸਿਹਤ ਕੇਂਦਰ ਤੋਂ ਜਾਂਚ ਜਰੂਰ ਕਰਵਾਉਂਦੇ ਰਹਿਣ ਤਾਂ ਜੋ ਜੇਕਰ ਬੀ.ਪੀ ਦੀ ਸਮੱਸਿਆ ਆਉਂਦੀ ਹੈ ਤਾਂ ਸਮੇਂ ਰਹਿੰਦੇ ਨਿਜਾਤ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤਮੰਦ ਖੁਰਾਕ ਜਿਸ ਵਿੱਚ ਲੂਣ ਦੀ ਮਾਤਰਾ ਘੱਟ ਹੋਵੇ, ਸਿਗਰਟਨੋਸ਼ੀ, ਸ਼ਰਾਬ ਦੇ ਸੇਵਨ ਤੋਂ ਪ੍ਰਹੇਜ਼, ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼, ਨਿਯਮਤ ਸਰੀਰਕ ਗਤੀਵਿਧੀ ਕਰਨ ਨਾਲ ਇਸ ਤੋਂ ਬਚਿਆਂ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਕਸਰਤ ਅਤੇ ਯੋਗ ਅਭਿਆਸ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਬੀ.ਈ.ਈ. ਮੋਨਿਕਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 17 ਮਈ ਤੋਂ 17 ਜੂਨ ਤੱਕ ਹਾਈਪਰਟੈਨਸ਼ਨ ਮਹੀਨਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਹਤ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰ ਆਮ ਲੋਕਾਂ ਨੂੰ ਹਾਈਪਰਟੈਨਸ਼ਨ ਦੇ ਖ਼ਤਰਿਆਂ, ਲੱਛਣਾਂ, ਰੋਕਥਾਮ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾਵੇਗਾ।