ਜ਼ਿਲ੍ਹਾ ਵਾਸੀਆਂ ਲਈ ਵਰਦਾਨ ਸਾਬਤ ਹੋਇਆ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ ਸੈਂਟਰ
ਸਿਰਫ਼ 430 ਰੁਪਏ ਵਿੱਚ ਕੀਤਾ ਜਾ ਸਕਦਾ ਹੈ ਹੈਵੀ ਡਰਾਈਵਿੰਗ ਲਾਇਸੈਂਸ ਲਈ 2 ਦਿਨਾਂ ਰਿਫਰੈਸ਼ਰ ਕੋਰਸ
ਰੋਹਿਤ ਗੁਪਤਾ
ਗੁਰਦਾਸਪੁਰ, 13 ਮਾਰਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਦਰ ਮੁਕਾਮ ਵਿਖੇ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ ਸੈਂਟਰ ਵਿਖੇ ਹੈਵੀ ਡਰਾਈਵਿੰਗ ਲਾਇਸੈਂਸ ਹੋਲਡਰਾਂ ਲਈ 2 ਦਿਨਾਂ ਰਿਫਰੈਸ਼ਰ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਇਹ ਕੋਰਸ ਕਰਨ ਜ਼ਿਲ੍ਹੇ ਦੇ ਵਸਨੀਕਾਂ ਨੂੰ ਹੁਸ਼ਿਆਰਪੁਰ ਜਾਂ ਹੋਰ ਦੂਰ ਦੇ ਜ਼ਿਲ੍ਹਿਆਂ ਵਿੱਚ ਜਾਣਾ ਪੈਂਦਾ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ ਵਿਖੇ ਹੈਵੀ ਡਰਾਈਵਿੰਗ ਲਾਇਸੈਂਸ ਲਈ 2 ਦਿਨਾਂ ਰਿਫਰੈਸ਼ਰ ਕੋਰਸ ਕਰਨ ਲਈ ਚਾਹਵਾਨ ਵਿਅਕਤੀ ਸੰਸਥਾ ਦੀ ਵੈੱਬ ਸਾਈਟ www.giads.in 'ਤੇ ਖ਼ੁਦ ਆਪਣੇ ਮੋਬਾਈਲ ਫ਼ੋਨ ਜਾਂ ਕੰਪਿਊਟਰ ਤੋਂ ਆਨ ਲਾਇਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਬਿਨੈਕਾਰ ਨੂੰ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਨ ਉਪਰੰਤ ਇੱਕ ਓ.ਪੀ.ਟੀ. ਆਉਂਦਾ ਹੈ ਅਤੇ ਦੂਸਰੇ ਪੜਾਅ 'ਤੇ ਬਿਨੈਕਾਰ ਵੱਲੋਂ ਸਾਈਟ 'ਤੇ ਰਜਿਸਟਰੇਸ਼ਨ ਪੂਰੀ ਹੋਣ ਦਾ ਮੈਸਜ਼ ਆਨ ਲਾਇਨ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤੀਸਰੇ ਪੜਾਅ ਵਿਚ ਬਿਨੈਕਾਰ ਵੱਲੋਂ ਫਾਰਮ ਵਿਚ ਭਰੀ ਗਈ ਡਿਟੇਲਜ਼ ਦਾ ਮਿਲਾਣ ਉਸ ਵੱਲੋਂ ਭੇਜੇ ਗਏ ਆਧਾਰ ਕਾਰਡ ਅਤੇ ਲਾਇਸੈਂਸ ਨਾਲ ਕੀਤਾ ਜਾਂਦਾ ਹੈ ਅਤੇ ਸਹੀ ਪਾਏ ਜਾਣ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ 430/- ਰੁਪਏ ਦੀ ਰਕਮ ਅਦਾ ਕਰਨ ਦਾ ਮੈਸੇਜ ਵੀ ਜਾਂਦਾ ਹੈ। ਚੌਥੇ ਪੜਾਅ ਵਿਚ ਬਿਨੈਕਾਰ ਵੱਲੋਂ ਜਮਾ ਕਰਵਾਈ ਗਈ ਫ਼ੀਸ ਦਾ ਵੀ ਮੈਸੇਜ ਉਸ ਦੇ ਰਜਿਸਟਰ ਹੋਏ ਮੋਬਾਈਲ ਨੰਬਰ ਤੇ ਜਾਂਦਾ ਹੈ ਅਤੇ ਉਸ ਨੂੰ ਸੈਂਟਰ ਵੱਲੋਂ ਮੌਕੇ 'ਤੇ ਰਸੀਦ ਵੀ ਦਿੱਤੀ ਜਾਂਦੀ ਹੈ। ਅੰਤਿਮ ਪੜਾਅ ਵਿਚ ਉਸ ਬਿਨੈਕਾਰ ਨੂੰ ਇਸ ਸੈਂਟਰ ਵੱਲੋਂ ਰਿਫਰੈਸ਼ਰ ਕੋਰਸ ਦੀ ਮਿਤੀ ਤੇ ਸਮੇਂ ਦਾ ਮੈਸੇਜ ਵੀ ਆਨ ਲਾਇਨ ਹੀ ਉਸ ਦੇ ਰਜਿਸਟਰ ਮੋਬਾਈਲ ਨੰਬਰ 'ਤੇ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰੀਕ੍ਰਿਆ ਬਹੁਤ ਹੀ ਸਰਲ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਦੋ ਦਿਨਾਂ ਦੇ ਰਿਫਰੈਸ਼ਰ ਕੋਰਸ ਦੌਰਾਨ ਚਾਹਵਾਨ ਵਿਅਕਤੀਆਂ ਨੂੰ ਟਰੈਫ਼ਿਕ ਰੂਲਜ਼ ਅਤੇ ਸੜਕਾਂ ਤੇ ਲੱਗੇ ਟਰੈਫ਼ਿਕ ਸਾਈਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਦੇ ਚਾਹਵਾਨ ਵਿਅਕਤੀ ਖ਼ੁਦ ਅਪਲਾਈ ਕਰਕੇ ਸਿਰਫ਼ 430 ਰੁਪਏ ਵਿੱਚ ਇਹ ਕੋਰਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕੋਰਸ ਵਿੱਚ ਅਪਲਾਈ ਕਰਨ ਲਈ ਕਿਸੇ ਵੀ ਦਲਾਲ ਦੇ ਚੱਕਰ ਵਿੱਚ ਨਾ ਫਸਿਆ ਜਾਵੇ ਅਤੇ ਨਾ ਹੀ ਕਿਸੇ ਨੂੰ ਬਾਹਰ ਪੈਸੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਅਤੇ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ ਸੈਂਟਰ ਦੇ ਸੰਚਾਲਕ ਰਾਜੀਵ ਨਾਲ ਰਾਬਤਾ ਕੀਤਾ ਜਾ ਸਕਦਾ ਹੈ।