16 ਮਈ ਤੋਂ ਪਿੰਡਾਂ ਵਿੱਚ ਸ਼ੁਰੂ ਹੋਵੇਗੀ ਨਸ਼ਾ ਮੁਕਤੀ ਯਾਤਰਾ
ਪਿੰਡਾਂ ਵਿੱਚ ਹੋਣਗੀਆਂ ਗ੍ਰਾਮ ਸਭਾਵਾਂ-ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ਾ ਛੁਡਾਊ ਕੇਂਦਰਾਂ ਤੇ ਪੀੜਤਾਂ ਦੇ ਪੁਨਰਵਾਸ ਪ੍ਰਤੀ ਕੀਤਾ ਜਾਵੇਗਾ ਜਾਗਰੂਕ
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 15 ਮਈ 2025
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁਕਤ ਕਰਨ ਅਤੇ ਨਸ਼ੇ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਤੱਕ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ 16 ਮਈ ਤੋਂ ਕਪੂਰਥਲਾ ਦੇ ਪਿੰਡਾਂ ਵਿੱਚ ਲੜੀਵਾਰ ਸਭਾਵਾਂ ਬੁਲਾ ਕੇ ਜਾਗਰੂਕਤਾ ਸਮਾਗਮ ਕੀਤੇ ਜਾਣਗੇ।
ਪਹਿਲੇ ਦਿਨ ਜ਼ਿਲ੍ਹੇ ਵਿੱਚ 10 ਪਿੰਡਾਂ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਸਮਾਗਮ ਹੋਣਗੇ । ਇਨ੍ਹਾਂ ਵਿੱਚ ਆਲਮਗੀਰ , ਬਣਵਾਲੀਪੁਰ , ਕਾਲਾ ਸੰਘਿਆ, ਲਾਟੀਆਂਵਾਲ , ਭੌਰ, ਹੈਬਤਪੁਰ , ਬੁਤਾਲਾ, ਅਮਰੀਕ ਨਗਰੀ , ਭੁੱਲਾਰਾਈ ਤੇ ਬੀੜ ਪੁਆਧ ਸ਼ਾਮਿਲ ਹਨ ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਨਸ਼ਾ ਮੁਕਤੀ ਮੋਰਚਾ ਸਬੰਧੀ ਜਿਲ੍ਹਾ ਤੇ ਹਲਕਾ ਕੁਆਰਡੀਨੇਟਰਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਲਹਿਰ ਹਰ ਪਿੰਡ ਪਿੰਡ ਜਾਵੇਗੀ ।
ਨਸ਼ਾ ਮੁਕਤੀ ਯਾਤਰਾ ਤਹਿਤ ਹਰੇਕ ਪਿੰਡ ਵਿੱਚ ਗ੍ਰਾਮ ਸਭਾ ਬੁਲਾ ਕੇ ਅਤੇ ਜਿਲ੍ਹਾ ਸੁਰੱਖਿਆ ਕੇ ਅਤੇ ਜਿਲ੍ਹਾ ਸੁਰੱਖਿਆ ਕਮੇਟੀਆਂ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਤੇਸਿਹਤ ਵਿਭਾਗ, ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਹਿਰਾਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਇਸ ਲੋਕ ਲਹਿਰ ਵਿੱਚ ਉਨ੍ਹਾਂ ਨੂੰ ਸੰਪੂਰਨ ਤੌਰ ਤੇ ਭਾਗੀਦਾਰ ਬਣਾਇਆ ਜਾਵੇਗਾ।
ਇਸ ਸਬੰਧੀ ਹਰੇਕ ਹਲਕੇ ਦੇ ਤਿੰਨਾਂ ਪਿੰਡ ਵਿੱਚ ਰੋਜਾਨਾ ਜਾਗਰੂਕਤਾ ਸਮਾਗਮ ਕੀਤੇ ਜਾਣਗੇ। ਇਸ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦੌਰਾਨ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਸਮੱਗਰੀ ਵੀ ਵੰਡੀ ਜਾਵੇਗੀ।
ਇਨ੍ਹਾਂ ਜਾਗਰੂਕਤਾ ਸਮਾਗਮਾਂ ਦਾ ਉਦੇਸ਼ ਨਸ਼ਾ ਪੀੜਤਾਂ ਨੂੰ ਨਸ਼ਿਆਂ ਦੀ ਚੁੰਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਸਹੀ ਇਲਾਜ, ਕਾਊਂਸਲਿੰਗ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਕਿੱਤਾਮੁੱਖੀ ਸਿਖਲਾਈ ਦੇਣਾ ਵੀ ਹੈ।
ਸ੍ਰੀ ਪੰਚਾਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਨਸ਼ਾ ਮੁਕਤੀ ਯਾਤਰਾ ਵਿੱਚ ਹਿੱਸੇਦਾਰ ਬਣਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ।