ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਜੰਗਜੂ ਤਾਕਤਾਂ ਖਿਲਾਫ ਅਤੇ ਸ਼ਾਂਤੀ ਦੇ ਹੱਕ ਵਿੱਚ ਅਮਨ ਮਾਰਚ
ਅਸ਼ੋਕ ਵਰਮਾ
ਬਠਿੰਡਾ, 15 ਮਈ 2025: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਜਿਲਾ ਬਠਿੰਡਾ ਦੀਆਂ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ- ਪਾਕਿਸਤਾਨ ਜੰਗ ਦੇ ਵਿਰੋਧ ਵਿੱਚ ਸਰਬੱਤ ਦੇ ਭਲੇ ਅਤੇ ਸ਼ਾਂਤੀ ਲਈ ਜੰਗ ਬੰਦ ਕਰਨ ਵਾਸਤੇ ਅਤੇ ਦੋਵਾਂ ਦੇਸ਼ਾਂ ਦੇ ਹਾਕਮਾਂ ਤੇ ਉਹਨਾਂ ਦੇ ਪਿੱਛੇ ਕੰਮ ਕਰਦੀਆਂ ਮਹਾਂ ਸ਼ਕਤੀਆਂ ਦੇ ਮਨਸੂਬੇ ਬੇਨਕਾਬ ਕਰਨ ਲਈ ਅੱਜ ਅਮਨ ਸ਼ਾਂਤੀ ਮਾਰਚ ਕੀਤਾ ਗਿਆ। ਇਹ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਕਰਕੇ ਮਾਲ ਰੋਡ ਬਠਿੰਡਾ ਤੱਕ ਕੀਤਾ ਗਿਆ। ਮਾਰਚ ਤੋਂ ਪਹਿਲਾਂ ਜਥੇਬੰਦੀਆਂ ਦੇ ਸਾਂਝੇ ਇਕੱਠ ਨੂੰ ਬੀਕੇਯੂ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ,ਬੀ ਕੇ ਯੂ ਡਕੌਂਦਾ (ਬੁਰਜ ਗਿੱਲ) ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀ ਕੇ ਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ( ਧਨੇਰ )ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਕਨਵੀਨਰ ਸਵਰਨ ਸਿੰਘ ਪੂਹਲੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਕਦੇ ਵੀ ਜੰਗ ਨਹੀਂ ਚਾਹੁੰਦੀ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਇਹ ਤਾਂ ਖੁਦ ਇੱਕ ਮਸਲਾ ਹੈ। ਜੰਗ ਵਿੱਚ ਦੋਵਾਂ ਹੀ ਦੇਸ਼ਾਂ ਦਾ ਆਰਥਿਕ ਤੇ ਜਾਨੀ-ਮਾਲੀ ਨੁਕਸਾਨ ਹੋਣਾ ਹੈ। ਇਹ ਜੰਗ ਵੱਡੀਆਂ ਤਾਕਤਾਂ ਲਈ ਜਰੂਰ ਲਾਭਕਾਰੀ ਹੋ ਸਕਦੀ ਹੈ ਕਿਉਂਕਿ ਵੱਡੇ ਦੇਸ਼ਾਂ ਨਾਲ ਭਾਰਤ ਵੱਲੋਂ ਟੈਕਸ ਫ੍ਰੀ ਸਮਝੌਤੇ ਕੀਤੇ ਜਾ ਰਹੇ ਹਨ । ਭਾਰਤ ਅਤੇ ਪਾਕਿਸਤਾਨ ਦੇ ਹਾਕਮ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਪਰੇ ਹਟਾਉਣ ਲਈ ਜੰਗ ਲੜਨ ਦਾ ਡਰਾਮਾ ਕਰ ਰਹੇ ਹਨ ਅਤੇ ਜੰਗ ਦੀ ਆੜ ਵਿੱਚ ਲੋਕਾਂ ਉੱਪਰ ਉਹਨਾਂ ਨੂੰ ਲੁੱਟਣ ਵਾਲੀਆਂ ਕਾਰਪੋਰੇਟ ਪੱਖੀ ਮਨ ਮਰਜ਼ੀ ਦੀਆਂ ਨੀਤੀਆਂ ਥੋਪ ਰਹੇ ਹਨ। ਅੱਤਵਾਦ ਜਿਸ ਦਾ ਬਹਾਨਾ ਬਣਾ ਕੇ ਫੌਜੀ ਕਾਰਵਾਈ ਕੀਤੀ ਗਈ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੀ। ਅੱਤਵਾਦ ਦਾ ਖਾਤਮਾ ਕਰਨ ਲਈ ਡਿਪਲੋਮੈਟਿਕ ਅਤੇ ਕੂਟਨੀਤੀ ਦਾ ਤਰੀਕਾ ਅਪਣਾਏ ਜਾਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਜਰਾਈਲ ਅਤੇ ਫਲਸਤੀਨ ਦੀ ਜੰਗ ਤੇ ਦੂਜੇ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ ਦੀਆਂ ਸਾਡੇ ਸਾਹਮਣੇ ਵੱਡੀਆਂ ਉਦਾਹਰਨਾਂ ਹਨ,ਜਿਸ ਵਿੱਚ ਸ਼ਹਿਰਾਂ ਦੇ ਸ਼ਹਿਰ ਖੰਡਰ ਬਣ ਚੁੱਕੇ ਹਨ। ਪ੍ਰੰਤੂ ਅੱਤਵਾਦ ਨਹੀਂ ਖਤਮ ਹੋਇਆ । ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਜੰਗ ਲਾਉਣੀ ਹੈ ਤਾਂ ਨਸ਼ਿਆਂ, ਮਿੱਟੀ, ਪਾਣੀ, ਹਵਾ ਦੇ ਪ੍ਰਦੂਸ਼ਣ, ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਲਾਈ ਜਾਵੇ ਤਾਂ ਕੇ ਸਰਬੱਤ ਦੇ ਭਲੇ ਦਾ ਸਿਧਾਂਤ ਲਾਗੂ ਕੀਤਾ ਜਾ ਸਕੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਜਸਵੀਰ ਸਿੰਘ ਆਕਲੀਆ,ਹਰਵਿੰਦਰ ਸਿੰਘ ਕੋਟਲੀ,ਰਾਜ ਮਹਿੰਦਰ ਸਿੰਘ ਕੋਟਭਾਰਾ,ਬਲਤੇਜ ਸਿੰਘ ਪੂਹਲੀ, ਅਮਰਜੀਤ ਸਿੰਘ ਹਨੀ,ਰੇਸ਼ਮ ਸਿੰਘ ਜੀਦਾ, ਹਰਿੰਦਰ ਕੌਰ ਬਿੰਦੂ,ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ, ਸੁਖਪਾਲ ਸਿੰਘ ਖਿਆਲੀ ਵਾਲਾ ਅਤੇ ਕਾ ਅਮੀ ਲਾਲ ਨੇ ਵੀ ਸੰਬੋਧਨ ਕੀਤਾ।