ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਾਰਦਾਤ ਦੀ ਤਿਆਰੀ ਵਿੱਚ ਨਜਾਇਜ਼ ਅਸਲੇ ਸਮੇਤ 2 ਗ੍ਰਿਫ਼ਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 15ਮਈ 2025: ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ SSP ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਅਧਾਰ 'ਤੇ ਚਲਾਈ ਗਈ ਕਾਰਵਾਈ ਦੌਰਾਨ ਪਿੰਡ ਆਧਣੀਆਂ (ਥਾਣਾ ਲੰਬੀ) ਨੇੜੇ ਨਜਾਇਜ਼ ਹਥਿਆਰਾਂ ਸਮੇਤ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਇਹ ਓਪਰੇਸ਼ਨ SP (D) ਅਤੇ DSP (D) ਦੀ ਸਿੱਧੀ ਨਿਗਰਾਨੀ ਹੇਠ ਕੀਤਾ ਗਿਆ। ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਦੋਸ਼ੀ 13 ਮਈ ਨੂੰ ਥਾਣਾ ਸਿਟੀ ਮਲੋਟ ਦੀ ਹਦ ਵਿੱਚ ਹੋਈ ਦੋ ਪਾਰਟੀਆਂ ਵਿਚਾਲੇ ਲੜਾਈ ਵਿੱਚ ਸ਼ਾਮਲ ਸਨ, ਜਿਸ ਦੌਰਾਨ ਇਨ੍ਹਾਂ ਵਲੋਂ ਗੋਲੀਬਾਰੀ ਵੀ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਪਿਸਤੌਲ 32 ਬੋਰ, ਇੱਕ ਦੇਸੀ ਕੱਟਾ ਅਤੇ ਇੱਕ ਕਾਰ ਬਰਾਮਦ ਕੀਤੀ ਹੈ।।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਥਿਆਰ ਵੀ ਇਸੇ ਘਟਨਾ ਵਿੱਚ ਵਰਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਪਹਿਲਾਂ ਹੀ FIR ਨੰ: 75 ਮਿਤੀ 15.05.2024 ਤਹਿਤ ਧਾਰਾਵਾਂ 333, 324(4), 351(2), 191(3), 190 BNS ਅਤੇ 25, 27/54/59 Arms Act ਅਧੀਨ ਥਾਣਾ ਸਿਟੀ ਮਲੋਟ ਵਿੱਚ ਦਰਜ ਕੀਤੀ ਗਈ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਸੰਭਾਵਿਤ ਤੌਰ 'ਤੇ ਵਾਰਦਾਤ ਨੂੰ ਰੋਕ ਲਿਆ ਗਿਆ ਹੈ ਜੋ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਖੇਤਰ ਵਿੱਚ ਕੀਤੀ ਜਾਣੀ ਸੀ। ਮੁਲਜ਼ਮਾਂ ਦੀ ਪਛਾਣ ਰਾਜਨਬੀਰ ਸਿੰਘ ਪੁੱਤਰ ਗੁਰਮੀਤ ਸਿੰਘ, ਨਿਵਾਸੀ ਫਤਿਹਪੁਰ ਮਣੀਆਵਾਲਾ, ਥਾਣਾ ਲੰਬੀ ਅਤੇ ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਦਲਬੀਰ ਸਿੰਘ, ਨਿਵਾਸੀ ਕੱਖਾਂਵਾਲੀ, ਥਾਣਾ ਕਿਲਿਆਂਵਾਲੀ ਵਜੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦਾ ਪਹਿਲਾਂ ਅਪਰਾਧਿਕ ਰਿਕਾਰਡ ਵੀ ਹੈ ਅਤੇ ਉਹਨਾਂ ਖਿਲਾਫ ਕੇਸ ਦਰਜ ਹਨ।