ਬਠਿੰਡਾ: ਲੁਟੇਰਿਆਂ ਨੇ ਕਾਰ ਸਵਾਰ ਪਤੀ ਪਤਨੀ ਤੋਂ ਲੁੱਟੇ 26 ਤੋਲੇ ਸੋਨੇ ਦੇ ਗਹਿਣੇ
ਦੋਸ਼ੀਆਂ ਨੂੰ ਜਲਦੀ ਕਾਬੂ : ਐਸਐਸਪੀ
ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2025 : ਬਠਿੰਡਾ ਜ਼ਿਲ੍ਹੇ ਵਿੱਚ ਗੁਨਿਆਣਾ ਜੈਤੋ ਮੁੱਖ ਸੜਕ ਤੇ ਲੁਟੇਰਿਆਂ ਵੱਲੋਂ ਬੀਤੀ ਦੇਉ ਰਾਤ ਕਾਰ ਸਵਾਰ ਪਤੀ ਪਤਨੀ ਤੋਂ ਤਕਰੀਬਨ 26 ਤੋਲੇ ਸੋਨੇ ਦੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹ ਵਾਰਦਾਤ ਥਾਣਾ ਨੇਹੀਆਂ ਵਾਲਾ ਪੁਲਿਸ ਦੇ ਇਲਾਕੇ ਵਿੱਚ ਹੋਈ ਹੈ । ਬਠਿੰਡਾ ਦੇ ਸੀਆਈਏ ਸਟਾਫ ਅਤੇ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਤਫਤੀਸ਼ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਹਾਲੇ ਤੱਕ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਇਹ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਕਾਰ ਦੇ ਨੰਬਰ ਦੀ ਪਹਚਾਣ ਕਰ ਲਈ ਹੈ ਅਤੇ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਲੁੱਟੇ ਗਏ ਗਹਿਣਿਆਂ ਦੀ ਕੀਮਤ ਤਕਰੀਬਨ 20 ਲੱਖ ਰੁਪਏ ਬਣਦੀ ਹੈ ਜਿਸ ਨੂੰ ਲੈ ਕੇ ਪੀੜਤ ਪਰਿਵਾਰ ਵਿੱਚ ਅਤਿਅੰਤ ਦੁੱਖ ਵਾਲਾ ਮਾਹੌਲ ਬਣਿਆ ਹੋਇਆ ਹੈ। ਇਹ ਘਟਨਾ ਪੀੜਤ ਰਜਿੰਦਰ ਕੌਰ ਪਤਨੀ ਸਾਹਿਬ ਸਿੰਘ ਵਾਸੀ ਪਿੰਡ ਚੱਕ ਬਖਤੂ ਨਾਲ ਵਾਪਰੀ ਹੈ ਜੋ ਅੱਜ ਕੱਲ੍ਹ ਆਸਟਰੇਲੀਆ ਵਿਖੇ ਰਹਿ ਰਹੇ ਹਨ।
ਪੀੜਤ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਨੇੜਲੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਜਾਗੋ ਪ੍ਰੋਗਰਾਮ ਤੋਂ ਵਾਪਸ ਆਪਣੇ ਪਿੰਡ ਚੱਕ ਬਖਤੂ ਵਾਲਾ ਵਿਖੇ ਜਾ ਰਹੇ ਸਨ। ਜਦੋਂ ਉਹ ਕਰੀਬ ਰਾਤ 12.15ਵਜੇ ਜੈਤੋ ਰੋਡ ਤੋਂ ਪੈਟਰੋਲ ਪੰਪ ਲੰਘੇ ਤਾਂ ਉਹਨਾਂ ਦੇ ਲੜਕੇ ਨੂੰ ਉਲਟੀ ਆਉਣ ਵਰਗਾ ਮਹਿਸੂਸ ਹੋਇਆ। ਇਸੇ ਦੌਰਾਨ ਜਦੋਂ ਉਹਨਾਂ ਨੇ ਕਾਰ ਰੋਕੀ ਤਾਂ ਪਿੱਛੋਂ ਆ ਰਹੀ ਆਰਟੀਗਾ ਕਾਰ ਤੇ ਸਵਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਆਪਣੀ ਕਾਰ ਉਨ੍ਹਾਂ ਦੀ ਗੱਡੀ ਅੱਗੇ ਲਗਾ ਲਈ। ਉਨਾਂ ਦੱਸਿਆ ਕਿ ਲੁਟੇਰਿਆਂ ਵਿੱਚ ਸ਼ਾਮਿਲ 3 ਨੌਜਵਾਨਾਂ ਨੇ ਰਿਵਾਲਵਰ ਅਤੇ ਬਾਕੀਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਸੋਨੇ ਦੇ ਗਹਿਣੇ ਉਤਾਰਨ ਲਈ ਕਿਹਾ। ਉਹਨਾਂ ਦੱਸਿਆ ਕਿ ਜਦੋਂ ਵਿਰੋਧ ਕੀਤਾ ਤਾਂ ਉਹਨਾਂ ਨੇ ਉਸਦੇ ਪਤੀ ਦੇ ਮੱਥੇ ਵਿੱਚ ਰਿਵਾਲਵਰ ਦੇ ਬੱਟ ਮਾਰੇ। ਉਨ੍ਹਾਂ ਦੱਸਿਆ ਕਿ ਇਸ ਨੌ ਦੌਰਾਨ ਨੌਜਵਾਨ ਉਹਨਾਂ ਨੂੰ ਕੁੱਟਣ ਲੱਗ ਪਏ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮੌਕੇ ਲੁਟੇਰੇ ਉਹਨਾਂ ਕੋਲੋਂ ਸੋਨੇ ਦੇ ਗਹਿਣੇ ਖੋਹ ਕੇ ਫਰਾਰ ਹੋ ਗਏ।
ਲੁਟੇਰੇ ਜਲਦੀ ਕਾਬੂ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਲੁੱਟ ਦੀ ਇਸ ਵਾਰਦਾਤ ਸਬੰਧੀ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਲਗਾਤਾਰ ਲੁਟੇਰਿਆਂ ਦੀ ਭਾਲ ਵਿੱਚ ਜੁਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਲੁੱਟ ਦੀ ਇਸ ਵਾਰਦਾਤ ਲਈ ਵਰਤੀ ਕਾਰ ਦੇ ਨੰਬਰ ਬਾਰੇ ਵੀ ਜਾਣਕਾਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿਇਸ ਵਾਰਦਾਤ ਦੀ ਪੜਤਾਲ ਲਈ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ।